ਐਮਡੀਯੂ ਰੋਹਤਕ ਵਿਖੇ ਹੋਈ ਤਾਈਕਵਾਂਡੋ ਦੀ ਸਰਵ ਭਾਰਤੀ ਅੰਤਰ ਯੂਨੀਵਰਸਿਟੀ ਚੈਂਪੀਅਨਸ਼ਿਪ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੀਆਂ ਖਿਡਾਰਨਾ।
ਚੰਡੀਗੜ੍ਹ 22 ਮਾਰਚ 2019: ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਵਿਦਿਆਰਥੀਆਂ ਵੱਲੋਂ ਆਪਣਾ ਸਰਵਪੱਖੀ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਕੌਮੀ ਪੱਧਰ 'ਤੇ ਆਪਣਾ ਦਬਦਬਾ ਕਾਇਮ ਕੀਤਾ ਹੋਇਆ ਹੈ, ਉਸੇ ਲੜੀ ਤਹਿਤ ਐਮਡੀਯੂ ਰੋਹਤਕ ਵਿਖੇ ਹੋਈ ਐਸੋਸੀਏਸ਼ਨ ਆੱਫ ਇੰਡੀਅਨ ਯੂਨੀਵਰਸਿਟੀਸ ਵੱਲੋਂ ਕਰਵਾਈ ਗਈ ਤਾਈਕਵਾਂਡੋ ਦੀ ਸਰਵ ਭਾਰਤੀ ਅੰਤਰ ਯੂਨੀਵਰਸਿਟੀ ਚੈਂਪੀਅਨਸ਼ਿਪ ਦੌਰਾਨ ਵੱਖ ਵੱਖ ਭਾਰ ਵਰਗਾਂ ਵਿੱਚ ਹਿੱਸਾ ਲੈਂਦੇ ਹੋਏ ਆਪਣੀ ਯੂਨੀਵਰਸਿਟੀ ਲਈ ਤਗਮੇ ਜਿੱਤ ਕੇ ਨਾਮਣਾ ਖੱਟਿਆ ਗਿਆ ਹੈ। ਜਿਸ ਵਿੱਚ ਮੁੰਡਿਆਂ ਵੱਲੋਂ ਹਿੱਸਾ ਲੈਂਦੇ ਹੋਏ ਖਿਡਾਰੀ ਰਾਜਕੁਮਾਰ ਨੇ ਕਾਂਸੇ ਦਾ ਤਗਮਾ ਜਿੱਤਿਆ, ਜਦਕਿ ਕੁੜੀਆਂ ਦੇ ਮੁਕਾਬਲੇ ਵਿੱਚ ਪੂਜਾ ਵੱਲੋਂ ਚਾਦੀ ਦਾ ਅਤੇ ਖੂਸ਼ਬੂ ਯਾਦਵ, ਹਰਜਿੰਦਰ ਕੌਰ ਅਤੇ ਰਕਸ਼ਾ ਗੋਸਵਾਮੀ ਵੱਲੋਂ ਤਿੰਨ ਕਾਂਸੇ ਦੇ ਤਗਮਿਆਂ 'ਤੇ ਆਪਣਾ ਨਾਮ ਲਿਖਿਆ ਗਿਆ।
ਖਿਡਾਰਨ ਪੂਜਾ ਨੇ ੪੯ ਕਿਲੋ ਤੋਂ ਘੱਟ ਭਾਰ ਵਰਗ ਵਾਲੇ ਕੁੜੀਆਂ ਦੇ ਲੜਾਕੂ ਮੁਕਾਬਲੇ ਕਿਰੋਗੀ ਵਿੱਚ ਇਹ ਮਾਣ ਹਾਸਿਲ ਕੀਤਾ ਜਿਸ ਦੌਰਾਨ ਉਸ ਵੱਲੋਂ ੧੭-੪ ਦੇ ਪੁਆਇੰਟਾਂ ਦੇ ਫਰਕ ਨਾਲ ਜੋਧਪੁਰ ਯੂਨੀਵਰਸਿਟੀ, ੧੫-੧੧ ਦੇ ਅੰਤਰ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ, ਯੂਨੀਵਰਸਿਟੀ ਆੱਫ ਦਿੱਲੀ ਨੁੰ ੧੭-੭ ਦੇ ਅੰਤਰ ਨਾਲ ਹਰਾਇਆ ਗਿਆ। ਇਨ੍ਹਾਂ ਮੁਕਾਬਿਲਆਂ ਦੌਰਾਨ ਮੁੰਡਿਆਂ ਦੇ ਮੁਕਾਬਲੇ 'ਚ ਖਿਡਾਰੀ ਰਾਜਕੁਮਾਰ ਨੇ ੭੪ ਕਿਲੋ ਤੋਂ ਘੱਟ ਭਾਰ ਵਰਗ ੧੩-੯ ਦੇ ਅੰਤਰ ਨਾਲ ਆਰਾ ਯੂਨੀਵਰਸਿਟੀ ਬਿਹਾਰ, ੨੦-੧੬ ਨਾਲ ਕੇਰਲਾ ਯੂਨੀਵਰਸਿਟੀ, ੧੭-੯ ਨਾਲ ਗੁਰੁ ਕਾਸ਼ੀ ਯੂਨੀਵਰਸਿਟੀ ਬਠਿੰਡਾ ਅਤੇ ੧੨-੭ ਨਾਲ ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਖਿਡਾਰੀ ਨੂੰ ਮਾਤ ਦਿੱਤੀ ਗਈ, ਜਦਕਿ ਮੈਂਗਲੌਰ ਯੂਨੀਵਰਸਿਟੀ ਤੋਂ ਕਵਾਟਰ ਫਾਈਨਲ ਮੁਕਾਬਿਲਆਂ ਦੌਰਾਨ ੧੬-੧੦ ਦੇ ਅੰਤਰ ਨਾਲ ਹਾਰਨ 'ਤੇ ਉਸ ਨੂੰ ਕਾਂਸੇ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ।
੫੩ ਕਿਲੋ ਭਾਰ ਵਰਗ ਦੇ ਕੁੜੀਆਂ ਦੇ ਮੁਕਾਬਲਿਆ 'ੱਚ ਖੁਸ਼ਬੂ ਯਾਦਵ ਨੇ ੨੨-੭ ਨਾਲ ਮਣੀਪੁਰ ਯੂਨੀਵਰਸਿਟੀ, ੨੦-੧੩ ਨਾਲ ਗੁਰੁ ਕਾਸ਼ੀ ਯੂਨੀਵਰਸਿਟੀ ਬਠਿੰਡਾ, ਜਦਕਿ ੧੯-੧੧ ਨਾਲ ਕੇਰਲਾ ਯੂਨੀਵਰਸਿਟੀ ਨੁੰ ਟੱਕਰ ਦਿੱਤੀ ਗਈ। ਖਿਡਾਰਨ ਰਕਸ਼ਾ ਗੋਸਵਾਮੀ ਵੱਲੋਂ ਤਾਈਕਵਾਂਡੋ ਦੇ ਪ੍ਰਦਰਸ਼ਨੀ ਮੁਕਾਬਲੇ ਪੂਮਸੇ ਵਿੱਚ ਆਪਣੇ ਹੁਨਰ ਦਾ ਲੋਹਾ ਮਨਵਾਇਆ ਗਿਆ ਜਿਸ ਦੌਰਾਨ ਉਸ ਵੱਲੋਂ ਵਿਅਕਤੀਗਤ ਮੁਕਾਬਲਿਆਂ ਦੌਰਾਨ ਸਬ ਸੀਨੀਅਰ ਸ਼੍ਰੇਣੀ ਵਿੱਚ ਕਾਂਸੇ ਦੇ ਤਗਮੇ 'ਤੇ ਆਪਣਾ ਨਾਮ ਲਿਖਿਆ ਗਿਆ ਜਿਸ ਵਿੱਚ ਉਸ ਵੱਲੋਂ ਏਸ਼ੀਆਈ ਖੇਡਾਂ ਵਿੱਚ ਹਿੱਸਾ ਲੈ ਚੁੱਕੀ ਖਿਡਾਰਨ ਅਨਾਮਿਕਾ ਨੂੰ ਚੁਣੌਤੀ ਦਿੱਤੀ ਗਈ। ਖਿਡਾਰਨ ਹਰਜਿੰਦਰ ਕੌਰ ਵੱਲੋਂ ੬੭ ਕਿਲੋ ਤੋਂ ਘੱਟ ਭਾਰ ਵਰਗ ਵਾਲੇ ਮੁਕਾਬਲੇ ਵਿੱਚ ਆਪਣੇ ਪ੍ਰਤੀਯੋਗੀਆਂ ਨੂੰ ਹਰਾਉਂਦੇ ਹੋਏ ਇਹ ਕਾਮਯਾਬੀ ਹਾਸਿਲ ਕੀਤੀ ਗਈ।