ਐਸ ਡੀ ਐਮ ਸੁਨਾਮ ਵਲੋਂ ਆਮ ਚੋਣਾਂ ਲਈ ਤਿਆਰੀਆਂ ਲਈ ਮੀਟਿੰਗਾਂ
ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ
ਸੁਨਾਮ 23 ਮਾਰਚ : ਕਲ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਕਮ ਉਪ ਮੰਡਲ ਮੈਜਿਸਟ੍ਰੇਟ ਸੁਨਾਮ ਮਨਜੀਤ ਕੌਰ ਵੱਲੋਂ ਸਵੀਪ ਮੁਹਿੰਮ ਅਧੀਨ ਇੱਕ ਵੋਟਰ ਜਾਗਰੂਕਤਾ ਕੈਂਪ ਦਾ ਆਯੋਜਨ ਸਥਾਨਕ ਆਈ.ਟੀ.ਆਈ ਲੜਕੀਆਂ ਸੁਨਾਮ ਵਿਖੇ ਕੀਤਾ ਗਿਆ। ਜਿਸ ਵਿੱਚ ਆਈ.ਟੀ.ਆਈ ਦੀਆਂ ਸਮੂਹ ਲੜਕੀਆਂ ਨੇ ਭਾਗ ਲਿਆ
ਇਸ ਮੌਕੇ ਸਹਾਇਕ ਚੋਣਕਾਰ ਅਫ਼ਸਰ ਵੱਲੋਂ ਸਰਕਾਰ ਦੇ ਸਲੋਗਨ *"ਮੇਰਾ ਵੋਟ ਮੇਰਾ ਅਧਿਕਾਰ"* ਦੇ ਤਹਿਤ ਲੜਕੀਆਂ ਨੂੰ ਉਨ੍ਹਾਂ ਦੀ ਵੋਟ ਦੇ ਅਧਿਕਾਰਾਂ ਬਾਰੇ ਜਾਣੂ ਕਰਵਾਇਆ ਅਤੇ ਦੱਸਿਆ ਕਿ ਉਹ ਆਪਣੀ ਇੱਕ ਵੋਟ ਨਾਲ ਹੀ ਕਿਸ ਤਰ੍ਹਾਂ ਵਧੀਆ ਰਾਸ਼ਟਰ ਦਾ ਨਿਰਮਾਣ ਕਰਨ ਵਿੱਚ ਮਦਦ ਕਰ ਸਕਦੀਆਂ ਹਨ ।
ਮਨਜੀਤ ਕੌਰ ਕਿਹਾ ਕਿ 19 ਮਈ ਨੂੰ ਇਹ ਪਵਿੱਤਰ ਤਿਉਹਾਰ ਅਸੀਂ ਮਨਾਉਣ ਜਾ ਰਹੇ ਹਾਂ ਜਿਸ ਵਿੱਚ ਸਾਨੂੰ ਸਭ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਸਵੀਪ ਮੁਹਿੰਮ ਦੇ ਨੋਡਲ ਅਫਸਰ ਹਰਬੰਸ ਸਿੰਘ ਸੀਡੀਪੀਓ 2 ਅਤੇ ਪੰਕਜ ਡੋਗਰਾ ਵੱਲੋਂ ਇਸ ਮੌਕੇ ਹਸਤਾਖਰ ਮੁਹਿੰਮ ਦੇ ਅਗਲੇ ਪੜਾਅ ਬਾਰੇ ਵੀ ਜਾਣੂ ਕਰਵਾਇਆ ।
ਇਸ ਤੋਂ ਪਹਿਲਾ ਸੋਮਵਾਰ ਨੂੰ ਮਨਜੀਤ ਕੌਰ ਸਹਾਇਕ ਰਿਟਰਨਿੰਗ ਅਫਸਰ - ਕਮ - ਉਪ ਮੰਡਲ ਮਜ਼ਿਸ਼ਟ੍ਰੇਟ ਸੁਨਾਮ ਊਧਮ ਸਿੰਘ ਵਾਲਾ ਵੱਲੋਂ ਸਮੂਹ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਨੂੰ ਸਬੋਧਨ ਕਰਦਿਆਂ ਮਨਜੀਤ ਕੌਰ ਸਹਾਇਕ ਰਿਟਰਨਿੰਗ ਅਫਸਰ - ਕਮ - ਉਪ ਮੰਡਲ ਮਜ਼ਿਸ਼ਟ੍ਰੇਟ ਭਾਰਤੀ ਚੋਣ ਕਮਿਸ਼ਨ ਵੱਲੋਂ ਜ਼ਾਰੀ ਹਦਾਇਤਾਂ ਦੀ ਪਾਲਣਾ ਅਤੇ ਮਾਡਲ ਕੋਡ ਆੱਫ ਕੰਡਕਟ (MCC) ਵਿੱਚ ਕਿਸੇ ਤਰ੍ਹਾਂ ਦੀ ਵੀ ਉਲੰਘਨਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਰਾਜਨੀਤਿਕ ਪਾਰਟੀਆਂ ਵੱਲੋਂ ਰੈਲੀਆਂ, ਮੀਟਿੰਗਾਂ, ਨੁੱਕੜ ਮੀਟਿੰਗਾ ਅਤੇ ਰੋਡ ਸ਼ੋਅ ਆਦਿ ਕਰਨ ਲਈ ਘੱਟ ਤੋਂ ਘੱਟ 72 ਘੰਟਾ ਪਹਿਲਾਂ ਪ੍ਰਸ਼ਾਸ਼ਨ ਤੋਂ ਮੰਨਜੂਰੀ ਲੈਣੀ ਯਕੀਨੀ ਬਣਾਉਣ ਲਈ ਕਿਹਾ। ਇਸ ਸਬੰਧੀ ਪਾਰਟੀਆਂ ਆੱਨਲਾਈਨ ਮਾਧੀਅਮ (ਸੁਵਿਧਾ ਪੋਰਟਲ) ਦੁਆਰਾ ਵੀ ਮੰਨਜੂਰੀਆਂ ਲੈਣ ਦੀ ਸਹੂਲਤ ਬਾਰੇ ਜਾਣੂ ਕਰਵਾਇਆ। ਖਰਚਿਆਂ ਸਬੰਧੀ ਚੋਣ ਕਮਿਸ਼ਨ ਵੱਲੋਂ ਜਾਰੀ ਪੱਤਰੀ ਵਿੱਚ ਹਿਸਾਬ ਕਿਤਾਬ ਰੱਖਣ ਲਈ ਪਾਰਟੀਆਂ ਵੱਲੋਂ ਬਿੱਲ ਅਕਾਂਊਟਸ ਟੀਮ/ਖਜਾਨਾ ਦਫਤਰ ਸੁਨਾਮ ਵਿਖੇ ਜਮਾਂ ਕਰਵਾਉਣ ਲਈ ਜਾਣੂ ਕਰਵਾਇਆ।
ਉਨ੍ਹਾ ਦੱਸਿਆ ਕਿ ਇਨ੍ਹਾਂ ਚੋਣਾ ਸਬੰਧੀ ਸੁਨਾਮ ਆਈ.ਟੀ.ਆਈ. ਵਿਖੇ ਸਟਰਾਂਗ ਰੂਮ ਦੀ ਸਥਾਪਨਾ ਕੀਤੀ ਗਈ ਹੈ ਅਤੇ ਗਿਣਤੀ ਲਈ ਦੇਸ਼ ਭਗਤ ਕਾਲਜ ਬਰਡਵਾਲ ਧੂਰੀ ਤਿਆਰ ਕੀਤੇ ਗਏ ਹਨ ਜਿਥੇ ਕੋਈ ਵੀ ਰਾਜਨੀਤਿਕ ਪਾਰਟੀ ਦੇ ਉਮੀਦਵਾਰ ਜਾਂ ਉਨ੍ਹਾਂ ਦਾ ਕੋਈ ਵੀ ਨੁਮਾਂਇਦਾ ਉਕਤ ਥਾਂਵਾ ਦਾ ਨਿਰੱਖਣ ਕਰ ਸਕਦਾ ਹੈ। ਇਸ ਤੋਂ ਇਲਾਵਾ ਚੋਣ ਪ੍ਰਚਾਰ ਦੀ ਸਮੱਗਰੀ ਲਈ ਕਿਸੇ ਵੀ ਸਰਕਾਰੀ , ਗੈਰ ਸਰਕਾਰੀ ਜਨਤਕ ਥਾਂਵਾ ਦੀ ਵਰਤੋਂ ਨਾ ਕੀਤੀ ਜਾਵੇ।
