ਬਾਬਾ ਸਾਹਿਬ ਦੀ ਵਿਚਾਰਧਾਰਾ ਸਮੱਝਣ ਦਾ ਸੱਦਾ
ਸ੍ਰੀ ਮੁਕਤਸਰ ਸਾਹਿਬ, 14 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਬਰਾੜ)
ਜ਼ਿਲਾ ਪ੍ਰਸਾਸ਼ਨ ਵੱਲੋਂ ਅੱਜ ਸੰਵਿਧਾਨ ਨਿਰਮਾਤਾ, ਭਾਰਤ ਰਤਨ ਡਾ: ਬੀ.ਆਰ. ਅੰਬੇਦਕਰ ਜੀ ਦੇ 128ਵੇਂ ਜਨਮ ਦਿਨ ਮੌਕੇ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ: ਰਿਚਾ ਆਈ.ਏ.ਐਸ. ਸਮੇਤ ਸਮੂਹ ਹਾਜਰੀਨ ਨੇ ਬਾਬਾ ਸਾਹਿਬ ਦੇ ਬੁੱਤ ਤੇ ਫੁੱਲ ਭੇਂਟ ਕਰਕੇ ਉਨਾਂ ਦੀ ਦੇਸ਼ ਅਤੇ ਸਮਾਜ ਪ੍ਰਤੀ ਵੱਡੀ ਦੇਣ ਨੂੰ ਯਾਦ ਕੀਤਾ ਗਿਆ।
ਇਸ ਤੋਂ ਬਾਅਦ ਉਨਾਂ ਦੀ ਵਿਚਾਰਧਾਰਾ ਅਤੇ ਜੀਵਨ ਦਰਸ਼ਨ ਸਬੰਧੀ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਡਾ: ਰਿਚਾ ਨੇ ਸੱਦਾ ਦਿੱਤਾ ਕਿ ਸਾਨੂੰ ਡਾ: ਬੀ.ਆਰ. ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਸਮਝ ਕੇ ਆਪਣੇ ਜੀਵਨ ਵਿਚ ਧਾਰਨ ਕਰਨਾ ਚਾਹੀਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਡਾ: ਰਿਚਾ ਨੇ ਕਿਹਾ ਕਿ ਜੇਕਰ ਅੱਜ ਸਾਡੇ ਕੋਲ ਡਾ: ਬੀ.ਆਰ. ਅੰਬੇਦਕਰ ਜੀ ਦਾ ਬਣਾਇਆ ਸੰਵਿਧਾਨ ਨਾ ਹੁੰਦਾ ਤਾਂ ਸਾਡਾ ਸਮਾਜ ਅੱਜ ਵਾਂਗ ਵਿਵਸਥਿਤ ਨਾ ਹੁੰਦਾ। ਉਨਾਂ ਨੇ ਕਿਹਾ ਕਿ ਸਾਨੂੰ ਇਤਿਹਾਸ ਨੂੰ ਸਮਝਦੇ ਸਮੇਂ ਇਤਿਹਾਸਕ ਪ੍ਰਸਥਿਤੀਆਂ ਨੂੰ ਵੀ ਸਮੱਝਣਾ ਚਾਹੀਦਾ ਹੈ ਤਾਂਹੀ ਸਾਡੇ ਇਤਿਹਾਸਕ ਮਹਾਂ ਪੁਰਖਾਂ ਦੇ ਜੀਵਨ ਦਰਸ਼ਨ ਨੂੰ ਅਸੀਂ ਬਿਹਤਰ ਤਰੀਕੇ ਨਾਲ ਸਮਝ ਸਕਾਂਗੇ।
ਉਨਾਂ ਨੇ ਕਿਹਾ ਕਿ 1947 ਵਿਚ ਜਦ ਮੁਲਕ ਨੂੰ ਸੁਤੰਤਰਤਾ ਮਿਲੀ ਤਾਂ ਅਸੀਂ ਅੰਗਰੇਜਾਂ ਦੀ ਗੁਲਾਮੀ ਤੋਂ ਤਾਂ ਮੁਕਤੀ ਪਾ ਲਈ ਪਰ ਉਸ ਸਮੇਂ ਸਮਾਜਿਕ ਨਾ ਬਰਾਬਰੀ, ਛੂਆਛੂਤ ਆਦਿ ਵਰਗੀਆਂ ਵੱਡੀਆਂ ਕੁਰੀਤੀਆਂ ਤੋਂ ਅਜਾਦੀ ਪਾਉਣੀ ਬਾਕੀ ਸੀ ਅਤੇ ਇਹ ਸਭ ਸੰਭਵ ਹੋ ਸਕਿਆ ਡਾ: ਬੀ.ਆਰ. ਅੰਬੇਦਕਰ ਜੀ ਵੱਲੋਂ ਲਿਖੇ ਸੰਵਿਧਾਨ ਨਾਲ।
