ਪਟਿਆਲਾ, 07 ਅਪ੍ਰੈਲ 2019: ਚੋਣ ਕਮਿਸ਼ਨ ਨਾਲ ਰਜਿਸਟਰ ਹੋਣ ਤੋਂ ਬਾਅਦ ਨਵਾਂ ਪੰਜਾਬ ਪਾਰਟੀ ਨੇ ਅੱਜ ਆਪਣੀ ਪਲੇਠੀ ਪ੍ਰੈਸ ਕਾਨਫ਼ਰੰਸ ਵਿੱਚ ਚੋਣ ਨਿਸ਼ਾਨ 'ਮਾਈਕ' ਦੇਣ ਲਈ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ।
ਨਵਾਂ ਪੰਜਾਬ ਪਾਰਟੀ ਦੇ ਪ੍ਰਧਾਨ ਸ. ਜਗਦੇਵ ਸਿੰਘ ਗਰੇਵਾਲ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਾਰਟੀ ਨੇ ਆਪਣੀ ਸੂਬਾ ਕਾਰਜਕਾਰਨੀ ਕਮੇਟੀ ਦੀ 25 ਮਾਰਚ 2019 ਨੂੰ ਹੋਈ ਮੀਟਿੰਗ ਵਿੱਚ ਪੰਜਾਬ ਮੰਚ ਦੇ ਐਲਾਨਨਾਮੇ ਨੂੰ ਨਵਾਂ ਪੰਜਾਬ ਬਨਾਉਣ ਲਈ ਰਾਹ ਦਸੇਰਾ ਪ੍ਰਵਾਨ ਕਰ ਲਿਆ ਹੈ।
ਇਸ ਮੌਕੇ ਪ੍ਰਧਾਨ ਜਗਦੇਵ ਸਿੰਘ ਗਰੇਵਾਲ ਨੇ ਇਸ ਐਲਾਨਨਾਮੇ ਨੂੰ ਵਿਚਾਰ ਵਟਾਂਦਰੇ ਲਈ ਜਨਤਕ ਕਰ ਦਿੱਤਾ ਅਤੇ ਦੱਸਿਆ ਕਿ ਇਹ ਐਲਾਨਨਾਮਾ ਪਾਰਟੀ ਦੇ ਵਿਸਥਾਰ ਦੌਰਾਨ ਪਾਰਟੀ ਦੀਆਂ ਸਫ਼ਾਂ ਵਿੱਚ ਹੇਠਾਂ ਤੱਕ ਚਰਚਾ ਹੇਠ ਲਿਆ ਕੇ ਅਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੇ ਅਸੂਲਾਂ 'ਤੇ ਅਧਾਰਤ ਨਵਾਂ ਪੰਜਾਬ ਬਨਾਉਣ ਲਈ ਨਿਸ਼ਾਨੇ ਦੇ ਤੌਰ 'ਤੇ ਸ਼ਾਮਲ ਕੀਤਾ ਜਾਵੇਗਾ।
ਸਰਦਾਰ ਜਗਦੇਵ ਸਿੰਘ ਗਰੇਵਾਲ ਨੇ ਨਵਾਂ ਪੰਜਾਬ ਪਾਰਟੀ ਦੀ ਸੂਬਾ ਕਾਰਜਕਾਰੀ ਕਮੇਟੀ ਦੀ ਲਿਸਟ ਜਾਰੀ ਕੀਤੀ ਅਤੇ ਇਹਨਾਂ ਵਿੱਚ ਸੁਮੀਤ ਭੁੱਲਰ ਜਨਰਲ ਸਕੱਤਰ, ਜਗਜੀਤ ਸਿੰਘ ਚੀਮਾ ਮੀਤ ਪ੍ਰਧਾਨ, ਨਰਿੰਦਰ ਸਿੰਘ ਸੰਧੂ ਮੈਂਬਰ, ਰੌਬਿਨ ਅਗਰਵਾਲ ਮੈਂਬਰ, ਗੁਰਪ੍ਰੀਤ ਕੌਰ ਮੈਂਬਰ, ਸਤਨਾਮ ਦਾਊਂ ਮੈਂਬਰ, ਪ੍ਰੋਫੈਸਰ ਮਲਕੀਅਤ ਸਿੰਘ ਸੈਣੀ ਮੈਂਬਰ, ਸੁਖਵਿੰਦਰ ਸਿੰਘ ਕਾਹਲੋਂ ਮੈਂਬਰ, ਹਰਪ੍ਰੀਤ ਸਿੰਘ ਮੈਂਬਰ, ਹਰਮੀਤ ਕੌਰ ਮੈਂਬਰ, ਸਰਦਾਰ ਦਰਸ਼ਨ ਸਿੰਘ ਮੈਂਬਰ, ਕਾਮਰੇਡ ਮਹਾਵੀਰ ਸਿੰਘ ਮੈਂਬਰ, ਜਗਦੰਬਾ ਕੌਸ਼ਲ ਮੈਂਬਰ।
