ਸਮਾਗਮ ਦੀ ਤਸਵੀਰ
ਮੋਹਾਲੀ, 22 ਮਾਰਚ 2019: 'ਜਦ ਸਾਡੇ ਸਰੀਰ ਅੰਦਰ ਰੋਗਾਂ ਨਾਲ ਲੜਨ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ ਤਾਂ ਟੀ.ਬੀ. ਜਿਹੀ ਜਾਨਲੇਵਾ ਬੀਮਾਰੀ ਲੱਗਣ ਦੀ ਸੰਭਾਵਨਾ ਬਣ ਜਾਂਦੀ ਹੈ। ਇਹ ਬੀਮਾਰੀ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਕਿਸੇ ਵੀ ਸਮੇਂ ਹੋ ਸਕਦੀ ਹੈ। ਪੋਲੀਓ ਵਾਂਗ ਇਸ ਬੀਮਾਰੀ ਦਾ ਵੀ ਮੁਕੰਮਲ ਖ਼ਾਤਮਾ ਜ਼ਰੂਰੀ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਮਿਲ-ਜੁਲ ਕੇ ਇਸ ਬੀਮਾਰੀ ਨਾਲ ਲੜਨ ਦੀ ਲੋੜ ਹੈ।'
ਇਹ ਗੱਲ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਿਤ ਕੁਮਾਰ ਨੇ ਵਿਸ਼ਵ ਟੀਬੀ ਦਿਵਸ ਮੌਕੇ ਸਟੇਟ ਇੰਸਟੀਚਿਊਟ ਆਫ਼ ਹੈਲਥ ਐਂਡ ਫ਼ੈਮਲੀ ਵੈਲਫ਼ੇਅਰ ਫ਼ੇਜ਼ 6 ਦੇ ਆਡੀਟੋਰੀਅਮ ਵਿਚ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਕਹੀ। ਉਨ•ਾਂ ਕਿਹਾ ਕਿ ਟੀਬੀ ਜਿਹੀ ਨਾਮੁਰਾਦ ਬੀਮਾਰੀ ਤੋਂ ਬਚਣ ਲਈ ਸਾਨੂੰ ਅਪਣੇ ਖਾਣ-ਪੀਣ, ਆਲੇ-ਦੁਆਲੇ ਦੀ ਸਾਫ਼-ਸਫ਼ਾਈ ਅਤੇ ਅਪਣੀ ਸਰੀਰਕ ਤੰਦਰੁਸਤੀ ਦਾ ਖ਼ਿਆਲ ਰਖਣਾ ਚਾਹੀਦਾ ਹੈ। ਜੇ ਕਿਸੇ ਨੂੰ ਵੀ ਟੀ.ਬੀ. ਦੇ ਲੱਛਣ ਦਿਸਦੇ ਹਨ ਤਾਂ ਤੁਰਤ ਮਾਹਰ ਡਾਕਟਰ ਕੋਲ ਪਹੁੰਚ ਕੇ ਜਾਂਚ ਕਰਵਾਈ ਜਾਵੇ ਕਿਉਂਕਿ ਸਮੇਂ ਸਿਰ ਹੋਈ ਜਾਂਚ ਬੀਮਾਰੀ ਨੂੰ ਗੰਭੀਰ ਹੋਣ ਤੋਂ ਰੋਕ ਸਕਦੀ ਹੈ। ਅਮਿਤ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਸੰਦਰਭ ਵਿਚ ਟੀ.ਬੀ. ਦਿਵਸ ਦਾ ਇਸ ਵਾਰ ਦਾ ਵਿਸ਼ਾ 'ਟੀ.ਬੀ. ਮੁਕਤ ਪੰਜਾਬ' ਹੈ। ਇਹ ਟੀਚਾ ਤਦ ਹੀ ਹਾਸਲ ਕੀਤਾ ਜਾ ਸਕਦਾ ਹੈ ਜਦ ਆਪਾਂ ਸਾਰੇ ਅਹਿਦ ਕਰੀਏ ਕਿ ਪੰਜਾਬ ਵਿਚੋਂ ਇਸ ਬੀਮਾਰੀ ਦਾ ਹਮੇਸ਼ਾ ਲਈ ਸਫ਼ਾਇਆ ਕਰਨਾ ਹੈ। ਉਨ•ਾਂ ਦਸਿਆ ਕਿ ਟੀ.ਬੀ. ਦੇ ਮਰੀਜ਼ਾਂ ਨੂੰ ਢੁਕਵੀਂ ਵਿੱਤੀ ਸਹਾਇਤਾ ਦਿਤੀ ਜਾਂਦੀ ਹੈ ਪਰ ਸਥਿਤੀ ਇਹ ਹੋਣੀ ਚਾਹੀਦੀ ਹੈ ਕਿ ਅਜਿਹੀ ਸਹਾਇਤਾ ਦੇਣ ਦੀ ਲੋੜ ਹੀ ਨਾ ਪਵੇ। ਇਹ ਤਦ ਹੀ ਹੋ ਸਕਦਾ ਹੈ ਜਦ ਇਸ ਬੀਮਾਰੀ ਦੀ ਹੋਂਦ ਹੀ ਨਾ ਰਹੇ।
ਸਟੇਟ ਟੀ.ਬੀ. ਅਧਿਕਾਰੀ ਡਾ. ਜਸਤੇਜ ਸਿੰਘ ਕੁਲਾਰ ਨੇ ਦਸਿਆ ਕਿ ਟੀਬੀ ਨੂੰ ਸਾਲ 2025 ਤਕ ਦੇਸ਼ ਵਿਚੋਂ ਮੁਕੰਮਲ ਤੌਰ 'ਤੇ ਖ਼ਤਮ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਨ•ਾਂ ਦੇ ਘਰ, ਆਂਢ-ਗੁਆਂਢ ਜਾਂ ਰਿਸ਼ਤੇਦਾਰੀ 'ਚ ਟੀਬੀ ਦੇ ਲੱਛਣਾਂ ਵਾਲਾ ਕੋਈ ਵਿਅਕਤੀ ਹੈ ਤਾਂ ਤੁਰੰਤ ਉਸ ਨੂੰ ਸਰਕਾਰੀ ਸਿਹਤ ਸੰਸਥਾ ਵਿਚ ਲਿਆ ਕੇ ਉਸ ਦੀ ਜਾਂਚ ਕਰਾਈ ਜਾਵੇ। ਉਨ•ਾਂ ਕਿਹਾ ਕਿ ਟੀਬੀ ਦਾ ਪੱਕਾ ਇਲਾਜ ਮੌਜੂਦ ਹੈ ਅਤੇ ਇਹ ਬੀਮਾਰੀ ਹੋਣ 'ਤੇ ਘਬਰਾਉਣ ਦੀ ਲੋੜ ਨਹੀਂ। ਹਰ ਸਰਕਾਰੀ ਸਿਹਤ ਸੰਸਥਾ ਵਿਚ ਡਾਟਸ ਪ੍ਰਣਾਲੀ ਰਾਹੀਂ ਇਸ ਦਾ ਬਿਲਕੁਲ ਮੁਫ਼ਤ ਇਲਾਜ ਹੁੰਦਾ ਹੈ।
ਡਾ. ਕੁਲਾਰ ਨੇ ਵਿਸਥਾਰ ਨਾਲ ਦਸਿਆ ਕਿ ਦੋ ਹਫ਼ਤਿਆਂ ਤੋਂ ਖਾਂਸੀ, ਵਜ਼ਨ ਘਟਣਾ, ਭੁੱਖ ਘੱਟ ਲੱਗਣੀ, ਬਲਗਮ ਵਿਚ ਖ਼ੂਨ ਆਉਣਾ, ਸ਼ਾਮ ਸਮੇਂ ਬੁਖ਼ਾਰ, ਥਕਾਵਟ ਮਹਿਸੂਸ ਹੋਣੀ, ਵਾਰ ਵਾਰ ਪਸੀਨਾ ਆਉਣਾ ਟੀਬੀ ਦੇ ਸੰਕੇਤ ਅਤੇ ਲੱਛਣ ਹੋ ਸਕਦੇ ਹਨ। ਉਨ•ਾਂ ਕਿਹਾ ਕਿ ਫੇਫੜਿਆਂ ਦੀ ਟੀਬੀ ਤੋਂ ਇਲਾਵਾ ਇਹ ਬੀਮਾਰੀ ਸਰੀਰ ਦੇ ਕਿਸੇ ਵੀ ਹਿੱਸੇ ਵਿਚ ਹੋ ਸਕਦੀ ਹੈ। ਉਨ•ਾਂ ਕਿਹਾ ਕਿ ਆਮ ਤੌਰ 'ਤੇ ਲੋਕ ਇਸ ਬੀਮਾਰੀ ਬਾਰੇ ਕਿਸੇ ਨੂੰ ਦੱਸਣ ਤੋਂ ਸ਼ਰਮ ਮਹਿਸੂਸ ਕਰਦੇ ਹਨ ਅਤੇ ਵੇਲੇ ਸਿਰ ਜਾਂਚ ਨਹੀਂ ਕਰਵਾਉਂਦੇ। ਅਜਿਹੀ ਹਾਲਤ ਵਿਚ ਬੀਮਾਰੀ ਗੰਭੀਰ ਰੂਪ ਧਾਰ ਸਕਦੀ ਹੈ। ਇਸ ਮੌਕੇ ਤਿੰਨ ਨਰਸਿੰਗ ਕਾਲਜਾਂ ਦੀਆਂ ਵਿਦਿਆਰਥਣਾਂ ਨੇ ਟੀਬੀ ਸਬੰਧੀ ਆਕਰਸ਼ਕ ਰੰਗੋਲੀ ਬਣਾਈ ਅਤੇ ਜਾਗਰੂਕਤਾ ਰੈਲੀ ਵੀ ਕੱਢੀ। ਸਮਾਗਮ ਵਿਚ ਡਾਇਰੈਕਟਰ ਈਐਸਆਈ, ਡਾ. ਜਗਪਾਲ ਸਿੰਘ, ਡਾਇਰੈਕਟਰ ਐਨਐਚਐਮ ਪੰਜਾਬ, ਡਾ. ਅਵਨੀਤ ਕੌਰ, ਡਾਇਰੈਕਟਰ ਪੀ.ਐਚ.ਐਸ.ਸੀ. ਡਾ. ਮੀਨਾ ਹਰਦੀਪ ਸਿੰਘ, ਸਿਵਲ ਸਰਜਨ ਮੋਹਾਲੀ ਡਾ. ਰੀਟਾ ਭਾਰਦਵਾਜ, ਡਾ. ਨਰੇਸ਼ ਕੁਮਾਰ, ਜ਼ਿਲ•ਾ ਟੀ.ਬੀ. ਅਫ਼ਸਰ ਡਾ. ਨਵਦੀਪ ਸਿੰਘ ਵੀ ਮੌਜੂਦ ਸਨ।