ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਹੋਰ।
ਲੁਧਿਆਣਾ, 14 ਅਪਰੈਲ 2019: ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਖੰਨਾ ਪੁਲਸ ਵਲੋਂ 6.65 ਕਰੋੜ ਰੁਪਏ ਦੀ ਕੀਤੀ ਗਈ ਹੇਰਾਫੇਰੀ ਸਬੰਧੀ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਅਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਸੀ ਕਿ ਖੰਨਾ ਪੁਲਸ ਨੇ ਜਲੰਧਰ ਦੇ ਪਾਦਰੀ ਦੇ ਘਰੋਂ ਮਿਲੇ ਤਕਰੀਬਮ 7 ਕਰੋੜ ਰੁਪਏ ਗਾਇਬ ਕੀਤੇ ਹਨ ਅਤੇ ਹੁਣ ਇਹ ਪੈਸੇ ਸੂਬੇ ਦੇ ਕਾਂਗਰਸੀ ਆਗੂਆਂ ਅਤੇ ਲੋਕ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੇ ਘਰਾਂ ਵਿੱਚ ਪੁੱਜ ਚੁੱਕੇ ਹਨ, ਜੋ ਇਸ ਨਾਲ ਚੋਣਾਂ ਦੌਰਾਨ ਵੋਟਰਾਂ ਦੀ ਖਰੀਦੋ ਫਰੋਖਤ ਕਰਨਗੇ। ਉਕਤ ਗੱਲਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਪੀਡੀਏ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਅੱਜ ਲੁਧਿਆਣਾ ਦੇ ਚੰਡੀਗੜ ਰੋਡ ਸਥਿਤ ਐਲਆਈਜੀ ਫਲੈਟਾਂ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਵਿਧਾਇਕ ਬੈਂਸ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਸਭ ਤੋਂ ਪਹਿਲਾਂ ਲੋਕ ਇਨਸਾਫ ਪਾਰਟੀ ਦੇ ਭਾਰਤ ਦੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਅਤੇ ਜਾਂਚ ਦੌਰਾਨ ਸਾਹਮਣੇ ਆ ਚੁੱਕਾ ਹੈ ਕਿ ਪੈਸੇ ਗਾਇਬ ਕੀਤੇ ਗਏ, ਜਿਸ ਸਬੰਧੀ ਪੁਲਸ ਅਧਿਕਾਰੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਅਤੇ ਦੋ ਏਐਸਆਈ ਭਗੌੜੇ ਹੋ ਚੁੱਕੇ ਹਨ। ਵਿਧਾਇਕ ਬੈਂਸ ਨੇ ਸ਼ੰਕਾ ਜਾਹਰ ਕੀਤੀ ਕਿ ਬੇਸ਼ੱਕ ਇਸ ਮਾਮਲੇ ਦੇ ਸਾਰੇ ਪਰਦੇ ਹੌਲੀ ਹੌਲੀ ਉੱਠ ਰਹੇ ਹਨ ਪਰ ਸਰਕਾਰ ਇਸ ਮਾਮਲੇ ਨੂੰ ਜਲਦੀ ਵਿੱਚ ਨਿਪਟਾਉਣ ਤੇ ਲੱਗੀ ਹੋਈ ਹੈ, ਜਦੋਂ ਕਿ ਖੁਰਦ ਬੁਰਦ ਕੀਤਾ ਗਿਆ ਸਾਰਾ ਪੈਸਾ ਸੂਬੇ ਦੇ ਸੀਨੀਅਰ ਕਾਂਗਰਸੀ ਆਗੂਆਂ ਸਮੇਤ ਕਾਂਗਰਸ ਵਲੋਂ ਚੋਣ ਲੜ ਰਹੇ ਉਮੀਦਵਾਰਾਂ ਦੇ ਘਰਾਂ ਵਿੱਚ ਪੁੱਜ ਚੁੱਕਾ ਹੈ ਅਤੇ ਵੋਟਾਂ ਦੌਰਾਨ ਕਾਂਗਰਸ ਪਾਰਟੀ ਇਸ ਪੈਸੇ ਨਾਲ ਨਸ਼ਾ ਸਪਲਾਈ ਕਰੇਗੀ ਅਤੇ ਵੋਟਰਾਂ ਨੂੰ ਨਗਦੀ ਦੇ ਰੂਪ ਵਿੱਚ ਵੀ ਦਿੱਤਾ ਜਾਵੇਗਾ। ਵਿਧਾਇਕ ਬੈਂਸ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਇਹ ਖੁਰਦ ਬੁਰਦ ਕੀਤਾ ਗਿਆ ਪੈਸਾ ਬਰਾਮਦ ਕਰਵਾਇਆ ਜਾਵੇ, ਤਾਂ ਜੋ ਇਹ ਵੀ ਸਾਹਮਣੇ ਆ ਸਕੇ ਕਿ ਇਹ ਪੈਸਾ ਕਿਹੜੇ ਕਿਹੜੇ ਆਗੂ ਦੇ ਘਰ ਵਿੱਚੋਂ ਬਰਾਮਦ ਹੁੰਦਾ ਹੈ ਅਤੇ ਲੋਕਾਂ ਨੂੰ ਵੀ ਪਤਾ ਲੱਗ ਸਕੇ, ਕਿ ਉਹ ਕਿਹੜੇ ਇਮਾਨਦਾਰੀ ਉਮੀਦਵਾਰ ਨੂੰ ਵੋਟ ਪਾਉਣ ਜਾ ਰਹੇ ਹਨ, ਜਿਸ ਦੇ ਘਰੋਂ ਛਾਪੇਮਾਰੀ ਦਾ ਪੈਸਾ ਕਿਸ ਤਰਾਂ ਪੁੱਜ ਗਿਆ। ਯਾਦ ਰਹੇ ਕਿ ਜਲੰਧਰ ਕੈਥੋਲਿਕ ਚਰਚ ਦੇ ਸੀਨੀਅਰ ਫਾਦਰ ਅਤੇ ਪ੍ਰਤਾਪਪੁਰਾ ਜਨਰਲੇਟ ਦੇ ਮੁੱਖ ਫਾਦਰ ਐਲਬਨੀ ਦੇ ਘਰ ਤੋਂ ਖੰਨਾ ਪੁਲਸ ਨੇ 29 ਮਾਰਚ ਨੂੰ 16 ਕਰੋੜ 65 ਲੱਖ ਰੁਪਏ ਬਰਾਮਦ ਕੀਤੇ ਸਨ ਪਰ ਅਗਲੇ ਹੀ ਦਿਨ ਖੰਨਾ ਪੁਲਸ ਨੇ ਆਮਦਨ ਅਤੇ ਕਰ ਵਿਭਾਗ ਨੂੰ ਸਿਰਫ 9 ਕਰੋੜ 65 ਲੱਖ ਰੁਪਏ ਮਿਲਣ ਦੀ ਹੀ ਸੂਚਨਾ ਦਿੱਤੀ ਅਤੇ ਖੰਨਾ ਪੁਲਸ ਨੇ 6.65 ਕਰੋੜ ਰੁਪਏ ਅੱਗੇ ਪਿੱਛੇ ਕਰ ਦਿੱਤੇ।