ਇਸ ਤੋਂ ਇਲਾਵਾ ਹੇਠ ਲਿਖੇ ਜ਼ਿਲਾ ਪ੍ਰਧਾਨਾਂ ਦਾ ਵੀ ਐਲਾਨ ਕੀਤਾ ਗਿਆ ਮੋਗਾ ਤੋਂ ਹਰਪ੍ਰੀਤ ਸਿੰਘ, ਅੰਮ੍ਰਿਤਸਰ ਤੋਂ ਜਗਤਾਰ ਗਿੱਲ, ਫਤਹਿਗੜ੍ਹ ਸਾਹਿਬ ਤੋਂ ਮੋਹਨ ਸਿੰਘ, ਸੰਗਰੂਰ ਤੋਂ ਲਾਲੀ ਸਕਰੋਦੀ, ਮੁਕਤਸਰ ਤੋਂ ਵਰਿੰਦਰ ਅਰੋੜਾ।
ਆਉਣ ਵਾਲੇ ਦਿਨਾਂ ਵਿਚ ਅਹੁਦੇਦਾਰਾਂ ਅਤੇ ਜ਼ਿਲਾ ਕਮੇਟੀਆਂ ਦਾ ਐਲਾਨ ਵੀ ਕੀਤਾ ਜਾਏਗਾ।
ਡਾ. ਧਰਮਵੀਰ ਗਾਂਧੀ ਨੇ ਇਸ ਮੌਕੇ ਪੰਜਾਬ ਜਮੂਹਰੀ ਗਠਜੋੜ ਨੂੰ ਇਕ ਨਵੀਂ ਸ਼ੁਰੂਆਤ ਦੱਸਿਆ ਅਤੇ ਕਿਹਾ ਕਿ ਗਠਜੋੜ ਦੇ ਬਣਨ ਨੇ ਉਨ੍ਹਾਂ ਸਾਰੀਆਂ ਕਾਲੀਆਂ ਜੀਭਾਂ ਨੂੰ ਠਾਕ ਦਿੱਤਾ ਹੈ ਜਿਹੜੀਆਂ 'ਭਾਂਤ ਸੁਭਾਂਤੇ' ਕਹਿ ਕੇ 'ਕੱਠੇ ਹੋਣ 'ਤੇ ਕਿੰਤੂ ਪ੍ਰੰਤੂ ਕਰਦੀਆਂ ਸਨ। ਡਾ. ਗਾਂਧੀ ਨੇ ਦਾਅਵਾ ਕੀਤਾ ਕਿ ਪੰਜਾਬ ਜਮੂਹਰੀ ਗੱਠਜੋੜ ਨੇ ਸਥਾਪਤ ਪਾਰਟੀਆਂ ਦੇ ਮੁਕਾਬਲੇ ਨਾ ਕੇਵਲ ਸੀਟਾਂ ਦੀ ਵੰਡ ਮੁਕੰਮਲ ਕਰ ਲਈ ਹੈ ਬਲਕਿ ਇਕ ਸਾਂਝਾ ਸਿਆਸੀ ਦਸਤਾਵੇਜ਼ "ਘੱਟੋ ਘੱਟ ਸਾਂਝਾ ਪ੍ਰੋਗਰਾਮ" ਤਿਆਰ ਕਰ ਲਿਆ ਹੈ, ਜੋ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਗੱਠਜੋੜ ਦੀ ਦਿਸ਼ਾ ਨਿਰਧਾਰਤ ਕਰਦਾ ਹੈ। ਡਾ. ਧਰਮਵੀਰ ਗਾਂਧੀ ਨੇ ਪ੍ਰਧਾਨ ਜਗਦੇਵ ਸਿੰਘ ਗਰੇਵਾਲ ਅਤੇ ਹੋਰਨਾਂ ਮੌਜੂਦ ਨੇਤਾਵਾਂ ਨਾਲ ਰਲ ਕੇ "ਘੱਟੋ ਘੱਟ ਸਾਂਝਾ ਪ੍ਰੋਗਰਾਮ" ਪ੍ਰੈਸ ਨੂੰ ਜਾਰੀ ਕੀਤਾ। ਇਸ ਮੌਕੇ ਤੇ ਬੀ.ਐਸ.ਪੀ ਦੇ ਸਾਹਿਬ ਸਿੰਘ ਨੈਣਾਂ, ਪੰਜਾਬ ਏਕਤਾ ਪਾਰਟੀ ਦੇ ਰਛਪਾਲ ਸਿੰਘ ਜੋੜੇਮਾਜਰਾ, ਕਮਿਊਨਿਸਟ ਪਾਰਟੀ ਦੇ ਹਰਿੰਦਰਜੀਤ ਕੌਰ, ਨਵਾਂ ਪੰਜਾਬ ਪਾਰਟੀ ਦੇ ਸਤਨਾਮ ਦਾਊਂ ਹਾਜ਼ਰ ਸਨ।
