← ਪਿਛੇ ਪਰਤੋ
ਚੰਡੀਗੜ, 14 ਅਪ੍ਰੈਲ 2019: ਅੱਤਵਾਦੀ ਚੁਣੌਤੀਆਂ ਬਾਰੇ ਰਿਪੋਰਟ 2018 ਵਿੱਚ ਖਾਲਿਸਤਾਨੀ ਅੱਤਵਾਦ ਦੇ ਸਾਰੇ ਹਵਾਲੇ ਹਟਾਉਣ ਲਈ ਘਰੇਲੂ ਸਿਆਸੀ ਦਬਾਅ ਦੇ ਅੱਗੇ ਗੋਡੇ ਟੇਕਣ ਦੇ ਜਸਟਿਨ ਟਰੂਡੋ ਪ੍ਰਸ਼ਾਸਨ ਦੇ ਫੈਸਲੇ ਖਿਲਾਫ਼ ਵਿਰੋਧ ਵਿੱਚ ਸ਼ਾਮਲ ਹੁੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਭਾਰਤ ਅਤੇ ਸਮੁੱਚੇ ਸੰਸਾਰ ਦੀ ਸੁਰੱਖਿਆ ਲਈ ਖਤਰਾ ਦੱਸਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਇਸ ਫੈਸਲੇ ’ਤੇ ਗੁੱਸਾ ਪ੍ਰਗਟ ਕੀਤਾ ਹੈ । ਉਨਾਂ ਕਿਹਾ ਕਿ ਇਸ ਦਾ ਸਪਸ਼ਟ ਉਦੇਸ਼ ਇਸ ਚੋਣ ਸਾਲ ਦੌਰਾਨ ਆਪਣੇ ਸਿਆਸੀ ਹਿੱਤਾਂ ਦੀ ਰੱਖਿਆ ਕਰਨਾ ਹੈ। ਉਨਾਂ ਕਿਹਾ ਕਿ ਇਸ ਨਾਲ ਲੰਮੇ ਸਮੇਂ ਦੌਰਾਨ ਭਾਰਤ-ਕੈਨੇਡਾ ਸਬੰਧਾਂ ’ਤੇ ਗੰਭੀਰ ਅਸਰ ਪਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਟਰੂਡੋ ਇਸ ਫੈਸਲੇ ਰਾਹੀਂ ਅੱਗ ਨਾਲ ਖੇਡ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨਾਂ ਨੇ ਖੁਦ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਉਨਾਂ ਦੇ ਭਾਰਤ ਦੌਰੇ ਦੌਰਾਨ ਸਬੂਤ ਪੇਸ਼ ਕੀਤੇ ਸਨ ਜੋ ਕੈਨੇਡਾ ਦੀ ਧਰਤੀ ਨੂੰ ਵੱਖਵਾਦੀ ਖਾਲਿਸਤਾਨੀ ਵਿਚਾਰਧਾਰਾ ਦੇ ਪਸਾਰ ਅਤੇ ਮਿੱਤਰ ਦੇਸ਼ ਦੇ ਵਿਰੁੱਧ ਵਰਤੇ ਜਾਣ ਸਬੰਧੀ ਸਨ। ਮੁੱਖ ਮੰਤਰੀ ਨੇ ਕਿਹਾ ਕਿ ਟਰੂਡੋ ਨੂੰ ਕੈਨੇਡਾ ਤੋਂ ਭਾਰਤ ਵਿੱਚ ਅੱਤਵਾਦੀ ਸਰਗਰਮੀਆਂ ਲਈ ਵਿੱਤ ਮੁਹੱਈਆ ਕਰਾਉਣ ਵਿੱਚ ਸ਼ਾਮਲ ਖਾਲਿਸਤਾਨੀ ਕਾਰਕੰੁਨਾਂ ਬਾਰੇ ਸੂਚਨਾ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਪਸ਼ਟ ਤੱਥ ਹੈ ਕਿ ਟਰੂਡੋ ਦੀ ਪਾਰਟੀ ਵਾਸਤੇ ਅਜਿਹੇ ਕਾਰਕੁੰਨਾਂ ਅਤੇ ਵੱਖਵਾਦੀਆਂ ਦੁਆਰਾ ਲਹਿਰਾਂ ਬਹਿਰਾਂ ਲਾਈਆਂ ਹਨ। ਉਨਾਂ ਨੇ ਵੱਖ ਵੱਖ ਖਾਲਿਸਤਾਨੀ ਹਵਾਲੇ ਹਟਾਉਣ ਦੀ ਤਿੱਖੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਨਵੀਂ ਚੁਣੌਤੀ ਰਿਪੋਰਟ ਵਿੱਚੋ ਖਾਲਿਸਤਾਨੀ ਸੰਗਠਨਾਂ ਨੂੰ ਬਾਹਰ ਰੱਖਣਾ ਸ਼ਾਂਤੀ ਪਸੰਦ ਵਿਸ਼ਵ ਭਾਈਚਾਰੇ ਦੀਆਂ ਨਜ਼ਰਾਂ ਵਿੱਚ ਨਾ ਮੁਆਫ਼ੀਯੋਗ ਕਾਰਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹਾ ਕਾਰਾ ਅੱਤਵਾਦੀ ਸਰਗਰਮੀਆਂ ਨੂੰ ਸਹਿਮਤੀ ਦੇਣ ਅਤੇ ਯਥਾਰਥ ਵਿੱਚ ਅੱਤਵਾਦ ਨੂੰ ਹੁਲਾਰਾ ਦੇਣ ਦੇ ਬਰਾਬਰ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਰਿਪੋਰਟ ਵਿੱਚ ਕੈਨੇਡਾ ਸਰਕਾਰ ਦੁਆਰਾ ਕੀਤੀਆਂ ਗਈਆਂ ਚੋਣਵੀਆਂ ਤਬਦੀਲੀਆਂ ਦੀ ਤਿੱਖੀ ਆਲੋਚਨਾ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਕੈਨੇਡਾ ਸਰਕਾਰ ਦੀਆਂ ਸਿਆਸੀ ਮਜ਼ਬੂਰੀਆਂ ਦਾ ਸਪਸ਼ਟ ਮਾਮਲਾ ਲਗਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੈਨੇਡਾ ਵਿੱਚ ਆਉਂਦੀਆਂ ਚੋਣਾਂ ਦੇ ਮੱਦੇਨਜ਼ਰ ਟਰੂਡੋ ਨੇ ਪ੍ਰਤੱਖ ਤੌਰ ’ਤੇ ਸੁਰੱਖਿਅਤ ਖੇਡ ਖੇਡੀ ਹੈ ਜੋ ਕਿ ਇਸ ਨੇ ਦਬਾਅ ਹੇਠ ਕੀਤਾ ਹੈ। ਇਸ ਪ੍ਰਕਿਰਿਆ ਦੌਰਾਨ ਉਸਨੇ ਇਸ ਦੇ ਉਲਟ ਪ੍ਰਭਾਵਾਂ ਨੂੰ ਅਣਗੌਲਿਆ ਹੈ। ਇਸ ਨਾਲ ਨਾ ਕੇਵਲ ਕੈਨੇਡਾ ਅਤੇ ਭਾਰਤ ਦੇ ਸਬੰਧਾਂ ’ਤੇ ਅਸਰ ਪਵੇਗਾ ਸਗੋਂ ਇਸ ਨਾਲ ਸਿਆਸੀ ਸਥਿਰਤਾ ’ਤੇ ਵੀ ਪ੍ਰਭਾਵ ਪਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਇਸ ਤਰਾਂ ਦੀਆਂ ਕਾਰਵਾਈਆਂ ਨਾਲ ਕੱਟੜਪੰਥੀਆਂ ਨੂੰ ਉਤਸ਼ਾਹਿਤ ਕਰਨ ਵਿਰੁੱਧ ਕੈਨੇਡਾ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਉਨਾਂ ਕਿਹਾ ਕਿ ਇਹ ਭਾਰਤ ਅਤੇ ਕੈਨੇਡਾ ਦੋਵਾਂ ਦੇ ਹਿੱਤਾਂ ਨੂੰ ਨਿਰਧਾਰਤ ਕਰਨ ਦੇ ਨਾਲ ਨਾਲ ਸੰਸਾਰ ਭਾਈਚਾਰੇ ਦੇ ਹਿੱਤਾਂ ਨਾਲ ਵੀ ਸਬੰਧਤ ਹੈ। ਉਨਾਂ ਕਿਹਾ ਕਿ ਸੰਸਾਰ ਕਿਸੇ ਵੀ ਸੂਰਤ ਵਿੱਚ ਅੱਤਵਾਦ ਨੂੰ ਸਹਿਣ ਨਹੀਂ ਕਰ ਸਕਦਾ।
Total Responses : 267