ਪਟਿਆਲਾ, 23 ਮਾਰਚ 2019 - ਪੰਜਾਬ ਰਾਜ 'ਚ ਲੋਕ ਸਭਾ ਚੋਣਾਂ-2019 ਮਿਤੀ 19 ਮਈ ਨੂੰ ਹੋਣੀਆਂ ਨਿਸ਼ਚਿਤ ਹੋਈਆਂ ਹਨ, ਇਸ ਲਈ ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਅਮਨ ਤੇ ਕਾਨੂੰਨ ਨੂੰ ਕਾਇਮ ਰੱਖਣ ਅਤੇ ਲੋਕ ਹਿਤ ਵਿੱਚ ਸ਼ਾਂਤੀ ਬਰਕਰਾਰ ਰੱਖਣ ਅਤੇ ਇਹ ਚੋਣਾਂ ਸੁਚੱਜੇ ਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਅਸਲਾ ਧਾਰੀਆਂ ਤੋਂ ਅਸਲਾ ਜਮ੍ਹਾਂ ਕਰਵਾਉਣਾ ਲਾਜਮੀ ਕਰਾਰ ਦਿੱਤਾ ਗਿਆ ਹੈ। ਇਸ ਲਈ ਇਹ ਅਸਲਾ ਧਾਰੀ ਆਪਣਾ ਅਸਲਾ 31 ਮਾਰਚ 2019 ਤੱਕ ਹਰ ਹਾਲ ਜਮ੍ਹਾਂ ਕਰਵਾਉਣਗੇ।
ਇਸ ਸਬੰਧੀਂ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਹੁਕਮ ਜਾਰੀ ਕੀਤੇ ਹਨ ਕਿ ਆਦਰਸ਼ ਚੋਣ ਜਾਬਤੇ ਦੇ ਮੱਦੇਨਜ਼ਰ ਜ਼ਿਲ੍ਹੇ ਭਰ 'ਚ ਜਿਹੜੇ ਅਸਲਾ ਧਾਰਕਾਂ ਵੱਲੋਂ ਅਜੇ ਤੱਕ ਆਪਣਾ ਅਸਲਾ ਜਮ੍ਹਾਂ ਨਹੀਂ ਕਰਵਾਇਆ, ਉਹ ਆਪਣਾ ਅਸਲਾ ਤੁਰੰਤ ਜਮ੍ਹਾਂ ਕਰਵਾਉਣ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਣਹੋਣੀ ਘਟਨਾਂ ਨਾ ਵਾਪਰੇ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਮੁਚੀ ਲੋਕ ਸਭਾ ਚੋਣ ਪ੍ਰਕ੍ਰਿਆ ਨੂੰ ਸ਼ਾਂਤਮਈ ਢੰਗ ਨਾਲ ਮੁਕੰਮਲ ਕਰਵਾਉਣ ਲਈ ਹੁਕਮ ਜਾਰੀ ਕੀਤੇ ਹਨ ਕਿ ਸਮੂਹ ਅਸਲਾ ਧਾਰੀ ਆਪਣਾ ਅਸਲਾ 31 ਮਾਰਚ 2019 ਤੱਕ ਸਬੰਧਤ ਥਾਣਿਆਂ ਅਤੇ ਮਨਜੂਰ ਸੁਦਾ ਅਸਲਾ ਡੀਲਰਾਂ ਕੋਲ ਹਰ ਹਾਲ ਜਮ੍ਹਾਂ ਕਰਵਾਇਆ ਜਾਵੇ।
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੋਏ ਇਹ ਇੱਕਤਰਫ਼ਾ ਹੁਕਮ 21 ਮਈ 2019 ਤਕ ਲਾਗੂ ਰਹਿਣਗੇ ਪਰ ਇਹ ਹੁਕਮ ਫ਼ੌਜ, ਪੈਰਾ ਮਿਲਟਰੀ ਫੋਰਸ, ਬਾਵਰਦੀ ਪੁਲਿਸ ਕਰਮਚਾਰੀਆਂ ਅਤੇ ਬੈਂਕਾਂ ਵਿੱਚ ਗਾਰਡ ਦੀ ਨੌਕਰੀ ਕਰਦੇ ਕਰਮਚਾਰੀਆਂ 'ਤੇ ਲਾਗੂ ਨਹੀਂ ਹੋਣਗੇ। ਜ਼ਿਲ੍ਹਾ ਮੈਜਿਸਟ੍ਰੇਟ ਮੁਤਾਬਕ ਸਮੇਂ ਸਿਰ ਅਸਲਾ ਜਮ੍ਹਾਂ ਨਾ ਕਰਵਾਉਣ ਵਾਲਿਆਂ ਵਿਰੁੱਧ ਪੁਲਿਸ ਕੇਸ ਅਤੇ ਅਸਲਾ ਲਾਇਸੈਂਸ ਰੱਦ ਹੋਣ ਦੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।