ਇਸ ਮੌਕੇ 'ਤੇ ਪ੍ਰਧਾਨ ਜਗਦੇਵ ਸਿੰਘ ਗਰੇਵਾਲ ਨੇ ਡਾ. ਧਰਮਵੀਰ ਗਾਂਧੀ ਨੂੰ ਲੋਕ ਸਭਾ ਲਈ ਪਟਿਆਲਾ ਤੋਂ ਪਾਰਟੀ ਦਾ ਉਮੀਦਵਾਰ ਐਲਾਨਿਆ ਅਤੇ ਕਿਹਾ ਕਿ ਡਾ. ਧਰਮਵੀਰ ਗਾਂਧੀ ਪਟਿਆਲਾ ਵਿੱਚ ਅਮੀਰਾਂ ਅਤੇ ਜ਼ੋਰਾਵਰਾਂ ਨਾਲ ਲੋਹਾ ਲੈਣਗੇ। ਉਨ੍ਹਾਂ ਡਾ. ਧਰਮਵੀਰ ਗਾਂਧੀ ਨੂੰ ਪੰਜਾਬ ਦੇ ਲੋਕਾਂ ਸਾਹਵੇਂ ਇਕ ਐਸਾ ਉਮੀਦਵਾਰ ਪੇਸ਼ ਕਰਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਇਹ ਉਮੀਦਵਾਰ ਕਈ ਸਾਲਾਂ 'ਤੋਂ ਇਕ ਫ਼ੈਡਰਲ ਭਾਰਤ ਅੰਦਰ ਪੰਜਾਬ ਅਤੇ ਹੋਰ ਰਾਜਾਂ ਲਈ ਖੁਦਮੁਖਤਿਆਰੀ ਲਈ ਆਵਾਜ਼ ਉਠਾ ਰਿਹਾ ਹੈ, ਇਕ ਅਜਿਹਾ ਉਮੀਦਵਾਰ ਜਿਸਨੇ ਬੇਝਿਜਕ ਪੰਜਾਬ ਦੇ ਪਾਣੀਆਂ, ਹੈੱਡਵਰਕ ਉਪਰ ਪੰਜਾਬ ਦੇ ਕੰਟਰੋਲ, ਰਾਜਧਾਨੀ ਚੰਡੀਗੜ੍ਹ, ਮਾਤਭਾਸ਼ਾ ਪੰਜਾਬੀ ਲਈ ਰੁਤਬੇ, ਜਾਬਰ ਨਸ਼ਾ ਵਿਰੋਧੀ ਕਾਨੂੰਨ ਨੂੰ ਸੋਧਣ ਅਤੇ ਪੁਲਸ ਅਤੇ ਮਾਫ਼ੀਆ ਰਾਜ ਖ਼ਤਮ ਕਰਨ ਲਈ ਸੰਘਰਸ਼ਸ਼ੀਲ ਹੈ। ਪ੍ਰਧਾਨ ਜਗਦੇਵ ਸਿੰਘ ਨੇ ਅਪੀਲ ਕੀਤੀ ਕਿ ਲੋਕ ਪਟਿਆਲੇ ਵਿਚ 'ਮਾਈਕ' 'ਤੇ ਮੋਹਰ ਲਾਕੇ ਡਾ ਗਾਂਧੀ ਨੂੰ ਜਿਤਾਉਣ, ਖਡੂਰ ਸਾਹਬ, ਬਠਿੰਡਾ ਅਤੇ ਫਰੀਦਕੋਟ ਵਿਚ ਪੰਜਾਬ ਏਕਤਾ ਪਾਰਟੀ,ਅਨੰਦਪੁਰ ਸਾਹਬ, ਹੁਸ਼ਿਆਰਪੁਰ ਅਤੇ ਜਲੰਧਰ ਵਿੱਚ ਬੀਐਸਪੀ, ਫਤਹਿਗੜ੍ਹ ਸਾਹਿਬ, ਲੁਧਿਆਣਾ ਅਤੇ ਸੰਗਰੂਰ ਵਿਚ ਲੋਕ ਇਨਸਾਫ਼ ਪਾਰਟੀ, ਫਿਰੋਜ਼ਪੁਰ ਅਤੇ ਅੰਮ੍ਰਿਤਸਰ ਵਿਚ ਭਾਰਤੀ ਕਮਿਊਨਿਸਟ ਪਾਰਟੀ ਅਤੇ ਗੁਰਦਾਸਪੁਰ ਵਿਚ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਉਮੀਦਵਾਰਾ ਨੂੰ ਆਪਣਾ ਕੀਮਤੀ ਵੋਟ ਪਾ ਕੇ ਜਿਤਾਉਣ।