ਸਹਾਇਕ ਰਿਟਰਨਿੰਗ ਅਫਸਰ - ਕਮ - ਉਪ ਮੰਡਲ ਮਜ਼ਿਸ਼ਟ੍ਰੇਟ ਸੁਨਾਮ ਵੱਲੋਂ ਚੋਣ ਪ੍ਰਕ੍ਰਿਆ ਦੌਰਾਨ ਸਮੂਹ ਰਾਜਨੀਤਿਕ ਪਾਰਟੀਆਂ ਪਾਸੋਂ ਵਡਮੁੱਲੇ ਸਹਿਯੋਗ ਦੀ ਮੰਗ ਕਰਦਿਆਂ ਚੋਣਾ ਨੂੰ ਨਿਰਵਿਘਣ ਤੇ ਸੂਚਾਰੂ ਢੰਗ ਨੂੰ ਨੇਪਰੇ ਚਾੜਣ ਲਈ ਕਿਹਾ।
ਮਨਜੀਤ ਕੌਰ ਨੇ ਦੱਸਿਆ ਕਿ ਨਵੇਂ ਬਚਤ ਖ਼ਾਤੇ ਦੀ ਸੂਚਨਾ ਉਮੀਦਵਾਰ ਵਲੋਂ ਆਪਣੇ ਨੋਮੀਨੇਸ਼ਨ ਫ਼ਾਰਮ ਭਰਨ ਸਮੇਂ ਸਬੰਧਤ ਆਰ.ਓ. ਨੂੰ ਦੇਣੀ ਲਾਜ਼ਮੀ ਹੋਵੇਗੀ। ਉਨਾਂ ਇਹ ਵੀ ਕਿਹਾ ਕਿ ਚੋਣਾਂ ਦੌਰਾਨ ਉਮੀਦਵਾਰ ਲਈ ਕਿਸੇ ਇੱਕ ਵਿਅਕਤੀ ਜਾਂ ਫ਼ਰਮ ਨੂੰ 10,000 ਰੁਪਏ ਤੋਂ ਵੱਧ ਦੀ ਅਦਾਇਗੀ ਚੈੱਕ ਰਾਹੀਂ ਕਰਨੀ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ 10,000 ਰੁਪਏ ਤੋਂ ਵੱਧ ਦੀਆਂ ਪ੍ਰਾਪਤੀਆਂ ਜਿਵੇਂ ਕਿ ਕਰਜ਼ਾ ਡਿਪੋਜ਼ਟ, ਅਡਵਾਂਸ ਡੋਨੇਸ਼ਨ ਜਾਂ ਗਿਫ਼ਟ ਆਦਿ ਚੈੱਕ ਰਾਹੀਂ ਹੀ ਪ੍ਰਾਪਤ ਕੀਤੇ ਜਾਣਗੇ।
ਇਸ ਮੀਟਿੰਗ ਵਿੱਚ ਵੱਖੋ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਹਰਬੰਸ ਸਿੰਘ ਲੋਂਗੋਵਾਲ, ਬਲਦੇਵ ਸਿੰਘ (ਬੀ.ਐਸ.ਪੀ), ਸੁਰਿੰਦਰ ਸਿੰਘ ਘਾਸੀਵਾਲਾ (ਸ਼੍ਰੋਮਣੀ ਅਕਾਲੀ ਦਲ), ਐਡਵੋਕੇਟ ਸੰਪੂਰਨ ਸਿੰਘ ਛਾਜਲੀ (ਸੀ.ਪੀ.ਆਈ.) ਮੁਨੀਸ਼ ਸੋਨੀ, ਨਵਤੇਜ ਸਿੰਘ, ਪਰਮਾਨੰਦ ਕਾਂਸਲ, ਗੋਬਿੰਦਰ ਸਿੰਘ (ਕਾਂਗਰਸ), ਐਡਵੋਕੇਟ ਮਿੱਤ ਸਿੰਘ ਜਨਾਲ (ਸੀ.ਪੀ.ਐਮ.) ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਸ਼੍ਰੀ ਜੀਵਨ ਕੁਮਾਰ (ਤਹਿਸੀਲਦਾਰ), ਪੰਕਜ ਡੋਗਰਾ (ਮਾਸਟਰ ਟ੍ਰੇਨਰ), ਬਲਜਿੰਦਰ ਸਿੰਘ, ਜਸਵਿੰਦਰ ਸਿੰਘ (ਚੋਣ ਇੰਚਾਰਜ), ਮਨਜੀਤ ਸਿੰਘ (ਸੁਪਰਡੈਂਟ) ਆਦਿ ਹਾਜ਼ਰ ਸਨ।