(ਲੋਕੇਸ਼ ਰਿਸ਼ੀ)
ਗੁਰਦਾਸਪੁਰ, 17 ਅਪ੍ਰੈਲ 2019: ਭਾਰਤ ਅਤੇ ਪਾਕਿਸਤਾਨ ਵਿਚਕਾਰ ਬਨਣ ਜਾ ਰਹੇ ਸ਼੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਤਕਨੀਕੀ ਪਹਿਲੂਆਂ ਨੂੰ ਲੈ ਕੇ ਦੋਹਾ ਦੇਸ਼ਾਂ ਦੀਆਂ ਟੀਮਾਂ ਵਿੱਚ ਚੱਲ ਰਹੀ ਮੀਟਿੰਗ ਖਤਮ ਹੋ ਚੁੱਕੀ ਹੈ। ਮੰਗਲਵਾਰ ਸਵੇਰੇ 10:30 ਵਜੇ ਦੇ ਕਰੀਬ ਡੇਰਾ ਬਾਬਾ ਨਾਨਕ ਬਾਰਡਰ ਵਿਖੇ ਸਥਿਤ ਜ਼ੀਰੋ ਲਾਈਨ ਤੇ ਸ਼ੁਰੂ ਹੋਈ ਇਹ ਮੀਟਿੰਗ ਦੁਪਹਿਰ ਕਰੀਬ ਸਵਾ 2 ਵਜੇ ਸਮਾਪਤ ਹੋਈ।
ਹਾਲਾਂ ਕਿ ਸਬੰਧਤ ਅਧਿਕਾਰੀਆਂ ਨੇ ਪੁਰਾ ਸਮਾਂ ਮੀਡੀਆ ਤੋਂ ਦੂਰੀ ਬਰਕ਼ਰਾਰ ਰੱਖੀ ਅਤੇ ਕਵਰੇਜ ਲਈ ਪਹੁੰਚੀ ਮੀਡੀਆ ਨੂੰ ਬੈਠਕ ਵਾਲੀ ਜਗ੍ਹਾ ਤੋਂ ਕਾਫੀ ਪਿੱਛੇ ਰੋਕ ਦਿੱਤਾ ਗਿਆ।ਇਸ ਦੇ ਨਾਲ ਹੀ ਪੁਰੀ ਮੀਟਿੰਗ ਦੌਰਾਨ ਸ਼੍ਰੀ ਕਰਤਾਰਪੁਰ ਸਾਹਿਬ ਦੇ ਦੂਰਬੀਨ ਜ਼ਰੀਏ ਦਰਸ਼ਨ ਕਰਨ ਤੇ ਵੀ ਰੋਕ ਲਗਾ ਦਿੱਤੀ ਗਈ।
ਮੀਟਿੰਗ ਖ਼ਤਮ ਹੋਣ ਉਪਰੰਤ ਸਬੰਧਿਤ ਅਧਿਕਾਰੀ ਬੀਨਾ ਮੀਡੀਆ ਨਾਲ ਮੁਖਾਤਿਬ ਹੋਏ ਹੀ ਵਾਪਿਸ ਚਲੇ ਗਏ। ਹਾਲਾਂ ਕਿ ਜੇਕਰ ਸੂਤਰਾਂ ਦੀ ਮੰਨੀਏ ਤਾਂ ਦੋਹਾਂ ਦੇਸ਼ਾਂ ਦੇ ਨੁਮਾਇੰਦਿਆਂ ਦਰਮਿਆਨ ਲੱਗਭਗ ਸਾਢੇ 4 ਘੰਟੇ ਚਲੀ ਇਸ ਬੈਠਕ 'ਚ ਰਾਵੀ ਦਰਿਆ ਉੱਪਰ ਇਕ ਪੁਲ ਦੀ ਉਸਾਰੀ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਰਵੀ ਦਰਿਆ ਉਪਰ ਇਸ ਪੁਲ ਦੀ ਉਸਾਰੀ ਦਾ ਮੁੱਖ ਮਕਸਦ ਬਰਸਾਤੀ ਮੌਸਮ ਜਾ ਹੋਰ ਕਾਰਨਾਂ ਦੇ ਚਲਦਿਆਂ ਦਰਿਆ ਵਿਖੇ ਪਾਣੀ ਦੇ ਵਧਦੇ ਸਤਰ ਤੋਂ ਸ਼ਰਧਾਲੂਆਂ ਨੂੰ ਸੁਰੱਖਿਅਤ ਰਖਿਆ ਜਾਣਾ ਹੈ। ਇਸ ਦੇ ਨਾਲ ਹੀ ਕਾਰੀਡੋਰ ਦੀ ਸੜ੍ਹਕ, ਸਬੰਧਤ ਵਿਭਾਗਾਂ ਦੇ ਦਫਤਰ ਅਤੇ ਬਾਕੀ ਹੋਰ ਕੀਤੀਆਂ ਜਾਣ ਵਾਲੀਆਂ ਉਸਾਰੀਆਂ ਤੇ ਗਹਿਰੀ ਚਰਚਾ ਵੀ ਕੀਤੀ ਗਈ।
ਉਮੀਦ ਜਤਾਈ ਜਾ ਰਹੀ ਹੈ ਕਿ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਸੂਚਨਾ ਪੱਤਰ ਜਾਰੀ ਕਰ ਕੇ ਪੂਰੇ ਮਾਮਲੇ ਸਬੰਧੀ ਚੰਨਣ ਪਾਇਆ ਜਾਵੇ ਗਾ।
ਏਥੇ ਦੱਸਣਯੋਗ ਹੈ ਕਿ ਭਾਰਤ ਵਾਲੇ ਪਾਸਿਓਂ ਵੀ ਕਰਤਾਰਪੁਰ ਕਾਰੀਡੋਰ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਸਮੇਂ ਲੁਧਿਣਾ ਦੀ ਸ਼ੀਤਲ ਕੰਸਟਕਸ਼ਨ ਕੰਪਨੀ ਭਾਰਤ ਵਾਲੇ ਪਾਸਿਓਂ ਕਾਰੀਡੋਰ ਨਿਰਮਾਣ ਦਾ ਕੰਮ ਕਰ ਰਹੀ ਹੈ। ਕਾਰੀਡੋਰ ਸਬੰਧੀ ਇਕ ਰੋਡ ਤੋੰ ਇਲਾਵਾ ਦੋ ਪੁਲਾਂ ਦਾ ਨਿਰਮਾਣ ਕੀਤਾ ਜਾਣਾ ਹੈ। ਜਿਸ ਵਿਚ ਪਹਿਲਾ ਪੂਲ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਦਰਸ਼ਨ ਸਥਲ ਤੇ ਕੰਡਿਆਲੀ ਤਿਆਰ ਦੇ ਉਪਰੋਂ ਗੁਜ਼ਰੇਗਾ ਅਤੇ ਦੂਸਰਾ ਪੁਲ ਭਾਰਤ ਪਾਕਿਤਾਨ ਅਤੇ ਭਾਰਤ ਦੇ ਵਿਚਕਾਰ ਵਗਦੇ ਰਵੀ ਦਰਿਆ ਤੇ ਬਣਾਉਣ ਦੀ ਯੋਜਨਾ ਹੈ।