ਵਧੀਕ ਡਿਪਟੀ ਕਮਿਸ਼ਨਰ ਡਾ: ਰਿਚਾ ਨੇ ਇਸ ਮੌਕੇ ਵਿਸੇਸ਼ ਤੌਰ ਤੇ ਕਿਹਾ ਕਿ ਜੇਕਰ ਅਸੀਂ ਇਕ ਚੰਗਾ ਸਮਾਜ ਸਿਰਜਣਾ ਹੈ ਤਾਂ ਜਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵੱਡੇ ਹੋਣ ਅਤੇ ਆਪਣੇ ਸਮਝ ਵਿਕਸਤ ਕਰਨ ਲਈ ਉਨਾਂ ਨੂੰ ਅਜਿਹਾ ਮਹੌਲ ਦੇਈਏ ਜਿਸ ਵਿਚ ਉਨਾਂ ਨੂੰ ਆਪਣੀ ਖੁਦ ਦੀ ਸੋਚ ਵਿਕਸਤ ਕਰਨ ਦਾ ਮੌਕਾ ਮਿਲੇ ਅਤੇ ਉਨਾਂ ਤੇ ਸਾਡੀ ਸੋਚ ਭਾਰੂ ਨਾ ਪਵੇ। ਉਨਾਂ ਨੇ ਕਿਹਾ ਕਿ ਸਾਨੂੰ ਵੀ ਆਪਣੀ ਸੋਚ ਅਤੇ ਨਜਰੀਆ ਬਦਲਨਾ ਪਵੇਗਾ।
ਉਨਾਂ ਕਿਹਾ ਕਿ ਪੜਾਈ ਦਾ ਮਤਲਬ ਸਿਰਫ ਕਮਾਈ ਕਰਨ ਦੇ ਯੋਗ ਹੋਣਾ ਹੀ ਨਹੀਂ ਹੈ ਸਗੋਂ ਸਾਡੀ ਸੋਚ ਨੂੰ ਖੁੱਲੇ ਅੰਬਰਾਂ ਵਿਚ ਉਡਾਰੀ ਲਗਾਉਣ ਦੇ ਯੋਗ ਬਣਾਉਣਾ ਹੈ।
ਡਾ: ਰਿਚਾ ਨੇ ਕਿਹਾ ਕਿ ਸਾਡੇ ਸੰਵਿਧਾਨ ਘਾੜਿਆਂ ਨੇ ਜਿੱਥੇ ਸੰਵਿਧਾਨ ਰਾਹੀਂ ਸਾਨੂੰ ਬੁਨਿਆਦੀ ਹੱਕ ਦਿੱਤੇ ਹਨ ਉਥੇ ਸਾਡੇ ਕੁਝ ਫਰਜ ਵੀ ਨਿਰਧਾਰਤ ਕੀਤੇ ਹਨ ਜਿੰਨਾਂ ਤੇ ਹਰੇਕ ਨਾਗਰਿਕ ਨੂੰ ਪਹਿਰਾ ਦੇਣਾ ਚਾਹੀਦਾ ਹੈ। ਉਨਾਂ ਨੇ ਕਿਹਾਕਿ ਸਾਨੂੰ ਆਪਣੇ ਵੋਟ ਹੱਕ ਦੀ ਵਰਤੋਂ ਬਿਨਾਂ ਕਿਸੇ ਡਰ ਭੈਅ ਜਾਂ ਲਾਲਚ ਦੇ ਕਰਨੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਜ਼ਿਲਾ ਸਿੱਖਿਆ ਅਫ਼ਸਰ ਸ: ਮਲਕੀਤ ਸਿੰਘ, ਪਿ੍ਰੰਸੀਪਲ ਸ੍ਰੀ ਦਵਿੰਦਰ ਰਜੌਰੀਆ, ਤਹਿਸੀਲ ਭਲਾਈ ਅਫ਼ਸਰ ਸ੍ਰੀ ਅਸ਼ੋਕ ਕੁਮਾਰ ਨੇ ਵੀ ਡਾ: ਬੀ.ਆਰ. ਅੰਬੇਦਕਰ ਜੀ ਦੇ ਜੀਵਨ ਬਾਰੇ ਵਿਸਥਾਰ ਨਾਲ ਆਪਣੇ ਵਿਚਾਰ ਰੱਖੇ। ਜ਼ਿਲਾ ਭਲਾਈ ਅਫ਼ਸਰ ਸ੍ਰੀ ਹਰਪਾਲ ਸਿੰਘ ਗਿੱਲ ਨੇ ਸਮਾਗਮ ਦੇ ਅੰਤ ਵਿਚ ਸਭ ਦਾ ਧੰਨਵਾਦ ਕੀਤਾ ਜਦ ਕਿ ਮੰਚ ਸੰਚਾਲਣ ਜ਼ਿਲਾ ਲੋਕ ਸੰਪਰਕ ਅਫ਼ਸਰ ਸ: ਭੁਪਿੰਦਰ ਸਿੰਘ ਬਰਾੜ ਨੇ ਕਿਤਾ। ਇਸ ਮੌਕੇ ਸਭ ਨੇ ਵੋਟਰ ਪ੍ਰਣ ਵੀ ਕੀਤਾ।
ਇਸ ਮੌਕੇ ਜ਼ਿਲਾ ਪ੍ਰੀਸ਼ਦ ਦੇ ਸੀ.ਈ.ਓ. ਸ੍ਰੀ ਇੰਦਰਜੀਤ ਸਿੰਘ, ਉਪ ਜ਼ਿਲਾ ਸਿੱਖਿਆ ਅਫ਼ਸਰ ਮਨਛਿੰਦਰ ਕੌਰ, ਪਿ੍ਰੰਸੀਪਲ ਸਾਧੂ ਸਿੰਘ ਰੋਮਾਣਾ, ਸ੍ਰੀ ਰਾਜ ਕੁਮਾਰ, ਸੁਪਰਡੈਂਟ ਨੱਛਤਰ ਸਿੰਘ ਮਧੀਰ, ਨਾਜਰ ਸ: ਜਗਤਾਰ ਸਿੰਘ, ਗੌਰਵ ਦੁੱਗਲ, ਸ਼ਮਿੰਦਰ ਬੱਤਰਾ ਆਦਿ ਵੀ ਹਾਜਰ ਸਨ।