ਸਰੀ -ਡੈਲਟਾ 17 ਅਪ੍ਰੈਲ 2019: ਸ਼ਹੀਦ ਊਧਮ ਸਿੰਘ ਸੁਸਾਇਟੀ ਆਫ ਕੈਨੇਡਾ ਵੱਲੋਂ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ -ਡੈਲਟਾ ਦੇ ਸਹਿਯੋਗ ਨਾਲ ਇੱਥੋਂ ਦੇ ਸੀਨੀਅਰ ਸੈਂਟਰ ਵਿਖੇ ਜਲ੍ਹਿਆਂ ਵਾਲਾ ਬਾਗ ਦੀ ਪਹਿਲੀ ਸ਼ਤਾਬਦੀ ਨੂੰ ਸਮਰਪਿਤ ਸੌ ਸਾਲਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਇਸ ਸ਼ਹੀਦੀ ਸਾਕੇ ਸਬੰਧੀ ਅਣਛੋਹੇ ਪਹਿਲੂਆਂ ਤੋਂ ਇਲਾਵਾ ਮੌਜੂਦਾ ਸਮੇਂ ਵਿੱਚ ਇਸ ਦੀ ਪ੍ਰਸੰਗਿਕਤਾ ਬਾਰੇ ਬੁਲਾਰਿਆਂਨੇ ਵਿਚਾਰ ਸਾਂਝੇ ਕੀਤੇ। ਸਮਾਗਮ 'ਚ ਬੋਲਦਿਆਂ ਸੁਖਦੀਪ ਸਿੰਘ ਬਰਨਾਲਾ ਨੇ ਆਪਣੀ ਡਾਕੂਮੈਂਟਰੀ ਦੇ ਹਵਾਲੇ ਨਾਲ ਇਸ ਦੁਖਾਂਤ ਸਬੰਧੀ 'ਅੰਮ੍ਰਿਤਸਰ ਸਾਹਿਬ ਦਾ ਨਜ਼ਰੀਆ' ਪੇਸ਼ ਕੀਤਾ ਅਤੇ ਲੰਡਨ ਤੇ ਦਿੱਲੀ ਦੇ ਨਜ਼ਰੀਏ ਨੂੰ ਰੱਦ ਕੀਤਾ। ਡਾ ਗੁਰਵਿੰਦਰ ਸਿੰਘ ਧਾਲੀਵਾਲ ਨੇ ਇਤਿਹਾਸਕ ਹਵਾਲਿਆਂ ਨਾਲ ਰੋਲਟ ਐਕਟ ਤੋਂ ਵਧੇਰੇ ਖਤਰਨਾਕ ਮੌਜੂਦਾ ਕਾਨੂੰਨਾਂ ਅਤੇ ਸਿਆਸਤ ਤੇ ਕਾਬਜ਼ ਕਾਲੇ ਅੰਗਰੇਜ਼ਾਂ ਦੀ ਧੱਕੇਸ਼ਾਹੀ ਦਾ ਜ਼ਿਕਰ ਕਰਦਿਆਂ ਜਿੱਥੇ 100 ਸਾਲਾ ਦੁਖਾਂਤ ਦੀ ਮੁਆਫ਼ੀ ਦੀ ਪ੍ਰੋੜਤਾ ਕੀਤੀ, ਉੱਥੇ ਮੌਜੂਦਾ ਫਾਸ਼ੀਵਾਦੀ ਹਕੂਮਤ ਦੀ ਆਲੋਚਨਾ ਵੀ ਕੀਤੀl ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ ਹਰਭਜਨ ਸਿੰਘ ਸੇਖੋਂ (ਦਾਖਾ) ਨੇ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਸਬੰਧੀ ਤੱਥ ਸਾਂਝੇ ਕਰਦਿਆਂ ਕਿਹਾ ਕਿ ਸ਼ਹੀਦ ਦੀ ਗੱਲ ਕਰਨ ਤੋਂ ਬਿਨਾਂ ਜਲ੍ਹਿਆਂ ਵਾਲੇ ਬਾਗ਼ ਦਾ ਘਟਨਾ- ਕਰਮ ਅਤੇ ਇਤਿਹਾਸ ਅਧੂਰਾ ਹੈ। ਡਾ ਪ੍ਰਿਥੀਪਾਲ ਸਿੰਘ ਸੋਹੀ ਨੇ ਵਿਚਾਰ ਸਾਂਝੇ ਕਰਦਿਆਂ ਜਿੱਥੇ ਸੌ ਸਾਲਾਂ ਸੈਮੀਨਾਰ ਦੇ ਖੋਜ ਭਰਪੂਰ ਪੱਖਾਂ ਨੂੰ ਅਹਿਮ ਕਰਾਰ ਦਿੱਤਾ ਉੱਥੇ ਅਖੌਤੀ ਮਾਫ਼ੀਨਾਮਿਆਂ ਦੀ ਥਾਂ ਸਰਕਾਰਾਂ ਨੂੰ ਜਬਰ- ਜ਼ੁਲਮ ਅਤੇ ਅੱਤਿਆਚਾਰੀ ਕਾਨੂੰਨ ਤਿਆਗਣ 'ਤੇ ਜ਼ੋਰ ਦਿੱਤਾ। ਭੁਪਿੰਦਰ ਸਿੰਘ ਮੱਲੀ ਵੱਲੋਂ ਸੈਮੀਨਾਰ "ਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਜੋ ਸਿਆਸਤਦਾਨ ਜ਼ਾਲਮਾਂ ਦੇ ਹੱਕ ਅਤੇ ਲੋਕਾਂ ਦੇ ਵਿਰੋਧ 'ਚ ਖੜ੍ਹਦੇ ਹਨ, ਨਕਾਰੇ ਜਾਂਦੇ ਹਨ। ਇਸ ਦੌਰਾਨ ਬੀਸੀ ਦੇ ਸਾਬਕਾ ਪ੍ਰੀਮੀਅਰ ਉੱਜਲ ਦੁਸਾਂਝ ਵੱਲੋਂ ਕੈਨੇਡਾ ਦੀ ਪਬਲਿਕ ਸੇਫਟੀ ਰਿਪੋਰਟ ਵਿੱਚ ਦਰਜ ਸਿੱਖ ਦਹਿਸ਼ਤਵਾਦ ਸ਼ਬਦ ਹਟਾਏ ਜਾਣ 'ਤੇ ਕੀਤੀ ਆਲੋਚਨਾ ਨੂੰ, ਰੱਦ ਕਰਦਿਆਂ ਮੌਕਾਪ੍ਰਸਤੀ ਦੀ ਜ਼ਹਿਰੀਲੀ ਬਿਆਨਬਾਜ਼ੀ ਕਰਾਰ ਦਿੱਤਾ ਗਿਆ। ਹੋਰਨਾਂ ਬੁਲਾਰਿਆਂ ਵਿੱਚ ਸ. ਬਲਦੇਵ ਸਿੰਘ ਸਹੋਤਾ ਨੇ 13 ਅਪਰੈਲ 1919 ਨੂੰ ਵਾਪਰੇ ਜਲ੍ਹਿਆਂ ਵਾਲਾ ਬਾਗ ਦੇ ਦੁਖਾਂਤ ਤੋਂ ਪਹਿਲਾਂ ਦੀਆਂ ਘਟਨਾਵਾਂ ਤੇ ਪੱਖ ਦੀ ਵੀ ਗੱਲਬਾਤ ਕੀਤੀ। 100ਸਾਲਾ ਸੈਮੀਨਾਰ ਵਿੱਚ ਡਾ ਹਰਭਜਨ ਸਿੰਘ ਸੇਖੋਂ ਦੀ ਜਲ੍ਹਿਆਂ ਵਾਲੇ ਬਾਗ਼ ਦੇ ਸ਼ਹੀਦੀ ਸਾਕੇ ਸਬੰਧੀ ਲਿਖੀ ਕਿਤਾਬ ਲੋਕ ਅਰਪਣ ਕੀਤੀ ਗਈ।