ਮੁਕਤਸਰ, 24 ਮਾਰਚ 2019 - ਮੁਕਤਸਰ ਜ਼ਿਲ੍ਹੇ 'ਚ ਇੱਕ ਵਿਅਕਤੀ ਆਪਣੀ ਜ਼ਮੀਨ 'ਚ ਅਫੀਮ ਦੀ ਖੇਤੀ ਕਰਦਾ ਫੜਿਆ ਗਿਆ। ਜਾਣਕਾਰੀ ਮੁਤਾਬਕ ਫੜਿਆ ਗਿਆ ਸ਼ਖਸ ਪਿੰਡ ਸ਼ੇਰਗੜ੍ਹ ਦਾ ਸਾਬਕਾ ਸਰਪੰਚ ਦੱਸਿਆ ਜਾ ਰਿਹਾ ਹੈ। ਉਕਤ ਵਿਅਕਤੀ ਆਪਣੇ 6 ਮਰਲੇ ਦੀ ਜ਼ਮੀਨ 'ਚ ਅਫੀਮ ਦੀ ਖੇਤੀ ਕਰ ਰਿਹਾ ਸੀ ਕਿ ਪੁਲਿਸ ਦੇ ਅੜਿੱਕੇ ਆ ਗਿਆ। ਇਸ ਸਬੰਧੀ ਮਲੋਟ ਪੁਲਿਸ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਪਿੰਡ ਸ਼ੇਰਗੜ੍ਹ ਦੇ ਸਾਬਕਾ ਸਰਪੰਚ ਨੇ ਇੰਟਰਨੈੱਟ ਤੇ ਦੇਖ ਕੇ ਪੋਸਤ ਦੀ ਖੇਤੀ ਸ਼ੁਰੂ ਕੀਤੀ ਸੀ। ਉਸ ਦੀ ਦਸ ਏਕੜ ਜ਼ਮੀਨ ਲੰਬੇ ਸਮੇਂ ਤੋਂ ਸੇਮ ਦੀ ਮਾਰ ਵਿੱਚ ਸੀ। ਫ਼ਸਲ ਪੱਕੀ ਤਾਂ ਪੁਲਿਸ ਨੂੰ ਸੂਚਨਾ ਮਿਲੀ, ਪੁਲੀਸ ਨੇ ਖਸ-ਖਸ ਦੀ ਫਸਲ ਕੱਟ ਕੇ ਕਬਜ਼ੇ ਵਿੱਚ ਲੈ ਲਈ ਅਤੇ ਖੇਤੀ ਕਰਨ ਵਾਲੇ ਕਿਸਾਨ ਸ਼ੇਰਗੜ੍ਹ ਨਿਵਾਸੀ ਜਸਵਿੰਦਰ ਸਿੰਘ ਉਰਫ਼ ਗੁਰਨਾਮ ਸਿੰਘ ਤੇ ਮੁਕੱਦਮਾ ਦਰਜ ਕਰ ਦਿੱਤਾ।
ਪੁਲੀਸ ਮੁਤਾਬਕ ਉਸ ਨੇ ਆਪਣੀ ਜ਼ਮੀਨ ਦੇ ਸੱਤ ਮਰਲੇ ਰਕਬੇ ਵਿੱਚ ਖਸਖਸ ਦੀ ਬਿਜਾਈ ਕੀਤੀ। ਆਸ-ਪਾਸ ਦੇ ਲੋਕਾਂ ਨੂੰ ਪਤਾ ਲੱਗਣ 'ਤੇ ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸਦਰ ਪੁਲਿਸ ਮਲੋਟ ਨੇ ਖੇਤ ਵਿੱਚ ਖੜ੍ਹੀ ਹੋਈ ਫ਼ਸਲ ਵੱਢ ਕੇ ਜਸਵਿੰਦਰ ਸਿੰਘ ਨੂੰ ਵੀ ਹਿਰਾਸਤ ਵਿੱਚ ਲੈ ਲਿਆ।
ਡੀਐੱਸਪੀ ਮਲੋਟ ਭੁਪਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਦੋ ਕੁਇੰਟਲ ਤੀਹ ਕਿੱਲੋ ਖਸਖਸ ਹੋਈ ਹੈ। ਜਸਵਿੰਦਰ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਸੂਚਨਾ ਮੁਤਾਬਕ ਜਸਵਿੰਦਰ ਪਿੰਡ ਸ਼ੇਰਗੜ ਦਾ ਸਾਬਕਾ ਸਰਪੰਚ ਹੈ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸੀ ਅਤੇ ਹੁਣ ਉਹ ਕਾਂਗਰਸ ਵਿੱਚ ਵੀ ਸ਼ਾਮਲ ਹੋ ਚੁੱਕਾ ਹੈ।