ਚੰਡੀਗੜ੍ਹ, 24 ਮਾਰਚ 2019: ਸੀਪੀਆਈ(ਐਮ) ਦੇ ਸਾਬਕਾ ਸੂਬਾ ਸਕੱਤਰ ਪ੍ਰੋ.ਬਲਵੰਤ ਸਿੰਘ ਦਾ ਅੱਜ ਸਥਾਨਕ ਸੈਕਟਰ 25 ਦੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਉਨ੍ਹਾਂ ਦੀ ਸੈਕਟਰ 28 ਵਿਚਲੀ ਰਿਹਾਇਸ਼ ਤੋਂ ਉਨ੍ਹਾਂ ਦੀ ਮ੍ਰਿਤਕ ਦੇਹ ਉੱਤੇ ਪਾਰਟੀ ਦਾ ਝੰਡਾ ਪਾਉਣ ਤੋਂ ਬਾਅਦ ਸ਼ੁਰੂ ਹੋਈ। ਉਨ੍ਹਾਂ ਦੀ ਅੰਤਿਮ ਯਾਤਰਾ ਤੇ ਸਸਕਾਰ ਮੌਕੇ ਪਾਰਟੀ ਆਗੂਆਂ, ਵਰਕਰਾਂ, ਕਾਰਕੁਨਾਂ, ਖੱਬੀ ਸੋਚ ਦੇ ਧਾਰਨੀ ਲੋਕਾਂ, ਬੁੱਧੀਜੀਵੀਆਂ ਤੇ ਰਿਸ਼ਤੇਦਾਰਾਂ ਦਾ ਵੱਡਾ ਹਜ਼ੂਮ ਉਮੜਿਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਸੀਪੀਆਈ(ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਪ੍ਰੋ. ਬਲਵੰਤ ਦੀ ਮਜ਼ਦੂਰ ਲਹਿਰ ਨੂੰ ਉਸਾਰਨ ਵਿੱਚ ਵੱਡੀ ਭੂਮਿਕਾ ਰਹੀ। ਉਨ੍ਹਾਂ ਰਾਜਪੁਰਾ ਦੇ ਮਜ਼ਦੂਰਾਂ ਦੀ ਲੜਾਈ ਪੂਰੀ ਸ਼ਿਦਤ ਨਾਲ ਲੜੀ ਤੇ ਪਟਿਆਲਾ ਜ਼ਿਲ੍ਹੇ ਵਿੱਚ ਪਾਰਟੀ ਨੂੰ ਮਜਬੂਤ ਕਰਨ ਲਈ ਅਹਿਮ ਯੋਗਦਾਨ ਪਾਇਆ। ਉਨ੍ਹਾਂ ਰਾਜਪੁਰਾ ਤੋਂ ਪਾਰਟੀ ਦੇ ਵਿਧਾਇਕ ਹੁੰਦਿਆਂ ਜਨਤਾ ਦੇ ਮੁੱਦਿਆਂ ਨੂੰ ਵਿਧਾਨ ਸਭਾ ਵਿੱਚ ਚੁੱਕਿਆ।
ਕਾਮਰੇਡ ਸੇਖੋਂ ਨੇ ਕਿਹਾ ਕਿ ਇਸੇ ਤਰ੍ਹਾਂ ਪ੍ਰੋ.ਬਲਵੰਤ ਨੇ ਦਹਿਸ਼ਤਗਰਦੀ ਵਿਰੁੱਧ ਵੀ ਡੱਟ ਕੇ ਪਹਿਰਾ ਦਿੱਤਾ ਤੇ ਜਦੋ 1998 ਵਿੱਚ ਪਾਰਟੀ ਵਿੱਚ ਸੰਕਟ ਆਇਆ ਤਾਂ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਕਰੜੇ ਹੱਥੀ ਲਿਆ। ਇਸ ਦੌਰਾਨ ਸੀਪੀਆਈ(ਐਮ) ਦੀ ਸੂਬਾ ਸਕੱਤਰੇਤ ਵੱਲੋਂ ਪ੍ਰੋ.ਬਲਵੰਤ ਦੀ ਮ੍ਰਿਤਕ ਦੇਹ ਉੱਤੇ ਸੂਬਾ ਸਕੱਤਰੇਤ ਮੈਂਬਰਾਂ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਕਾਮਰੇਡ ਗੁਰਚੇਤਨ ਸਿੰਘ ਬਾਸੀ, ਕਾਮਰੇਡ ਭੂਪ ਚੰਦ ਚੰਨੋ ਤੇ ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ ਨੇ ਫੁੱਲਾਂ ਦੀ ਮਾਲਾ ਪਾਈ। ਇਸੇ ਤਰ੍ਹਾਂ ਮਹਾਨ ਕਮਿਊਨਿਸਟ ਆਗੂ ਹਰਕਿਸ਼ਨ ਸਿੰਘ ਸੁਰਜੀਤ ਦੇ ਛੋਟੇ ਪੁੱਤਰ ਕਾਮਰੇਡ ਗੁਰਚੇਤਨ ਸਿੰਘ ਬਾਸੀ ਤੋਂ ਇਲਾਵਾ ਕਾਮਰੇਡ ਸੁਰਜੀਤ ਦੇ ਵੱਡੇ ਪੁੱਤਰ ਪਰਮਜੀਤ ਸਿੰਘ ਲੰਡਨ ਤੋਂ ਪ੍ਰੋ. ਬਲਵੰਤ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਏ। ਕਾਮਰੇਡ ਸੁਰਜੀਤ ਦੇ ਪੋਤਰੇ ਸੰਦੀਪ ਸਿੰਘ(ਸੰਨੀ) ਨੇ ਵੀ ਪ੍ਰੋ.