ਸੀਨੀਅਰ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਵੱਲੋਂ ਸਮਾਗਮ 'ਚ ਪੁੱਜੇ ਬੁਲਾਰਿਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਹਾਜ਼ਰ ਹੋਰਨਾਂ ਸ਼ਖਸ਼ੀਅਤਾਂ ਵਿੱਚ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਨਿੱਜਰ ਅਤੇ ਸਮੂਹ ਪ੍ਰਬੰਧਕ ਸਹਿਬਾਨ, ਸ਼ਹੀਦ ਊਧਮ ਸਿੰਘ ਸੁਸਾਇਟੀ ਕੈਨੇਡਾ ਦੇ ਨਮਾਇੰਦੇ ਕਰਮਜੀਤ ਸਿੰਘ ਸੁਨਾਮ, ਬਲਬੀਰ ਸਿੰਘ ਮੋਮੀ, ਹਰਭਜਨ ਸਿੰਘ ਅਠਵਾਲ, ਇੰਡੀਅਨ ਐਬਰੋਡ ਪਲਿਓਰਿਸਟ ਸੁਸਾਇਟੀ ਦੇ ਪ੍ਰਸ਼ੋਤਮ ਦੁਸਾਂਝ, ਮਹਿਕ ਪੰਜਾਬ ਦੀ ਟੈਲੀਵਿਜ਼ਨ ਦੇ ਕਮਲਜੀਤ ਸਿੰਘ ਥਿੰਦ, ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇ ਮਨਮੋਹਨ ਸਿੰਘ ਸਮਰਾ, ਕਨੇਡੀਅਨ ਪੰਜਾਬ ਟਾਈਮਜ਼ ਦੇ ਸੰਪਾਦਕ ਰਸ਼ਪਾਲ ਸਿੰਘ ਗਿੱਲ, ਪ੍ਰਿੰਸੀਪਲ ਮਲੂਕ ਚੰਦ ਕਲੇਰ, ਬੀਬੀ ਦਵਿੰਦਰ ਕੌਰ ਜੌਹਲ, ਭਾਈ ਗਗਨ ਸਿੰਘ, ਦਲਵਿੰਦਰ ਸਿੰਘ ਜੌਹਲ ਅਤੇ ਪੰਜਾਬੀ ਸਾਹਿਤਕਾਰਾਂ ਚੋਂ ਅਹਿਮ ਸ਼ਖ਼ਸੀਅਤਾਂ ਸ਼ਾਮਿਲ ਸਨ। ਪ੍ਰਬੰਧਕਾਂ ਵੱਲੋਂ ਸੌ ਸਾਲਾ ਸੈਮੀਨਾਰ ਦੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਗੁਰਮੀਤ ਸਿੰਘ ਤੂਰ ਵੱਲੋਂ ਸਟੇਜ ਦਾ ਸੰਚਾਲਣ ਬਾਖੂਬੀ ਨਿਭਾਇਆ ਗਿਆ ਅਤੇ ਨਾਲੋਂ- ਨਾਲ ਇਤਿਹਾਸ ਬਾਰੇ ਰੌਸ਼ਨੀ ਪਾਈ ਗਈ। ਸਮੁੱਚੇ ਰੂਪ ਵਿੱਚ ਨਵੀਂ ਖੋਜ ਅਤੇ ਵਿਚਾਰ- ਚਿੰਤਨ ਦੀ ਦ੍ਰਿਸ਼ਟੀ ਤੋਂ 100 ਸਾਲਾ ਸੈਮੀਨਾਰ ਯਾਦਗਾਰੀ ਹੋ ਨਿਬੜਿਆ।