ਮਾਨਸਾ 22 ਮਾਰਚ 2019: “ਕਰਜੇ ਦੇ ਬੋਝ ਹੇਠ ਨੱਕੋ ਨੱਕ ਡੁੱਬੇ ਪੰਜਾਬ ਦੇ ਕਿਸਾਨਾਂ ਨੂੰ ਨਿੱਜੀ ਸੂਦਖੋਰਾਂ (ਆੜ੍ਹਤੀਆਂ) ਦੇ ਮਕੜ-ਜਾਲ ਚੋਂ ਕੱਢਣ ਲਈ ਪੰਜਾਬ ਸਰਕਾਰ ਫੌਰੀ ਕਿਸਾਨ ਪੱਖੀ ਯੱਕਮੁਸ਼ਤ ਕਰਜਾ ਨਬੇੜੂ ਕਾਨੂੰਨ ਬਣਾਵੇ, ਜਿਸਦਾ ਖਰੜਾ ਬਾਦਲ ਸਰਕਾਰ ਵੇਲੇ ਤੋਂ ਫਾਈਲਾਂ ਦੇ ਬੋਝ ਹੇਠ ਦਬਿਆ ਪਿਆ ਧੂੜਾਂ ਫੱਕ ਰਿਹਾ ਹੈ ਅਤੇ ਜਿਸ ਬਾਰੇ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਉਹ ਗੱਦੀ ਸੰਭਾਲਦੇ ਹੀ ਲੈ ਕੇ ਆਉਣਗੇ। ਕੈਪਟਨ ਸਾਹਿਬ ਦੀ ਸਰਕਾਰ ਦੇ ਦੋ ਸਾਲ ਪੂਰੇ ਹੋ ਚੁੱਕੇ ਹਨ ਪਰ ਅੱਜ ਵੀ ਹਜਾਰਾਂ ਕਿਸਾਨ ਨਜਬੂਰਨ ਦਿੱਤੇ ਖਾਲੀ ਚੈੱਕਾਂ, ਖਾਲੀ ਪਰੋਨੋਟਾਂ, ਇਕਰਾਰਨਾਮਿਆਂ ਅਤੇ ਰਹਿਣਨਾਮਿਆਂ ਦੇ ਕੇਸ ਭੁਗਤਣ ਲਈ ਰੋਜਾਨਾਂ ਕੋਰਟਾਂ ਕਚਹਿਰੀਆਂ 'ਚ ਧੱਕੇ ਖਾ ਰਹੇ ਹਨ ਅਤੇ ਜਮੀਨਾਂ ਦੀਆਂ ਕੋਰਟਾਂ ਰਾਹੀਂ ਰਜਿਸਟਰੀਆਂ, ਕੁਰਕੀਆਂ ਅਤੇ ਬੋਲੀਆਂ ਬਾ-ਦਸਤੂਰ ਜਾਰੀ ਹਨ”।
ਅੱਜ ਮਾਨਸਾ ਵਿਖੇ ਪ੍ਰੈਸ ਦੇ ਨਾਂਅ ਉਪਰੋਕਤ ਬਿਆਨ ਜਾਰੀ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਆਗੂਆਂ ਡਾ: ਦਰਸ਼ਨ ਪਾਲ, ਅਵਤਾਰ ਸਿੰਘ ਮਹਿਮਾਂ, ਰੇਸ਼ਮ ਸਿੰਘ ਮਿੱਡਾ, ਗੁਰਮੀਤ ਸਿੰਘ ਮਹਿਮਾਂ ਗੁਰਦੀਪ ਸਿੰਘ ਵੈਰੋਕੇ, ਸੂਬਾ ਖਜਾਨਚੀ ਅਤੇ ਮਾਨਸਾ ਜਿਲ੍ਹੇ ਦੇ ਆਗੂਆਂ ਭਜਨ ਸਿੰਘ ਘੁੰਮਣ ਕਲਾਂ, ਜੁਗਰਾਜ ਸਿੰਘ ਗੋਰਖਨਾਥ ਅਤੇ ਕੇਵਲ ਸਿੰਘ ਅਕਲੀਆ ਨੇ ਅੱਗੇ ਕਿਹਾ ਕਿ ਇਹ ਆੜ੍ਹਤੀਆਂ ਦਾ ਕਰਜਾ ਹੀ ਹੈ ਜਿਸ ਕਰਕੇ ਸਭ ਤੋਂ ਵੱਧ ਕਿਸਾਨ ਖੁਦਕੁੱਸ਼ੀਆਂ ਕਰ ਰਹੇ ਹਨ। ਉਹਨਾਂ ਕਿਹਾ ਕਿ ਮੰਡੀ ਵਿੱਚ ਫ਼ਸਲ ਵਿਕਣ ਸਾਰ ਫਸਲ ਦੀ ਪੂਰੀ ਰਕਮ ਕਿਸਾਨ ਦੇ ਬੈਂਕ ਖਾਤੇ 'ਚ ਸਿੱਧੀ ਜਮ੍ਹਾਂ ਕਰਵਾਉਣ ਦੀ ਖਰੀਦ ਏਜੰਸੀ ਦੀ ਜ਼ਿੰਮੇਵਾਰੀ ਲਗਾਈ ਜਾਵੇ। ਜਿਣਸ ਨੂੰ ਖਰੀਦਣ, ਸਾਂਭਣ, ਢੋਆ-ਢੁਆਈ ਅਤੇ ਭੰਡਾਰਨ ਦੀ ਜ਼ਿੰਮੇਵਾਰੀ ਵੀ ਖਰੀਦ ਏਜੰਸੀਆਂ ਨੂੰ ਹੀ ਨਿਭਾਉਣੀ ਚਾਹੀਦੀ ਹੈ।
ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਕਰਜੇ 'ਚ ਮੁੜ ਫ਼ਸਣ ਤੋਂ ਬਚਾਉਣ ਲਈ ਸੂਬਾ ਅਤੇ ਕੇਂਦਰ ਸਰਕਾਰਾਂ, ਬੈਂਕ ਅਤੇ ਵਿੱਤੀ ਸੰਸਥਾਵਾਂ ਜਿਥੇ ਕਿਸਾਨਾਂ ਨੂੰ ਲੰਮੀ ਮਿਆਦ ਦੇ, ਵੱਡੀਆਂ ਲਿਮਿਟਾਂ ਵਾਲੇ ਕਰਜੇ 1% ਤੋਂ 4% ਸਧਾਰਣ ਵਿਆਜ 'ਤੇ ਮੁਹੱਈਆ ਕਰਵਾਉਣ ਉਥੇ ਸਾਰੇ ਕਿਸਾਨਾਂ ਦੇ ਸਾਰੇ ਕਰਜਿਆਂ 'ਤੇ ਲੀਕ ਮਾਰਨ ਦੇ ਨਾਲ ਨਾਲ ਇੱਕ ਕਿਸਾਨ ਪੱਖੀ ਕਰਜਾ ਕਾਨੂੰਨ ਫੌਰੀ ਤੌਰ 'ਤੇ ਬਣਾਇਆ ਜਾਵੇ ਜਿਸ ਵਿੱਚ ਸਰਕਾਰ ਵੱਲੋਂ ਤਹਿ ਕੀਤੇ ਵਿਆਜ ਨਾਲੋਂ ਵੱਧ ਵਿਆਜ ਲਾਉਣਾ, ਮੂਲਧਨ ਨਾਲੋਂ ਵੱਧ ਵਿਆਜ ਲੈਣਾ, ਵਿਆਜ ਪੜ ਵਿਆਜ ਲੈਣਾ ਜਾਂ ਕਰਜੇ ਬਦਲੇ ਜਮੀਨ -ਜਾਇਦਾਦ ਜਾਂ ਖੇਤੀ ਮਸ਼ੀਨਰੀ ਦੀ ਕੁਰਕੀ ਬੋਲੀ ਕਰਾਉਣਾਂ ਕਾਨੂੰਨੀ ਤੌਰ 'ਤੇ ਜੁਰਮ ਹੋਵੇ।
ਅੰਤ ਵਿੱਚ ਆਗੂਆਂ ਨੇ ਮਾਨਸਾ ਜਿਲ੍ਹੇ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ 23 ਮਾਰਚ ਦੇ ਸ਼ਹੀਦਾ, ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਕ੍ਰਾਂਤੀਕਾਰੀ ਸ਼ਰਧਾਂਜਲੀ ਭੇਂਟ ਕਰਨ ਲਈ ਅਤੇ ਕ੍ਰਾਂਤੀਕਾਰੀ ਕਿਸਾਨ ਕਰਜਾ ਮੁਕਤੀ ਕਾਨਫਰੰਸ ਅਤੇ ਰੋਸ ਮਾਰਚ 'ਚ ਸ਼ਾਮਲ ਹੋਣ ਲਈ, ਮਾਲ ਗੁਦਾਮ, ਰੇਲਵੇ ਸਟੇਸ਼ਨ ਮਾਨਸਾ ਵਿਖੇ ਦਿਨ ਸ਼ਨਿਚਰਵਾਰ ਨੂੰ ਸਵੇਰੇ 11.00 ਵਜੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ।