ਪੰਜਾਬ ਅੰਦਰ ਭਾਜਪਾ ਵੱਲੋਂ ਉਤਾਰੇ ਜਾਣ ਵਾਲੇ ਸੰਭਾਵੀ ਉਮੀਦਵਾਰ ।
ਜਗਦੀਸ਼ ਥਿੰਦ
ਫਾਜ਼ਿਲਕਾ 22ਮਾਰਚ ਆਗਾਮੀ ਲੋਕ ਸਭਾ ਚੋਣਾਂ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਲਈ ਸਾਰੀਆਂ ਹੀ ਸਿਆਸੀ ਪਾਰਟੀਆਂ ਫੂਕ - ਫੂਕ ਕੇ ਕਦਮ ਧਰ ਰਹੀਆਂ ਪ੍ਰਤੀਤ ਹੋ ਰਹੀਆਂ ਹਨ । ਲੋਕ ਸਭਾ ਹਲਕਾ ਗੁਰਦਾਸਪੁਰ ਨੂੰ ਭਾਜਪਾ ਹਮੇਸ਼ਾਂ ਤੋਂ ਆਪਣਾ ਹਲਕਾ ਬਣਦੀ ਆਈ ਹੈ ਪਰ ਉਪ ਚੋਣ ਵਿੱਚ ਭਾਜਪਾ ਹੱਥੋਂ ਖੁੱਸ ਗਈ ਇਸ ਸੀਟ ਨੂੰ ਦੁਬਾਰਾ ਹਾਸਲ ਕਰਨ ਤੇ ਭਾਜਪਾ ਦੇ ਸਿਆਸੀ ਪੰਡਤਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ । ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਸੁਨੀਲ ਕੁਮਾਰ ਜਾਖੜ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕੋਲੋਂ ਸੀਟ ਹਥਿਆਉਣ ਲਈ ਭਾਰਤੀ ਜਨਤਾ ਪਾਰਟੀ ਵੱਡਾ ਫੈਸਲਾ ਲੈ ਸਕਦੀ ਹੈ । ਆਲਾ ਮਿਆਰੀ ਸੂਤਰਾਂ ਅਨੁਸਾਰ ਇਸ ਲੋਕ ਸਭਾ ਹਲਕੇ ਤੋਂ ਮਰਹੂਮ ਮੈਂਬਰ ਪਾਰਲੀਮੈਂਟ ਵਿਨੋਦ ਖੰਨਾ ਦੇ ਸਟਾਰ ਪੁੱਤਰ ਅਕਸ਼ੈ ਖੰਨਾ ਜਾਂ ਅਕਸ਼ੈ ਕੁਮਾਰ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਉਤਾਰਨ ਦੀ ਤਿਆਰੀ ਹੈ । ਅਕਸ਼ੈ ਕੁਮਾਰ ਦੀ ਕੇਸਰੀ ਫਿਲਮ ਤੈਅ ਸਮੇਂ ਤੋਂ ਇੱਕ ਮਹੀਨਾ ਪਹਿਲਾਂ ਰਿਲੀਜ਼ ਕਰਨ ਨੂੰ ਵੀ ਲੋਕ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ । ਭਾਜਪਾ ਲਈ ਵੱਕਾਰ ਦਾ ਸਵਾਲ ਬਣ ਚੁੱਕੀ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਸੀਟ ਉੱਪਰ ਵੀ ਕਾਂਗਰਸ ਪਾਰਟੀ ਨੂੰ ਸ਼ਿਕਸਤ ਦੇਣ ਲਈ ਫਿਲਮ ਸਟਾਰ ਸੰਨੀ ਦਿਓਲ , ਕੰਬੋਜ ਭਾਈਚਾਰੇ ਦੇ ਆਗੂ ਛਿੰਦਰਪਾਲ ਸਿੰਘ ਬੌਬੀ , ਜਾਂ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਭੱਜੀ ਨੂੰ ਉਤਾਰੇ ਜਾਣ ਸਬੰਧੀ ਚਰਚਾ ਹੋ ਰਹੀ ਹੈ । ਸੂਤਰਾਂ ਅਨੁਸਾਰ ਸੰਨੀ ਦਿਓਲ ਨੇ ਚਾਹੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਚੋਣ ਲੜਨ ਲਈ ਹਾਮੀ ਭਰੀ ਸੀ ਪਰ ਭਾਜਪਾ ਦੇ ਥਿੰਕ ਟੈਂਕ ਸੰਨੀ ਦਿਓਲ ਦੀ ਸ਼ਖ਼ਸੀਅਤ ਨੂੰ ਅੰਮ੍ਰਿਤਸਰ ਲਈ ਯੋਗ ਮੰਨ ਕੇ ਚੱਲ ਰਹੀ ਹੈ । ਚੰਡੀਗੜ੍ਹ ਸਥਿਤ ਭਾਜਪਾ ਦੇ ਦਫਤਰ ਵਿੱਚ ਹੋਈ ਬੈਠਕ ਵਿੱਚ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਦਾਅਵੇਦਾਰੀ ਪੇਸ਼ ਕਰਨ ਵਾਲੇ ਸ਼ਿੰਦਰਪਾਲ ਸਿੰਘ ਬੌਬੀ ਕੰਬੋਜ ਨੇ ਪੱਖ ਪੇਸ਼ ਕੀਤਾ ਹੈ ਕਿ ਉਹ ਪੰਜਾਬ ਅੰਦਰ ਵੱਸੇ 55 ਪ੍ਰਤੀਸ਼ਤ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ । ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਦੇ ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ ਦੀ ਸੰਸਥਾ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਇੱਕ ਮੁਹਿੰਮ ਛੇੜ ਰੱਖੀ ਹੈ । ਜਿਸ ਤਹਿਤ ਭਾਜਪਾ ਸਰਕਾਰ ਵੱਲੋਂ ਜੱਲ੍ਹਿਆਂਵਾਲਾ ਬਾਗ਼ ਅੰਮ੍ਰਿਤਸਰ ਵਿਖੇ ਸ਼ਹੀਦ ਊਧਮ ਸਿੰਘ ਦਾ ਆਦਮ ਕੱਦ ਬੁੱਤ ਲਗਾਇਆ ਗਿਆ , ਜਿਸ ਦਾ ਉਦਘਾਟਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੀਤਾ ।
ਇਸ ਦੌਰਾਨ 13 ਅਪ੍ਰੈਲ 1919 ਨੂੰ ਜੱਲ੍ਹਿਆਂਵਾਲਾ ਬਾਗ਼ ਵਿੱਚ ਨਿਹੱਥੇ ਸੈਂਕੜੇ ਬੇਦੋਸ਼ੇ ਭਾਰਤੀਆਂ ਦੀ ਬਰਤਾਨੀਆ ਸੈਨਾ ਦੀ ਨਿੰਦਣਯੋਗ ਕਾਰਵਾਈ ਪ੍ਰਤੀ ਬਰਤਾਨੀਆ ਸਰਕਾਰ ਕੋਲੋਂ ਮੁਆਫ਼ੀ ਮੰਗਾਉਣ ਲਈ ਦੁਨੀਆਂ ਭਰ ਵਿੱਚ ਅੰਦੋਲਨ ਜਾਰੀ ਹੈ । ਮੁਹਾਲੀ ਨਗਰ ਨਿਗਮ ਦੇ ਕੌਂਸਲਰ ਬੌਬੀ ਕੰਬੋਜ ਜੋ ਭਾਜਪਾ ਬੀ ਸੀ ਵਿੰਗ ਪੰਜਾਬ ਦੇ ਪ੍ਰਧਾਨ ਵੀ ਰਹੇ ਹਨ । ਉਹ ਬੀ ਸੀ ਕੌਂਸਲ ਦੇ ਮੈਂਬਰ ਅਤੇ ਭਾਜਪਾ ਯੁਵਾ ਮੋਰਚਾ ਦੇ ਸੀਨੀਅਰ ਵਾਇਸ ਪ੍ਰਧਾਨ ਅਹੁਦੇ ਤੇ ਵੀ ਕੰਮ ਕਰ ਚੁੱਕੇ ਹਨ । ਜਨਸੰਘ ਵਿੱਚ ਲੰਬਾ ਸਮਾਂ ਕੰਮ ਕਰਨ ਵਾਲੇ ਆਗੂ ਚੌਧਰੀ ਦੌਲਤ ਰਾਮ ਕੰਬੋਜ ਦੇ ਪੁੱਤਰ ਸ਼ਿੰਦਰਪਾਲ ਸਿੰਘ ਬੌਬੀ ਕੰਬੋਜ ਦਾ ਇਸ ਸਬੰਧੀ ਕਹਿਣਾ ਹੈ ਕਿ ਜੇਕਰ ਪਾਰਟੀ ਉਸ ਨੂੰ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਚੋਣ ਲੜਾਉਣ ਦਾ ਫੈਸਲਾ ਲੈਂਦੀ ਹੈ ਤਾਂ ਉਹ ਵੱਡੇ ਫ਼ਰਕ ਨਾਲ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ । ਇਸ ਸਬੰਧੀ ਇੱਕ ਹੋਰ ਕੰਬੋਜ ਸਿੱਖ ਆਗੂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਲੋਕ ਸਭਾ ਹਲਕੇ ਅੰਦਰ 110 ਪਿੰਡਾਂ ਅਤੇ ਅੰਮ੍ਰਿਤਸਰ ਸ਼ਹਿਰ ਅੰਦਰ ਫ਼ੈਸਲਾਕੁੰਨ ਕੰਬੋਜ ਵੋਟਰਾਂ ਦੀ ਵਸੋਂ ਹੈ । ਇਸ ਆਗੂ ਨੇ ਇਹ ਵੀ ਦਾਅਵਾ ਕੀਤਾ ਜੇਕਰ ਭਾਜਪਾ ਕੰਬੋਜ ਭਾਈਚਾਰੇ ਨੂੰ ਚੋਣ ਮੈਦਾਨ ਵਿੱਚ ਉਤਾਰਦੀ ਹੈ ਤਾਂ ਇਸ ਦਾ ਪੂਰੇ ਭਾਰਤਵਰਸ਼ ਵਿੱਚ ਸਾਕਾਰਾਤਮਕ ਸੰਦੇਸ਼ ਜਾਵੇਗਾ ।