ਬਲਵੰਤ ਦੀ ਅੰਤਿਮ ਯਾਤਰਾ ਵਿੱਚ ਸ਼ਮੂਲੀਅਤ ਕੀਤੀ। ਇਸੇ ਤਰ੍ਹਾਂ 'ਦੇਸ਼ ਸੇਵਕ' ਦੇ ਜੀਐਮ ਕਾਮਰੇਡ ਕੁਲਦੀਪ ਸਿੰਘ, ਏਜੀਐਮ ਕਾਮਰੇਡ ਚੇਤਨ ਸ਼ਰਮਾ, ਸੀਪੀਆਈ(ਐਮ) ਚੰਡੀਗੜ੍ਹ ਦੇ ਤਹਿਸੀਲ ਸਕੱਤਰ ਕਾਮਰੇਡ ਮੁਹੰਮਦ ਸ਼ਹਿਨਾਜ ਗੋਰਸੀ, ਡਾ.ਸ਼ੇਰ ਸਿੰਘ, ਕਾਮਰੇਡ ਚੰਦਰ ਸ਼ੇਖਰ ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ।
ਇਸ ਦੌਰਾਨ ਸੀਪੀਆਈ ਵੱਲੋਂ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਡਾ. ਜੋਗਿੰਦਰ ਦਿਆਲ ਤੇ ਭੁਪਿੰਦਰ ਸਾਂਬਰ ਨੇ ਪ੍ਰੋ.ਬਲਵੰਤ ਦੀ ਮ੍ਰਿਤਕ ਦੇਹ ਉੱਤੇ ਫੁੱਲਾਂ ਦੀ ਮਾਲਾ ਪਾਈ। ਪ੍ਰੋ. ਬਲਵੰਤ ਦੇ ਸਸਕਾਰ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਹਰਬੰਸ ਸਿੰਘ ਸਿੱਧੂ, ਕਾਮਰੇਡ ਸੁਰਜੀਤ ਦੇ ਰਿਸ਼ਤੇਦਾਰ ਸਾਬਕਾ ਐਸਐਸਪੀ ਕੁਲਸ਼ਿੰਦਰ ਸਿੰਘ, 'ਦੇਸ਼ ਸੇਵਕ' ਦੇ ਸਾਬਕਾ ਸੰਪਾਦਕ ਗੁਲਜ਼ਾਰ ਸਿੰਘ ਸੰਧੂ, ਡਾ. ਜਸਪਾਲ ਸਿੰਘ, 'ਦੇਸ਼ ਸੇਵਕ' ਦੇ ਸਾਬਕਾ ਸੰਪਾਦਕੀ ਸਲਾਹਕਾਰ ਗੋਬਿੰਦ ਠੁਕਰਾਲ, ਉਘੇ ਅਰਥਸ਼ਾਸਤਰੀ ਡਾ. ਗਿਆਨ ਸਿੰਘ, ਸ਼ਮਸ਼ੇਰ ਸਿੰਘ ਰਾਏ ਸਾਬਕਾ ਵਿਧਾਇਕ, ਐਡਵੋਕੇਟ ਜੋਗਿੰਦਰ ਸਿੰਘ ਤੂੜ, ਡਾ.ਜੋਗਾ ਸਿੰਘ, ਪ੍ਰੋ.ਰੌਣਕੀ ਰਾਮ, ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ, ਬੁੱਧੀਜੀਵੀ, ਪ੍ਰੋਫੈਸਰ, ਸਾਹਿਤਕਾਰ, ਮਿਤੱਰ ਪਿਆਰੇ ਤੇ ਸਾਕ ਸਬੰਧੀ ਮੌਜੂਦ ਸਨ।
ਪ੍ਰੋ. ਬਲਵੰਤ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਅਮਰੀਕਾ ਤੋਂ ਆਏ ਪੁੱਤਰਾਂ ਰਾਜਪ੍ਰੀਤ ਸਿੰਘ ਤੇ ਕਮਲਜੀਤ ਸਿੰਘ ਨੇ ਦਿਖਾਈ।
ਇਸ ਦੌਰਾਨ ਸੀਪੀਆਈ(ਐਮ) ਤੇ ਸੀਪੀਆਈ ਦੇ ਆਗੂਆਂ, ਕਾਰਕੁਨਾਂ ਤੇ ਵਰਕਰਾਂ ਨੇ ਪ੍ਰੋ.ਬਲਵੰਤ ਨੂੰ ਆਖਰੀ ਲਾਲ ਸਲਾਮ ਪੇਸ਼ ਕੀਤਾ। ਇਸ ਦੌਰਾਨ ਸੀਪੀਆਈ(ਐਮ) ਦੇ ਜ਼ਿਲ੍ਹਾ ਪਟਿਆਲਾ ਦੇ ਸਕੱਤਰ ਕਾਮਰੇਡ ਧਰਮ ਪਾਲ ਸੀਲ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਜਾਣਕਾਰੀ ਦਿੱਤੀ ਕਿ ਪ੍ਰੋ. ਬਲਵੰਤ ਦਾ ਸ਼ਰਧਾਂਜਲੀ ਸਮਾਗਮ 31 ਮਾਰਚ ਨੂੰ ਚੰਡੀਗੜ੍ਹ ਦੇ ਸੈਕਟਰ 27 ਦੇ ਰਾਮਗੜ੍ਹੀਆ ਭਵਨ ਵਿਖੇ 1 ਤੋਂ 2 ਵਜੇ ਤੱਕ ਹੋਵੇਗਾ।