ਨਵਾਂ ਸ਼ਹਿਰ, 24 ਮਾਰਚ, 2019: ਨਸ਼ਿਆਂ ਖਿਲਾਫ਼ ਗਠਿਤ ਸਪੈਸ਼ਲ ਟਾਸਕ ਫ਼ੋਰਸ ਦੀ ਲੁਧਿਆਣਾ ਰੇਂਜ ਵੱਲੋਂ ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਨਿਵੇਕਲੇ ਢੰਗ ਨਾਲ ਸ਼ਰਧਾਂਜਲੀ ਭੇਟ ਕਰਦਿਆਂ ਨਵਾਂਸ਼ਹਿਰ ਤੋਂ ਖਟਕੜ ਕਲਾਂ ਤੱਕ ‘ਨਸ਼ਿਆਂ ਖਿਲਾਫ਼ ਇੰਨਕਲਾਬ’ ਮੋਟਰ ਸਾਈਕਲ ਰੈਲੀ ਦਾ ਪ੍ਰਬੰਧ ਕੀਤਾ ਗਿਆ।
ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਸ ਨਸ਼ਿਆਂ ਖਿਲਾਫ਼ ਜਾਗਰੂਕਤਾ ਰੈਲੀ ਨੂੰ ਅੱਜ ਨਵਾਂਸ਼ਹਿਰ ਤੋਂ ਖਟਕੜ ਕਲਾਂ ਲਈ ਐਸ ਪੀ (ਐਚ) ਹਰੀਸ਼ ਦਿਆਮਾ, ਐਸ ਪੀ (ਡੀ) ਵਜ਼ੀਰ ਸਿੰਘ ਖਹਿਰਾ, ਐਸ ਪੀ (ਐਸ ਟੀ ਐਫ਼) ਲੁਧਿਆਣਾ ਰੇਂਜ ਸੁਰਿੰਦਰ ਕੁਮਾਰ ਤੇ ਡੀ ਐਸ ਪੀ (ਐਸ ਟੀ ਐਫ) ਰਾਜੇਸ਼ ਕਪਲਿਸ਼ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਐਸ ਪੀ ਹਰੀਸ਼ ਦਿਆਮਾ ਨੇ ਇਸ ਮੌਕੇ ਐਸ ਟੀ ਐਫ਼ ਦੀ ਕਾਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਨਸ਼ਿਆਂ ਦੀ ਤਸਕਰੀ ਰੋਕਣ ਅਤੇ ਨਸ਼ਿਆਂ ਦੇ ਪੀੜਤਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਤੱਕ ਪਹੁੰਚਾਉਣ ਵਿੱਚ ਐਸ ਟੀ ਐਫ਼ ਵਧੀਆ ਕਾਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਬੁਰਾਈ ਨੂੰ ਜੜ੍ਹੋਂ ਖਤਮ ਕਰਨ ਦੀਆਂ ਕੋਸ਼ਿਸ਼ਾਂ ਲਈ ਪੁਲਿਸ ਅਤੇ ਐਸ ਟੀ ਐਫ਼ ਟੀਮ ਵਜੋਂ ਕੰਮ ਕਰ ਰਹੀਆਂ ਹਨ। ਉਨ੍ਹਾਂ ਅੱਜ ਦੀ ਜਾਗਰੂਕਤਾ ਰੈਲੀ ਨੂੰ ਇੱਕ ਵਧੀਆ ਉਪਰਾਲਾ ਕਰਾਰ ਦਿੰਦਿਆਂ ਕਿਹਾ ਕਿ ਇਹ ਰੈਲੀ ਲੋਕਾਂ ਖਾਸ ਕਰ ਨੌਜੁਆਨ ਵਰਗ ’ਚ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਖਿਲਾਫ਼ ਚੇਤਨਾ ਪੈਦਾ ਕਰਨ ’ਚ ਸਹਾਇਕ ਸਿੱਧ ਹੋਵੇਗੀ।
ਐਸ ਪੀ (ਐਸ ਟੀ ਐਫ਼) ਲੁਧਿਆਣਾ ਰੇਂਜ ਸੁਰਿੰਦਰ ਕੁਮਾਰ ਨੇ ਇਸ ਮੌਕੇ ਆਖਿਆ ਕਿ ਅੱਜ ਦੀ ਮੋਟਰ ਬਾਈਕ ਰੈਲੀ ਦਾ ਮੁੱਖ ਮੰਤਵ ਵਿਦਿਆਰਥੀਆਂ, ਨੌਜੁਆਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਖਬਰਦਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਡੀ ਆ ਰਹੀ ਪੀੜ੍ਹੀ ਨੂੰ ਨਸ਼ਿਆਂ ਦੇ ਜਾਲ ’ਚ ਫ਼ਸਣ ਤੋਂ ਰੋਕਣ ਲਈ ਤਸਕਰਾਂ ਖਿਲਾਫ਼ ਸਖਤੀ ਦੇ ਨਾਲ-ਨਾਲ ਚੇਤੰਨਤਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ’ਚ ਨਸ਼ਿਆਂ ਦੀ ਕੁਵਰਤੋਂ ਖਿਲਾਫ਼ ਚਲਾਏ ਗਏ ਜਾਗਰੂਕਤਾ ਪ੍ਰੋਗਰਾਮ ਤਹਿਤ ਪਿੰਡਾਂ ’ਚ ਬਣਾਏ ਗਏ ਡੈਪੋ ਵਾਲੰਟੀਅਰਜ਼ ਅਤੇ ਸਕੂਲਾਂ/ਕਾਲਜਾਂ ’ਚ ਬੱਡੀਜ਼ ਗਰੁੱਪ ਨੌਜੁਆਨ ਪੀੜ੍ਹੀ ਨੂੰ ਨਸ਼ਿਆਂ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਉਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਪੁਲਿਸ, ਡੈਪੋ ਵਾਲੰਟੀਅਰਾਂ ਅਤੇ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਂਸਟੀਚਿਊਂਟ ਕਾਲਜ ਬਲਾਚੌਰ ਦੇ ਵਿਦਿਆਰਥੀਆਂ ਦਾ ਇਸ ਮੋਟਰ ਸਾਈਕਲ ਰੈਲੀ ਨੂੰ ਕਾਮਯਾਬ ਬਣਾਉਣ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਜਲਦ ਹੀ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਵੀ ਐਸ ਟੀ ਐਫ਼ ਦੇ ਡੀ ਐਸ ਪੀ ਦੀ ਤਾਇਨਾਤੀ ਹੋਵੇਗੀ ਜੋ ਕਿ ਜ਼ਿਲ੍ਹਾ ਪੁਲਿਸ ਨਾਲ ਮਿਲ ਕੇ ਨਸ਼ਿਆਂ ਦੇ ਤਸਕਰਾਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਤੇਜ਼ ਕਰਨ ’ਚ ਸਹਾਈ ਸਿੱਧ ਹੋਣਗੇ।
ਐਸ ਪੀ ਕੁਮਾਰ ਨੇ ਦੱਸਿਆ ਕਿ ਪੰਜਾਬ ਭਰ ’ਚ ਨਵਾਂਸ਼ਹਿਰ ਸਮੇਤ ਇਹ ਮੋਟਰ ਸਾਈਕਲ ਰੈਲੀਆਂ ਅੱਜ 6 ਥਾਂਵਾਂ ਤੋਂ ਕੱਢੀਅਘ ਗਈਆਂ। ਬਾਕੀ ਥਾਂਵਾ ’ਚ ਜਲੰਧ੍ਰ, ਅਮਿ੍ਰਤਸਰ, ਮੋਗਾ, ਮੋਹਾਲੀ ਤੇ ਪਟਿਆਲਾ ਸ਼ਾਮਿਲ ਹਨ।
‘ਨਸ਼ਿਆਂ ਖਿਲਾਫ਼ ਇੰਨਕਲਾਬ’ ਰੈਲੀ ਦੇ ਭਾਗੀਦਾਰਾਂ ਵੱਲੋਂ ਖਟਕੜ ਕਲਾਂ ਵਿਖੇ ਪੁੱਜ ਕੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਬੁੱਤ ਅੱਗੇ ਸਿਜਦਾ ਕੀਤਾ ਗਿਆ। ਇਨ੍ਹਾਂ ਭਾਗੀਦਾਰਾਂ ਦਾ ਕਹਿਣਾ ਸੀ ਕਿ ਸ਼ਹੀਦ-ਏ-ਆਜ਼ਮ ਨਾਲ ਸਬੰਧਤ ਇਹ ਪਵਿੱਤਰ ਸਥਾਨ ਅੱਜ ਵੀ ਉਨ੍ਹਾਂ ਲਈ ਪ੍ਰੇਰਨਾ ਦਾ ਸੋਮਾ ਅਤੇ ਰਾਸ਼ਟਰੀਅਤਾ ਦੀ ਭਾਵਨਾ ਪੈਦਾ ਕਰਨ ਦਾ ਮਜ਼ਬੂਤ ਕੇਂਦਰ ਹੈ।