ਨਵਾਂ ਸ਼ਹਿਰ, 15 ਅਪਰੈਲ 2019: ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਵਿਨੈ ਬਬਲਾਨੀ ਵੱਲੋਂ ਅੱਜ ਜ਼ਿਲ੍ਹੇ ’ਚ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਅਧਿਕਾਰੀਆਂ ਨੂੰ ਮਤਦਾਨ ਸਟਾਫ਼ ਅਤੇ ਮਤਦਾਨ ਕੇਂਦਰਾਂ ਨਾਲ ਸਬੰਧਤ ਕਾਰਜ ਸਮੇਂ ਸਿਰ ਪੂਰੇ ਕਰਨ ਦੇ ਨਿਰਦੇਸ਼ ਦਿੱਤੇ।
ਸਥਾਨਕ ਸੁਵਿਧਾ ਕੇਂਦਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਨੁਪਮ ਕਲੇਰ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਚੋਣ ਅਮਲ ਨਾਲ ਜੁੜੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਨੇ ਚੋਣ ਪ੍ਰਕਿਰਿਆ ਦੇ ਸਭ ਤੋਂ ਜ਼ਰੂਰੀ ਹਿੱਸੇ ਪੋਲਿੰਗ ਪਾਰਟਟੀਆਂ ਦੀ ਟ੍ਰੇਨਿੰਗ ਨੂੰ ਸਮੇਂ ਸਿਰ ਕਰਵਾਉਣ ਲਈ ਆਖਿਆ। ਚੋਣ ਅਮਲ ਨਾਲ ਜੁੜੇ ਪੋਲਿੰਗ ਸਟਾਫ਼ ਦੀ ਪਹਿਲੀ ਸਿਖਲਾਈ 28 ਅਪਰੈਲ ਨੂੰ ਰੱਖੀ ਗਈ। ਦੂਸਰੀ ਸਿਖਲਾਈ 12 ਮਈ ਨੂੰ ਅਤੇ ਤੀਸਰੀ ਸਿਖਲਾਈ 15 ਮਈ ਨੂੰ ਕਰਵਾਈ ਜਾਵੇਗੀ। ਚੌਥੀ ਤੇ ਆਖਰੀ ਸਿਖਲਾਈ 18 ਮਈ ਨੂੰ ਰੱਖੀ ਗਈ ਹੈ, ਜਿਸ ਦੌਰਾਨ ਉਨ੍ਹਾਂ ਨੂੰ ਈ ਵੀ ਐਮਜ਼/ਵੀ ਵੀ ਪੀ ਏ ਟੀ ਤੇ ਹੋਰ ਚੋਣ ਸਮੱਗਰੀ ਵੀ ਸੌਂਪੀ ਜਾਵੇਗੀ। ਜ਼ਿਲ੍ਹੇ ’ਚ 2850 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮਤਦਾਨ ਵਾਲੇ ਦਿਨ ਚੋਣ ਡਿਊਟੀ ’ਤੇ ਲਾਇਆ ਜਾਵੇਗਾ ਤਾਂ ਜੋ ਚੋਣ ਅਮਲ ਨੂੰ ਨਿਰਵਿਘਨ ਨੇਪਰੇ ਚਾੜ੍ਹਿਆ ਜਾ ਸਕੇ।
ਉਨ੍ਹਾਂ ਇਸ ਤੋਂ ਇਲਾਵਾ ਪੋਲਿੰਗ ਸਟਾਫ਼ ਦੀ ਪਹਿਲੀ ਰੈਂਡੇਮਾਈਜ਼ੇਸ਼ਨ ਜੋ ਕਿ 19 ਅਪਰੈਲ ਨੂੰ ਹੋਣੀ ਹੈ, ਸਬੰਧੀ ਵੀ ਜ਼ਿਲ੍ਹਾ ਸੂਚਨਾ ਅਫ਼ਸਰ ਵਿਸ਼ਾਲ ਸ਼ਰਮਾ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਈ ਵੀ ਐਮਜ਼ ਦੀ ਦੂਸਰੇ ਪੜਾਅ ਦੀ ਰੈਂਡੇਮਾਈਜ਼ੇਸ਼ਨ ਜੋ ਕਿ ਸਹਾਇਕ ਰਿਟਰਨਿੰਗ ਪੱਧਰ ’ਤੇ 4 ਤੇ 5 ਮਈ ਨੂੰ ਕੀਤੀ ਜਾਣੀ ਹੈ, ਬਾਰੇ ਵੀ ਦੱਸਿਆ ਗਿਆ।
ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਜ਼ਿਲ੍ਹੇ ’ਚ 1.1.19 ਨੂੰ 18 ਸਾਲ ਦੀ ਉਮਰ ਯੋਗਤਾ ਪੂਰੀ ਕਰਦੇ ਨਾਗਰਿਕਾਂ ਦੀਆਂ ਵੋਟਾਂ ਬਣਾਉਣ ਦੀ ਆਖਰੀ ਮਿਤੀ 19 ਅਪਰੈਲ ਬਾਰੇ ਦੱਸਦਿਆਂ, ਡਿਪਟੀ ਕਮਿਸ਼ਨਰ ਨੇ 19 ਅਪਰੈਲ ਤੱਕ ਪ੍ਰਾਪਤ ਹੋਣ ਵਾਲੇ ਸਮੂਹ ਫ਼ਾਰਮ ਨੰ. 6 ਦਾ ਨਿਪਟਾਰਾ 27 ਅਪਰੈਲ ਤੱਕ ਹਰ ਹਾਲ ’ਚ ਕਰਨ ਦੀ ਹਦਾਇਤ ਵੀ ਕੀਤੀ।
ਜ਼ਿਲ੍ਹਾ ਸਿਖਿਆ ਅਫ਼ਸਰ (ਸੈਕੰਡਰੀ) ਹਰਚਰਨ ਸਿੰਘ ਨੂੰ ਹਰੇਕ ਪੋਲਿੰਗ ਬੂਥ ’ਤੇ ਕਤਾਰ ਪ੍ਰਬੰਧਨ ਲਈ 18 ਸਾਲ ਤੋਂ ਘੱਟ ਉਮਰ ਦੇ ਚਾਰ-ਚਾਰ ਵਿਦਿਆਰਥੀ ਵਾਲੰਟੀਅਰ ਲਾਏ ਜਾਣ ਲਈ, ਉਨ੍ਹਾਂ ਦੀ ਸੂਚੀਆਂ ਵਿਧਾਨ ਸਭਾ ਹਲਕਾ ਵਾਰ ਸੌਂਪਣ ਲਈ ਆਖਿਆ ਗਿਆ। ਇਨ੍ਹਾਂ ਵਾਲੰਟੀਅਰਾਂ ਨੂੰ ਵੀ ਬਾਕਾਇਦਾ ਸਿਖਲਾਈ ਦਿੱਤੀ ਜਾਵੇਗੀ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜੀਤ ਕੌਰ ਨੂੰ ਲਾਚਾਰ ਦਿਵਿਆਂਗ ਮਤਦਾਤਾਵਾਂ ਨੂੰ ਬੂਥ ਤੱਕ ਲਿਆਉਣ ਅਤੇ ਬੂਥਾਂ ’ਤੇ ਆਉਣ ਵਾਲੇ ਦਿਵਿਆਂਗ ਮਤਦਾਤਾਵਾਂ ਨੂੰ ਮਤਦਾਨ ਕਰਨ ’ਚ ਸਹਾਇਤਾ ਦੇਣ ਲਈ ਆਂਗਨਵਾੜੀ ਵਾਲੰਟੀਅਰ ਤਿਆਰ ਕਰਨ ਲਈ ਆਖਿਆ ਗਿਆ।
ਜ਼ਿਲ੍ਹਾ ਮਾਲ ਅਫ਼ਸਰ ਕਮ ਨੋਡਲ ਅਫ਼ਸਰ ਪੋਲਟਲ ਬੈਲੇਟ ਵਿਪਿਨ ਭੰਡਾਰੀ ਨੂੰ ਚੋਣ ਡਿਊਟੀ ’ਤੇ ਲੱਗੇ ਕਰਮਚਾਰੀਆਂ/ਅਧਿਕਾਰੀਆਂ ਦੇ ਫ਼ਾਰਮ 12 ਏ ਸਮੇਂ ਸਿਰ ਭਰਵਾ ਕੇ ਉਨ੍ਹਾਂ ਦੇ ਜ਼ਿਲ੍ਹਿਆਂ ’ਚ ਭੇਜਣ ਅਤੇ ਪੋਸਟਲ ਬੈਲੇਟ ਲਈ ਫ਼ਾਰਮ 12 ਸਮੇਂ ਸਿਰ ਭਰਵਾਉਣ ਲਈ ਆਖਿਆ ਗਿਆ।
ਇਸ ਤੋਂ ਇਲਾਵਾ 10 ਫ਼ੀਸਦੀ ਚੋਣ ਬੂਥਾਂ ਦੀ ਵੈਬਕਾਸਟਿੰਗ ਦੇ ਪ੍ਰਬੰਧ ਕਰਕੇ ਰੱਖਣ, 200 ਦੇ ਕਰੀਬ ਮਾਈਕ੍ਰੋ ਅਬਜ਼ਰਵਰਾਂ ਦੀਆਂ ਸੂਚੀਆਂ ਤਿਆਰ ਕਰਨ, ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ’ਚ ਪੈਂਦੇ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਗਿਣਤੀ ਲਈ 14-14 ਗਿਣਤੀ ਟੇਬਲਾਂ ਮੁਤਾਬਕ ਇੱਕ-ਇੱਕ ਕਾਊਂਟਿੰਗ ਸੁਪਰਵਾਈਜ਼ਰ ਤੇ ਇੱਕ-ਇੱਕ ਕਾਊਂਟਿੰਗ ਸਹਾਇਕ ਦੀ ਸੂਚੀ ਤਿਆਰ ਕਰਨ ਲਈ ਵੀ ਆਖਿਆ ਗਿਆ।