ਚਰਨਜੀਤ ਸਿੰਘ ਰੱਖੜਾ ਅਕਾਲੀ ਆਗੂਆਂ ਨਾਲ ਮੀਟਿੰਗ ਕਰਦੇ ਹੋਏ।
ਪਟਿਆਲਾ, 23 ਮਾਰਚ 2019: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਨੇਤਾ ਚਰਨਜੀਤ ਸਿੰਘ ਰੱਖੜਾ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਸਰਜੀਕਲ ਤੇ ਦੂਜੀ ਵਾਰ ਏਅਰ ਸਟ੍ਰਾਇਕ ਕਰਕੇ ਪਾਕਿਸਤਾਨੀ ਘੁਸਪੈਠੀਆਂ ਨੂੰ ਚੰਗਾ ਜਵਾਬ ਦਿੱਤਾ ਹੈ। ਇਸ ਜਵਾਬ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਘੁਸਪੈਠੀਆਂ ਨੂੰ ਜੇਕਰ ਕੋਈ ਜਵਾਬ ਦੇ ਸਕਦਾ ਹੈ ਤਾਂ ਉਹ ਸਿਰਫ਼ ਨਰਿੰਦਰ ਮੋਦੀ ਹੀ ਹੈ। ਸ. ਚਰਨਜੀਤ ਸਿੰਘ ਰੱਖੜਾ ਅੱਜ ਇੱਥੇ ਸਾਬਕਾ ਸਰਪੰਚ ਹਰਿੰਦਰ ਸਿੰਘ ਹਰਦਾਸਪੁਰ ਦੀ ਅਗਵਾਈ ਵਿੱਚ ਹੋ ਰਹੀ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਚਰਨਜੀਤ ਰੱਖੜਾ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੀ ਕਾਰਗੁਜ਼ਾਰੀ ਖਿਲਾਫ਼ ਬੋਲਣਾ ਬੇਸ਼ਕ ਵਿਰੋਧੀ ਧਿਰ ਦਾ ਕੰਮ ਹੁੰਦਾ ਹੈ ਪਰ ਵਿਰੋਧੀ ਧਿਰ ਵਲੋਂ ਆਪਣੇ ਹੀ ਦੇਸ਼ ਦੀ ਸੈਨਾ ਦੀ ਕਾਰਗੁਜ਼ਾਰੀ ਖਿਲਾਫ਼ ਬੋਲ ਕੇ ਇਹ ਸਾਬਤ ਕਰ ਦਿੱਤਾ ਹੈ ਕਿ 'ਅਕਲ ਬਿਨਾਂ ਖੂਹ ਖਾਲੀ' ਹੀ ਹੁੰਦਾ ਹੈ। ਉਹਨਾਂ ਕਿਹਾ ਕਿ ਵਿਰੋਧੀ ਧਿਰ ਬੋਲਣ ਤੋਂ ਪਹਿਲਾਂ ਇਹ ਵੀ ਨਹੀਂ ਸੋਚਦਾ ਕਿ ਉਸਨੇ ਆਖਰ ਬੋਲਣਾ ਕੀ ਹੁੰਦਾ ਹੈ ਉਸਨੂੰ ਤਾਂ ਬਸ ਹਰ ਗੱਲ ਸ਼ੱਕ ਨਾਲ ਭਰੀ ਹੋਈ ਹੀ ਨਜ਼ਰ ਆਉਂਦੀ ਹੈ । ਜਦੋਂ ਕਿ ਭਾਰਤੀ ਸੈਨਾ ਨੇ ਪਾਕਿਸਤਾਨੀ ਘੁਸਪੈਠੀਆਂ ਨੂੰ ਕਰਾਰਾ ਜਵਾਬ ਦੇ ਕੇ ਉਸ ਦੀ ਬੋਲਤੀ ਬੰਦ ਕਰ ਦਿੱਤੀ ਹੈ।
ਚਰਨਜੀਤ ਸਿੰਘ ਰੱਖੜਾ ਨੇ ਸਪੱਸ਼ਟ ਆਖਿਆ ਕਿ ਭਾਰਤ ਦੇਸ਼ ਦੀ ਜਨਤਾ ਜੇਕਰ ਦੇਸ਼ ਦੀ ਤਰੱਕੀ ਇਸੇ ਤਰ੍ਹਾਂ ਦੇਖਣਾ ਚਾਹੁੰਦੀ ਹੈ ਤਾਂ ਉਸਨੂੰ ਮੁੜ ਕੇਂਦਰ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਪਾਰਟੀ ਦੀ ਹੀ ਸਰਕਾਰ ਬਣਾਉਣ ਨੂੰ ਤਰਜੀਹ ਦੇਣੀ ਹੋਵੇਗੀ । ਉਨ੍ਹਾਂ ਆਖਿਆ ਕਿ ਪੰਜਾਬ ਵਿਚ ਵੀ ਕਾਂਗਰਸ ਨੇ ਝੂਠੇ ਦਾਅਵਿਆਂ/ਵਾਅਦਿਆਂ ਦੇ ਆਧਾਰ 'ਤੇ ਹੀ ਸਰਕਾਰ ਬਣਾਈ, ਜਿਸਦਾ ਖਮਿਆਜ਼ਾ ਅੱਜ ਪੰਜਾਬ ਤੇ ਪੰਜਾਬੀਆਂ ਨੂੰ ਭੁਗਤਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਕੈ. ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਰਾਜ ਵਿਚ ਵੱਡੇ ਪੱਧਰ 'ਤੇ 'ਕਾਂਗਰਸੀ' ਹੀ ਖਫਾ ਹਨ ਕਿਉਂਕਿ ਸਰਕਾਰ ਦੀਆਂ ਨੀਤੀਆਂ ਕੀ ਹਨ ਬਾਰੇ ਕਿਸੇ ਨੂੰ ਕੋਈ ਪਤਾ ਹੀ ਨਹੀਂ ਲੱਗ ਰਿਹਾ। ਇਸ ਵਾਰ ਫਿਰ ਕਾਂਗਰਸ ਨੂੰ ਆਪਣੇ ਹੀ ਪਾਰਟੀ ਵਰਕਰਾਂ ਦੀ ਨਾਰਾਜ਼ਗੀ ਕਾਰਨ ਹਾਰ ਦਾ ਸਾਹਮਣਾ ਕਰਨਾ ਪਵੇਗਾ ਤੇ ਪੰਜਾਬ ਵਿੱਚ ਮੁੜ ਅਕਾਲੀ ਸਰਕਾਰ ਕਾਬਜ ਹੋਵੇਗੀ।
ਇਸ ਮੌਕੇ ਹਰਿੰਦਰ ਸਿੰਘ ਜਨਰਲ ਸਕੱਤਰ, ਹਰਬੰਸ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ, ਚੇਤਨ ਸਿੰਘ, ਸੁਖਵਿੰਦਰ ਸਿੰਘ ਪੰਚ, ਸੇਵਾ ਸਿੰਘ ਪੰਚ, ਰਣਧੀਰ ਸਿੰਘ, ਅਵਤਾਰ ਸਿੰਘ, ਕਰਮਜੀਤ ਸਿੰਘ, ਬਲਜਿੰਦਰ ਸਿੰਘ, ਮੇਘ ਸਿੰਘ, ਧਨਵੰਤ ਸਿੰਘ ਆਦਿ ਮੌਜੂਦ ਸਨ।