ਰਾਜ ਬੱਬਰ ਵੱਲੋਂ ਟਵੀਟ ਕੀਤੀ ਤਸਵੀਰ
ਨਵੀਂ ਦਿੱਲੀ, 24 ਮਾਰਚ 2019 - ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਕਾਂਗਰਸ 'ਚ ਸ਼ਾਮਲ ਹੋਣ ਦੀਆਂ ਆਪਣੀਆਂ ਖਬਰਾਂ ਨੂੰ ਗਲਤ ਦੱਸਦਿਆਂ ਕਿਹਾ ਕਿ ਇਸ ਸਬੰਧੀ ਸਾਰੀਆਂ ਖਬਰਾਂ ਬਿਲਕੁਲ ਝੂਠੀਆਂ ਹਨ। ਐਤਵਾਰ ਨੂੰ ਸਪਨਾ ਚੌਧਰੀ ਵੱਲੋਂ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਉਹ ਰਾਜਬੱਬਰ ਨਾਲ ਕਦੇ ਵੀ ਨਹੀਂ ਮਿਲੀ ਤੇ ਜੋ ਉਸਦੀਆਂ ਪ੍ਰਿਯੰਕਾ ਗਾਂਧੀ ਨਾਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਉਹ ਤਸਵੀਰਾਂ ਪੁਰਾਣੀਆਂ ਹਨ।
ਸਪਨਾ ਦਾ ਕਹਿਣਾ ਹੈ ਕਿ ਉਸਦਾ ਕੋਈ ਟਵਿੱਟਰ ਅਕਾਊਂਟ ਵੀ ਨਹੀਂ ਹੈ। ਸਪਨਾ ਨੇ ਸਾਫ ਕਰਦਿਆਂ ਕਿਹਾ ਕਿ ਉਸਦਾ ਭਵਿੱਖ 'ਚ ਕਾਂਗਰਸ ਵੱਲੋਂ ਲੜਨ ਦਾ ਕੋਈ ਵੀ ਇਰਾਦਾ ਨਹੀਂ ਹੈ ਤੇ ਨਾ ਹੀ ਕਿਸੇ ਸਿਆਸੀ ਪਾਰਟੀ ਲਈ ਉਸਦਾ ਪ੍ਰਚਾਰ ਕਰਨ ਦਾ ਇਰਾਦਾ ਹੈ।
ਉਥੇ ਹੀ ਦੂਜੇ ਪਾਸੇ ਸਪਨਾ ਚੌਧਰੀ ਦੇ ਕਾਂਗਰਸ ਦੀ ਮੈਂਬਰਸ਼ਿਪ ਲੈਣ ਦੀ ਇਕ ਰਸੀਦ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਇਕ ਫ਼ਾਰਮ ਵੀ ਸਾਹਮਣੇ ਆਇਆ ਹੈ ਜਿਸ ਤੇ ਉਨ੍ਹਾਂ ਦੀ ਮੈਂਬਰਸ਼ਿਪ ਨਾਲ ਜੁੜੀ ਸਾਰੀ ਜਾਣਕਾਰੀ ਹੈ। ਇਸ ਫ਼ਾਰਮ ਤੇ ਸਪਨਾ ਦੇ ਦਸਤਖ਼ਤ ਵੀ ਹਨ। ਸਪਨਾ ਚੌਧਰੀ ਫਾਰਮ 'ਤੇ ਦਸਤਖਤ ਕਰਦੀ ਦੀਆਂ ਤਸਵੀਰਾਂ ਵੀ ਮੀਡੀਆ ਸਾਹਮਣੇ ਨਸ਼ਰ ਹੋਈਆਂ ਹਨ।
ਉੱਤਰ ਪ੍ਰਦੇਸ਼ ਕਾਂਗਰਸ ਦੇ ਸਕੱਤਰ ਨਰਿੰਦਰ ਰਾਠੀ ਨੇ ਕਿਹਾ ਹੈ ਕਿ ਸਪਨਾ ਚੌਧਰੀ ਨੇ ਲੰਘੀ ਦਿਨ ਸ਼ਨਿੱਚਰਵਾਰ ਨੂੰ ਖੁੱਦ ਉਨ੍ਹਾਂ ਦੀ ਹਾਜ਼ਰੀ ਚ ਇਹ ਮੈਂਬਰਸ਼ਿਪ ਫ਼ਾਰਮ ਭਰਿਆ ਸੀ। ਉਨ੍ਹਾਂ ਦੀ ਭੈਣ ਨੇ ਵੀ ਪਾਰਟੀ ਦੀ ਮੈਂਬਰਸ਼ਿਪ ਲਈ ਹੈ। ਉਨ੍ਹਾਂ ਕੋਲ ਦੋਨਾਂ ਦੇ ਫ਼ਾਰਮ ਮੌਜੂਦ ਹਨ। ਨਰਿੰਦਰ ਰਾਠੀ ਨੇ ਹੈਰਾਨੀ ਪ੍ਰਗਟਾਊਂਦਿਆਂ ਕਿਹਾ ਕਿ ਸਪਨਾ ਚੌਧਰੀ ਝੂਠ ਕਿਉਂ ਬੋਲ ਰਹੇ ਹਨ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਸਪਨਾ ਚੌਧਰੀ ਦੀ ਕਾਂਗਰਸ ਜੁਆਇਨ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਕਾਂਗਰਸੀ ਨੇਤਾ ਰਾਜ ਬੱਬਰ ਨੇ ਟਵਿੱਟਰ 'ਤੇ ਟਵੀਟ ਕਰਦਿਆਂ ਸਪਨਾ ਚੌਧਰੀ ਦੇ ਕਾਂਗਰਸ 'ਚ ਸ਼ਾਮਲ ਹੋਣ ਦੀ ਗੱਲ ਆਖੀ ਸੀ।
Raj Babbar@RajBabbarMP
सपना चौधरी जी का कांग्रेस परिवार में स्वागत !