ਨੌਜਾਵਾਨਾਂ ਨੂੰ ਪੀ.ਡੀ.ਏ ਵਿੱਚ ਸ਼ਾਮਲ ਕਰਵਾਉਂਦੇ ਹੋਏ ਡਾ. ਧਰਮਵੀਰ ਗਾਂਧੀ।
ਦਰਜਨਾਂ ਨੌਜਵਾਨ ਪੀ.ਡੀ.ਏ ਵਿੱਚ ਹੋਏ ਸ਼ਾਮਲ
ਪਟਿਆਲਾ, 02 ਅਪ੍ਰੈਲ 2019: ਨੌਜਵਾਨ ਦੇਸ਼ ਅਤੇ ਕੌਮ ਲਈ ਰੀੜ ਦੀ ਹੱਡੀ ਦਾ ਕੰਮ ਕਰਦੇ ਹਨ ਅਤੇ ਅਜੋਕੇ ਸੋਸ਼ਲ ਮੀਡੀਆ ਦੇ ਦੌਰ 'ਚ ਸਰਕਾਰਾਂ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ। ਇਹਨਾਂ ਵਿਚਾਰਾਂ ਪ੍ਰਗਟਾਵਾ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਸਮਾਣਾ ਵਿਖੇ ਦਰਜਨਾਂ ਨੌਜਵਾਨਾਂ ਅਤੇ ਪਰਿਵਾਰਾਂ ਨੂੰ ਪੀ.ਡੀ.ਏ 'ਚ ਸ਼ਾਮਲ ਕਰਾਉਣ ਉਪਰੰਤ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਕਾਂਗਰਸ ਅਤੇ ਅਕਾਲੀ-ਭਾਜਪਾ ਦੇ ਲੀਡਰਾਂ ਕੋਲੋਂ ਬੁਰੀ ਤਰ੍ਹਾਂ ਅੱਕ ਚੁੱਕੇ ਹਨ ਅਤੇ ਉਹ ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਅਤੇ ਅਕਾਲੀ-ਭਾਜਪਾ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਤਿਆਰ ਬਰ ਤਿਆਰ ਬੈਠੇ ਹਨ। ਡਾ. ਗਾਂਧੀ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਵੇਲਾ ਆ ਗਿਆ ਹੈ ਕਿ ਨੌਜਵਾਨਾਂ ਸਮੇਤ ਹਰ ਵਰਗ ਦੇ ਲੋਕ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੂੰ ਰਿਕਾਰਡਤੋੜ ਵੋਟਾਂ ਨਾਲ ਹਰਾ ਕੇ ਇਹ ਸਾਬਤ ਕਰਨ ਕਿ ਪੰਜਾਬ ਦੇ ਲੋਕਾਂ ਦੀ ਜ਼ਮੀਰ ਅਜੇ ਜਾਗਦੀ ਹੈ ਅਤੇ ਹਰ ਪੰਜਾਬੀ ਆਪਣੀ ਜ਼ਮੀਰ ਦੀ ਅਵਾਜ਼ ਸੁਣਦਾ ਹੈ।
ਡਾ. ਧਰਮਵੀਰ ਗਾਂਧੀ ਨੇ ਆਪਣੇ ਵਿਰੋਧੀ ਉਮੀਦਵਾਰਾਂ ਬਾਰੇ ਬੋਲਦਿਆਂ ਲੋਕਾਂ ਨੂੰ ਅਪੀਲ ਕਰਦਅਿਾਂ ਕਿਹਾ ਕਿ ਇੱਕ ਪਾਸੇ ਰਜਵਾੜਾਸ਼ਾਹੀ ਪਰਿਵਾਰ ਦੀ ਮਹਿਲਾਂ ਵਿੱਚ ਰਹਿਣ ਵਾਲੀ ਮਹਾਰਾਣੀ ਹੈ, ਦੂਜੇ ਪਾਸੇ ਅਮਰੀਕਾ ਵਿੱਚ ਕਾਰੋਬਾਰ ਕਰਨ ਵਾਲਾ ਧਨਾਢ ਲੀਡਰ ਹੈ, ਅਤੇ ਇੱਕ ਪਾਸੇ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ ਸਧਾਰਨ ਡਾਕਟਰ ਹੈ, ਜਿਸਨੂੰ ਤੁਸੀਂ ਕਿਸੇ ਵੇਲੇ ਵੀ ਮਿਲ ਸਕਦੇ ਹੋ ਜਦਕਿ ਧਨਾਢਾਂ ਅਤੇ ਰਜਵਾੜਿਆਂ ਦੇ ਮਹਿਲਾਂ ਵਿੱਚ ਵੜਨਾ ਖਾਲਾ ਜੀ ਦਾ ਵਾੜਾ ਨਹੀਂ। ਇਸ ਮੌਕੇ ਉਹਨਾਂ ਸ. ਰਛਪਾਲ ਸਿੰਘ ਜੋੜੇ ਮਾਜਰਾ ਨੇ ਵੀ ਸੰਬੋਧਨ ਕੀਤਾ।