ਨਿਊਜ਼ੀਲੈਂਡ ਦੀ ਕਬੱਡੀ ਟੀਮ ਜੋ ਆਸਟਰੇਲੀਆ ਵਿਖੇ ਖੇਡਣ ਜਾਵੇਗੀ।
ਔਕਲੈਂਡ 17 ਅਪ੍ਰੈਲ 2019 (ਹਰਜਿੰਦਰ ਸਿੰਘ ਬਸਿਆਲਾ): 19 ਅਪ੍ਰੈਲ ਨੂੰ ਮੈਲਬੌਰਨ ਆਸਟਰੇਲੀਆ ਵਿਖੇ 32ਵੀਂ ਸਿੱਖ ਖੇਡਾਂ ਹੋ ਰਹੀਆਂ ਹਨ ਜਿਨ੍ਹਾਂ ਵਿਚ ਨਿਊਜ਼ੀਲੈਂਡ ਤੋਂ ਲਗਪਗ 150 ਖਿਡਾਰੀ ਭਾਗ ਲੈਣ ਪਹੁੰਚ ਰਹੇ ਹਨ। ਇਸ ਵਾਰ ਇਥੋਂ ਐਨੈ ਪੰਜਾਬੀ ਜਾ ਰਹੇ ਹਨ ਕਿ ਜ਼ਹਾਜ਼ ਦੀਆਂ ਇਕੋਨਮੀ ਕਲਾਸ ਟਿਕਟਾਂ ਮੁਸ਼ਕਿਲ ਨਾਲ ਮਿਲ ਰਹੀਆਂ ਹਨ। ਨਿਊਜ਼ੀਲੈਂਡ ਤੋਂ ਜਾ ਰਹੀ ਕਬੱਡੀ ਟੀਮ ਵੀ ਇਸ ਵਾਰ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ। 'ਮਾਲਵਾ ਐਨ. ਜ਼ੈਡ' ਦੇ ਟਾਈਟਲ ਹੇਠ ਖੇਡਣ ਜਾ ਰਹੀ ਕਬੱਡੀ ਟੀਮ ਦੇ ਵਿਚ 9 ਖਿਡਾਰੀ ਸ਼ਾਮਿਲ ਹਨ ਜਿਨ੍ਹਾਂ ਵਿਚ 6 ਜਾਫੀ ਅਤੇ 3 ਰੇਡਰ ਹਨ। ਇਕ ਜਾਂ ਦੋ ਖਿਡਾਰੀ ਅੰਤਰਰਾਸ਼ਟਰੀ ਪੱਧਰ ਦੇ ਵੀ ਸ਼ਾਮਿਲ ਕੀਤੇ ਜਾ ਸਕਦੇ ਹਨ। ਇਸ ਟੀਮ ਦੇ ਵਿਚ ਕੁਝ ਹੋਰ ਖੇਡ ਕਲੱਬਾਂ ਦੇ ਖਿਡਾਰੀਆਂ ਦੀ ਚੋਣ ਕਰਕੇ ਨਿਊਜ਼ੀਲੈਂਡ ਦੇਸ਼ ਦੀ ਟੀਮ ਬਣਾਈ ਗਈ ਹੈ, ਜਿਸ ਦੀ ਸਾਰੀ ਦੇਖ-ਰੇਖ 'ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ' ਵੱਲੋਂ ਕੀਤੀ ਜਾ ਰਹੀ ਹੈ। ਕਲੱਬ ਦੇ ਅਹੁਦੇਦਾਰਾਂ ਵਿਚੋਂ ਸ. ਝਿਰਮਲ ਸਿੰਘ, ਦੀਪਾ ਬਰਾੜ, ਗੈਰੀ ਬਰਾੜ ਅਤੇ ਗੁਰਭੇਜ ਬਰਾੜ ਵੀ ਨਾਲ ਹੀ ਵੀਰਵਾਰ ਨੂੰ ਫਲਾਈਟ ਫੜ ਰਹੇ ਹਨ। ਇਸ ਸਾਰੇ ਪ੍ਰਬੰਧ ਦੇ ਵਿਚ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦਾ ਵੀ ਖਾਸ ਸਹਿਯੋਗ ਹੈ ਅਤੇ ਇਸਦੇ ਅਹੁਦੇਦਾਰ ਸ. ਤੀਰਥ ਸਿੰਘ ਅਟਵਾਲ, ਸ. ਅਵਤਾਰ ਸਿੰਘ ਤਾਰੀ ਅਤੇ ਸ. ਵਰਿੰਦਰ ਸਿੰਘ ਬਰੇਲੀ ਵੀ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਲਈ ਮੈਲਬੌਰਨ ਜਾ ਰਹੇ ਹਨ।
ਪੂਲ ਸੀ ਮੈਚਾਂ ਦਾ ਵੇਰਵਾ: ਮਾਲਵਾ ਐਨ. ਜ਼ੈਡ ਦਾ ਪਹਿਲਾ ਮੈਚ ਸਿਡਨੀ ਸਿੱਖਜ਼ ਦੇ ਨਾਲ, ਦੂਜਾ ਮੈਚ ਬ੍ਰਿਸਬੇਨ ਕਬੱਡੀ ਕਲੱਬ ਅਤੇ ਤੀਜਾ ਮੈਚ ਬਾਬਾ ਦੀਪ ਸਿੰਘ ਕਲੱਬ ਵੂਲਗੂਲਗਾ ਨਾਲ ਖੇਡਿਆ ਜਾਵੇਗਾ। ਕੁੱਲ ਚਾਰ ਪੂਲ ਬਣਾਏ ਗਏ ਹਨ। ਇਨ੍ਹਾਂ ਮੈਚਾਂ ਦਾ ਸਮਾਂ ਖੇਡ ਮੈਦਾਨ ਵਿਚ ਜਾ ਕੇ ਪਤਾ ਲੱਗੇਗਾ। ਫਾਈਨਲ ਮੈਚ ਐਤਵਾਰ ਨੂੰ ਹੋਵੇਗਾ ਅਤੇ ਇਸ ਵਿਚ 20 ਰੇਡਾਂ ਪ੍ਰਤੀ ਹਾਫ ਰਹਿਣਗੀਆਂ।
ਇਸ ਤੋਂ ਇਲਾਵਾ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਵਾਲੀਵਾਲ ਦੀ ਓਪਨ ਟੀਮ ਵੀ ਪਹੁੰਚ ਰਹੀ ਹੈ। ਮੈਚਾਂ ਦੀ ਕਵਰੇਜ਼ ਵਾਸਤੇ ਕੁਝ ਮੀਡੀਆ ਕਰਮੀ ਵੀ ਜਾ ਰਹੇ ਹਨ ਜੋ ਕਿ 'ਪੰਜਾਬੀ ਹੈਰਲਡ' ਵੈਬਸਾਈਟ ਰਾਹੀਂ ਅੱਪਡੇਟ ਰੱਖਣਗੇ।