ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 22 ਮਾਰਚ 2019 - ਇੱਥੇ ਅੰਮ੍ਰਿਤਸਰ ਦੇ ਯੋਜਨਾਬੱਧ ਵਿਕਾਸ ਅਤੇ ਦੇਸ਼ ਵਿਦੇਸ਼ ਲਈ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਲਈ ਕਾਰਜਸ਼ੀਲ ਸਮਾਜਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੀ ਟੀਮ ਅੱਜ ਅੰਮ੍ਰਿਤਸਰ ਪੁੱਜੇ ਯੂਕੇ ਸੇਵਾ ਟਰੱਸਟ ਦੇ ਸੰਸਥਾਪਕ ਅਤੇ ਚੇਅਰਮੈਨ ਚਰਨਕੰਵਲ ਸਿੰਘ ਸੇਖੋਂ ਨੂੰ ਮਿਲੀ ਅਤੇ ਸਿੱਧੀਆਂ ਉਡਾਣਾਂ ਲਈ ਮਿਲ ਕੇ ਉਪਰਾਲੇ ਕਰਨ ਦਾ ਫੈਸਲਾ ਲਿਆ।
ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿੱਚ ਹੋਈ ਮੁਲਾਕਾਤ ਦੌਰਾਨ ਲੰਦਨ ਹੀਥਰੋ-ਅੰਮ੍ਰਿਤਸਰ ਅਤੇ ਟੋਰਾਂਟੋ, ਵੈਨਕੂਅਰ-ਅੰਮ੍ਰਿਤਸਰ ਦੀਆਂ ਸਿੱਧੀਆਂ ਉਡਾਣਾਂ ਬਾਰੇ ਚਰਚਾ ਹੋਈ। ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਮੌਜੂਦ ਰਹੇ। ਮੰਚ ਦੇ ਜਨਰਲ ਸਕੱਤਰ ਮਨਜੀਤ ਸਿੰਘ ਸੈਣੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਸ੍ਰੀ ਗੁਰੂ ਰਾਮ ਦਾਸ ਏਅਰਪੋਰਟ ਲਈ ਕਈ ਮੁਲਕਾਂ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਹੋ ਚੁੱਕੀਆਂ ਹਨ।
ਸੇਵਾ ਟਰੱਸਟ ਦੇ ਚੇਅਰਮੈਨ ਚਰਨਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਪਿਛਲੇ ਸਾਲ ਬ੍ਰਿਟਿਸ਼ ਪਾਰਲੀਮੈਂਟ ਵਿੱਚ ਤਨਮਨਜੀਤ ਸਿੰਘ ਢੇਸੀ ਮੈਂਬਰ ਪਾਰਲੀਮੈਂਟ ਦੇ ਸਹਿਯੋਗ ਨਾਲ ਲੰਦਨ-ਅੰਮ੍ਰਿਤਸਰ ਸਿੱਧੀਆਂ ਉਡਾਣਾਂ ਸਬੰਧੀ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਅੰਮ੍ਰਿਤਸਰ ਵਿਕਾਸ ਮੰਚ ਨੇ ਸ਼ਮੂਲੀਅਤ ਕੀਤੀ ਸੀ। ਚੇਅਰਮੈਨ ਸੇਖੋਂ ਨੇ ਕਿਹਾ ਕਿ ਅੰਮ੍ਰਿਤਸਰ ਦਾ ਇਹ ਵਿਸ਼ੇਸ਼ ਦੌਰਾ ਵੀ ਇਸ ਮੁਹਿੰਮ ਦਾ ਹਿੱਸਾ ਹੈ। ਮੰਚ ਵੱਲੋਂ ਪ੍ਰਧਾਨ ਪ੍ਰੋ. ਮੋਹਣ ਸਿੰਘ, ਸਰਪ੍ਰਸਤ ਚਰਨਜੀਤ ਸਿੰਘ ਗੁਮਟਾਲਾ, ਦਲਜੀਤ ਸਿੰਘ ਕੋਹਲੀ, ਕੁਲਵੰਤ ਸਿੰਘ ਅਣਖੀ, ਜਨਰਲ ਸਕੱਤਰ ਮਨਜੀਤ ਸਿੰਘ ਸੈਣੀ ਤੇ ਮੈਂਬਰ ਮਾਈਕਲ ਵੀ ਇਸ ਚਰਚਾ ਵਿੱਚ ਸ਼ਾਮਲ ਸਨ।