ਕਿਸਾਨ ਸ. ਅੰਮ੍ਰਿਤਪਾਲ ਸਿੰਘ ਬਾਜਵਾ ਨੂੰ ਸਨਮਾਨਿਤ ਕਰਦੇ ਹੋਏ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ, ਡਾ. ਰਜਿੰਦਰ ਕੌਰ ਅਤੇ ਡਾ. ਦਲੀਪ ਸਿੰਘ
ਫ਼ਤਹਿਗੜ੍ਹ ਸਾਹਿਬ, 24 ਮਾਰਚ:(ਦੀਦਾਰ ਗੁਰਨਾ ) ਕੁਝ ਦਿਨ ਪਹਿਲਾਂ ਮਾਤਾ ਗੁਜਰੀ ਕਾਲਜ ਦੇ ਖੇਤੀਬਾੜੀ ਵਿਭਾਗ ਵੱਲੋਂ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਦੀ ਸਰਪ੍ਰਸਤੀ ਹੇਠ ਇੱਕ ਰੋਜ਼ਾ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿਚ ਫ਼ਸਲੀ ਵਿਭਿੰਨਤਾ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਤਾਂ ਜੋ ਛੋਟੇ ਕਿਸਾਨਾਂ ਨੂੰ ਘੱਟ ਲਾਗਤ ਨਾਲ ਵੱਡੇ ਮੁਨਾਫੇ ਲਈ ਪ੍ਰੇਰਿਆ ਜਾ ਸਕੇ।ਇਸ ਮੌਕੇ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਇਸ ਕੈਂਪ ਦਾ ਮੰਤਵ ਕਿਸਾਨਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਕਿਸਾਨ ਫਸਲਾਂ 'ਤੇ ਘੱਟ ਖਰਚ ਕਰਕੇ ਵੱਧ ਮੁਨਾਫਾ ਕਮਾ ਸਕਣ।
ਖੇਤੀਬਾੜੀ ਵਿਭਾਗ ਦੇ ਮੁਖੀ ਡਾ. ਦਲੀਪ ਸਿੰਘ ਨੇ ਕਿਸਾਨਾਂ ਨੂੰ ਖੇਤੀ ਖਰਚਿਆਂ ਦੇ ਰਿਕਾਰਡ ਬਾਰੇ ਦੱਸਿਆ ਅਤੇ ਵਿਸ਼ਵਾਸ ਦਵਾਇਆ ਕਿ ਵਿਭਾਗ ਭਵਿੱਖ ਵਿਚ ਵੀ ਅਜਿਹੀਆਂ ਹੋਰ ਗਤੀਵਿਧੀਆਂ ਦਾ ਆਯੋਜਨ ਕਰਦਾ ਰਹੇਗਾ। ਕਾਲਜ ਦੇ ਵਾਇਸ ਪ੍ਰਿੰਸੀਪਲ ਡਾ. ਰਜਿੰਦਰ ਕੌਰ ਨੇ ਵੀ ਕਿਸਾਨਾਂ ਨੂੰ ਹੱਥੀਂ ਕਿਰਤ ਕਰਨ ਦੀ ਸਲਾਹ ਦਿੱਤੀ।
ਇਸ ਸਿਖਲਾਈ ਕੈਂਪ ਵਿਚ ਵਿਭਾਗ ਮੁਖੀ ਨੇ ਸਟ੍ਰਾਬੇਰੀ ਬਾਰੇ, ਡਾ. ਨਵੀਤ ਕੌਸ਼ਲ ਨੇ ਖੁੰਭਾਂ ਦੀ ਕਾਸ਼ਤ ਬਾਰੇ, ਡਾ. ਸੰਦੀਪ ਕੁਮਾਰ ਸਿੰਘ ਅਤੇ ਡਾ. ਹਰੀਸ਼ ਚੰਦਰਾ ਨੇ ਐਗਜ਼ੌਟਿਕ ਸਬਜ਼ੀਆਂ ਦੀ ਕਾਸ਼ਤ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ। ਇਸ ਮੌਕੇ 'ਤੇ ਦੋ ਵਿਕਾਸਸ਼ੀਲ ਕਿਸਾਨਾਂ ਸ. ਨਰਿੰਦਰ ਸਿੰਘ ਅਤੇ ਸ. ਅੰਮ੍ਰਿਤਪਾਲ ਸਿੰਘ ਬਾਜਵਾ ਦਾ ਸਨਮਾਨ ਵੀ ਕੀਤਾ ਗਿਆ।