ਪਾਰਟੀ ਪਰਧਾਨ ਜਗਦੇਵ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਭ੍ਰਿਸ਼ਟ ਅਤੇ ਘੁਮੰਡੀ ਕਾਂਗਰਸ ਸਰਕਾਰ ਨੂੰ ਚਲਦਾ ਕਰਨ, ਜਿਸਨੇ ਕਿਸਾਨਾਂ -ਖੇਤੀ ਮਜ਼ਦੂਰਾਂ ਦੇ ਕਰਜ਼ੇ ਮੁਆਫ਼ੀ, ਨਸ਼ਾ ਮਾਫ਼ੀਆ ਖ਼ਤਮ ਕਰਨ ਅਤੇ ਘਰ-ਘਰ ਰੋਜ਼ਗਾਰ ਦੇਣ ਦੇ ਆਪਣੇ ਵਾਅਦਿਆਂ ਨੂੰ ਪੂਰੇ ਕਰਨ ਪ੍ਰਤੀ ਸੁਹਿਰਦਤਾ ਨਹੀਂ ਦਿਖਾਈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਅਕਾਲੀ-ਬੀਜੇਪੀ ਨਾਲੋਂ ਵੀ ਵੱਧ ਨਾਕਾਮ ਸਾਬਤ ਹੋਈ ਹੈ। ਇਸ ਮੌਕੇ ਬੋਲਦਿਆਂ ਪਾਰਟੀ ਪ੍ਰਧਾਨ ਨੇ ਮੋਦੀ ਸਰਕਾਰ ਦੇ ਹਰ ਕਿਸਮ ਦੇ ਅਸਹਿਮਤੀ ਵਾਲੇ ਵਿਚਾਰਾਂ ਅਤੇ ਕਿਸਾਨਾਂ-ਮਜ਼ਦੂਰਾਂ ਦੇ ਰੋਸ ਨੂੰ ਕੁਚਲ ਦੇਣ, ਕੌਮੀਅਤਾਂ, ਧਾਰਮਕ ਘੱਟਗਿਣਤੀਆਂ, ਜਾਤਾਂ, ਭਾਸ਼ਾਵਾਂ, ਨਸਲੀ ਅਤੇ ਭਾਈਚਾਰਕ ਵਖਰੇਵਿਆਂ ਨੂੰ ਕੁੱਟ ਕੇ ਈਨ ਮਨਾ ਲੈਣ ਦੀਆਂ ਕੋਝੀਆਂ ਚਾਲਾਂ ਨਾਕਾਮ ਕਰਨ ਦਾ ਮੌਕਾ ਸੰਭਾਲਣ ਦੀ ਅਪੀਲ ਕੀਤੀ। ਪਾਰਟੀ ਦੇ ਜਨਰਲ ਸਕੱਤਰ ਸੁਮੀਤ ਭੁਲਰ ਨੇ ਲੋਕਾਂ ਨੂੰ ਡਾ. ਧਰਮਵੀਰ ਗਾਂਧੀ ਅਤੇ ਗੱਠਜੋੜ ਦੇ ਹੋਰਨਾਂ ਉਮੀਦਵਾਰਾਂ ਨੂੰ ਮਾਇਕ ਸਹਾਇਤਾ ਦੇ ਕੇ ਪੰਜਾਬੀਆਂ ਅਤੇ ਆਮ ਆਦਮੀ ਦੇ ਸੁਪਨੇ ਨੂੰ ਪੂਰਾ ਕਰਨ ਦਾ ਹੋਕਾ ਦਿੱਤਾ।
ਇਸ 'ਤੋਂ ਪਹਿਲਾਂ ਗੱਠਜੋੜ ਭਾਈਵਾਲਾਂ ਦੇ ਹੋਰਨਾਂ ਨੇਤਾਵਾਂ ਦੀ ਮੌਜੂਦਗੀ ਵਿੱਚ ਰੀਬਨ ਕੱਟ ਕੇ ਡਾ. ਧਰਮਵੀਰ ਗਾਂਧੀ ਦੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਅਤੇ ਬਾਕਾਇਦਾ ਤੌਰ 'ਤੇ ਚੋਣ ਮੁਹਿੰਮ ਦਾ ਆਗਾਜ਼ ਕੀਤਾ।