← ਪਿਛੇ ਪਰਤੋ
ਬਲਾਚੌਰ, 15 ਅਪਰੈਲ,2019 : ਸਾਬਕਾ ਮੁੱਖ ਸੰਸਦੀ ਸਕੱਤਰ ਪੰਜਾਬ ਚੌ. ਨੰਦ ਲਾਲ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਕਰੀਮਪੁਰ ਧਿਆਨੀ ਵਿਖੇ ਪੂਰਣ ਸਰਕਾਰੀ ਸਨਮਾਨਾਂ ਨਾਲ ਅੰਤਮ ਵਿਦਾਇਗੀ ਦਿੱਤੀ ਗਈ। ਉਨ੍ਹਾਂ ਦਾ ਕਲ੍ਹ ਆਈ ਵੀ ਵਾਈ ਮੋਹਾਲੀ ਵਿਖੇ ਦੇਹਾਂਤ ਹੋ ਗਿਆ ਸੀ। ਅੰਤਮ ਸਸਕਾਰ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਵਿਨੈ ਬਬਲਾਨੀ ਵੱਲੋਂ ਸਵ. ਚੌ. ਨੰਦ ਲਾਲ ਦੀ ਮਿ੍ਰਤਕ ਦੇਹਾ ’ਤੇ ਫੁੱਲ ਮਾਲਾ ਅਰਪਿਤ ਕੀਤੀ ਗਈ। ਅੰਤਮ ਸਸਕਾਰ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਹਥਿਆਰਬੰਦ ਸਲਾਮੀ ਦਿੱਤੀ ਗਈ। ਚੌ. ਨੰਦ ਲਾਲ ਸਾਲ 1997 ਤੋਂ ਲੈ ਕੇ ਸਾਲ 2017 ਤੱਕ ਲਗਾਤਾਰ ਬਲਾਚੌਰ ਵਿਧਾਨ ਸਭਾ ਹਲਕੇ ਦੀ ਪੰਜਾਬ ਵਿਧਾਨ ਸਭਾ ’ਚ ਪ੍ਰਤੀਨਿਧਤਾ ਕਰਨ ਤੋਂ ਇਲਾਵਾ ਦੋ ਵਾਰ ਪੰਜਾਬ ਸਰਕਾਰ ’ਚ ਮੁੱਖ ਸੰਸਦੀ ਸਕੱਤਰ ਵੀ ਰਹੇ। ਉਹ ਆਪਣੇ ਪਿੱਛੇ ਪਰਿਵਾਰ ’ਚ ਦੋ ਪੁੱਤਰ ਸ੍ਰੀ ਰਾਮਪਾਲ ਚੌਧਰੀ ਤੇ ਸ੍ਰੀ ਅਸ਼ੋਕ ਚੌਧਰੀ ਛੱਡ ਗਏ ਹਨ। ਉਨ੍ਹਾਂ ਦੇ ਦੇਹਾਂਤ ’ਤੇ ਕਲ੍ਹ ਮੁੱਖ ਮੰਤਰੀ ਪੰਜਾਬ ਨੇ ਦੁੱਖ ਪ੍ਰਗਟ ਕਰਦਿਆਂ ਆਪਣੇ ਸ਼ੋਕ ਸੰਦੇਸ਼ ਵਿੱਚ ਚੌਧਰੀ ਨੰਦ ਲਾਲ ਨੂੰ ਇਕ ਵਧੀਆ ਸਿਆਸਤਦਾਨ ਅਤੇ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਲੋਕ ਆਗੂ ਦੱਸਿਆ ਸੀ, ਜਿਨ੍ਹਾਂ ਨੇ ਕੰਢੀ ਖੇਤਰ ਦੇ ਸਮੁੱਚੇ ਵਿਕਾਸ ਅਤੇ ਦੱਬੇ ਕੁਚਲੇ ਲੋਕਾਂ ਦੀ ਭਲਾਈ ਲਈ ਅਣਥੱਕ ਕਾਰਜ ਕੀਤਾ। ਮੁੱਖ ਮੰਤਰੀ ਨੇ ਆਖਿਆ ਸੀ ਕਿ ਚੌਧਰੀ ਨੰਦ ਲਾਲ ਨੂੰ ਹੇਠਲੇ ਪੱਧਰ ’ਤੇ ਲੋਕਾਂ ਨਾਲ ਨੇੜੇ ਦੇ ਸੰਪਰਕਾਂ ਵਾਸਤੇ ਸਭਨਾਂ ਖਾਸਕਰ ਬਲਾਚੌਰ ਇਲਾਕੇ ਦੇ ਲੋਕਾਂ ਵੱਲੋਂ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਨ੍ਹਾਂ ਚੌਧਰੀ ਨੰਦ ਲਾਲ ਦੀ ਮੌਤ ਨੂੰ ਸਿਆਸਤ ਵਿੱਚ ਇਕ ਵੱਡਾ ਖਲਾਅ ਵੀ ਕਰਾਰ ਦਿੱਤਾ ਸੀ ਜਿਸ ਨੂੰ ਭਰਿਆ ਜਾਣਾ ਬਹੁਤ ਮੁਸ਼ਕਿਲ ਹੈ।
Total Responses : 872