ਐਸ.ਏ.ਐਸ ਨਗਰ, 17 ਅਪ੍ਰੈਲ 2019: ਅੱਜ ਸੰਸਥਾ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਵੱਲੋਂ ‘ਸੰਸਾਰ ਤੰਬਾਕੂ ਵਿਰੋਧੀ ਦਿਵਸ’ ਨੂੰ ਸਮਰਪਿਤ ਸੈਂਕੜੇ ਹੀ ਵਿਦਿਆਰਥੀਆਂ ਦਾ 22ਵਾਂ ਪੇਟਿੰਗ ਮੁਕਾਬਲਾ ਖਾਲਸਾ ਕਾਲਜ ਆਫ ਟੈਕਨਾਲੋਜੀ ਐਡ ਬਿਜਨਸ ਸਟੱਡੀਜ, ਫੇਜ 3ਏ ਵਿਖੇ ਕਰਵਾਇਆ ਗਿਆ। ਇਸ ਵਿੱਚ ਮੋਹਾਲੀ ਦੇ ਵੱਖ-ਵੱਖ ਸਕੂਲਾਂ ਦੇ 600 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੀ ਕਲਾ ਰਾਹੀਂ ਤੰਬਾਕੂ ਦੀਆਂ ਹਾਨੀਆਂ ਨੂੰ ਪੋਸਟਰਾਂ ’ਤੇ ਉਕੇਰੀਆਂ। ਇਸ ਮੌਕੇ ਵਿਸ਼ੇਸ਼ ਮਹਿਮਾਨ ਵੱਜੋਂ ਪ੍ਰੋਗਰਾਮ ਵਿੱਚ ਸ਼ਾਮਿਲ ਹੋਈ ਸਿਵਲ ਸਰਜਨ ਮੋਹਾਲੀ, ਡਾਕਟਰ ਰੀਟਾ ਭਾਰਦਵਾਜ ਨੇ ਕਿਹਾ ਕਿ ਤੰਬਾਕੂ ਅੱਜ ਦੇ ਦੌਰ ਤੇ ਦੇਸ਼ ਅਤੇ ਸਮਾਜ ਲਈ ਸੱਬ ਤੋਂ ਵੱਡੀ ਸਿਹਤ ਚਣੌਤੀ ਹੈ I ਓਹਨਾ ਕਿਹਾ ਕਿ ਬੱਚਿਆਂ ਨੂੰ ਤੰਬਾਕੂ ਦੇ ਮਾਰੂ ਪ੍ਰਭਾਵਾਂ ਬਾਰੇ ਸ਼ੁਰੂਆਤ ਤੋਂ ਹੀ ਜਾਗਰੂਕ ਕਰਕੇ ਆਉਣ ਵਾਲੀ ਨਸਲਾਂ ਦਾ ਭਵਿੱਖ ਸੁਰਖਿਅਤ ਬਣਾਇਆ ਜਾ ਸਕਦਾ ਹੈ I ਜੇਕਰ ਅਸੀਂ ਸ਼ੁਰੁਆਤ ਤੋਂ ਹੀ ਬੱਚਿਆਂ ਨੂੰ ਤੰਬਾਕੂ ਤੋਂ ਬਚਾ ਲਈਏ ਤਾਂ ਫੇਰ ਦੁਸਰੀ ਤਰਾਂ ਦੇ ਨਸ਼ਿਆਂ ਨੂੰ ਵੀ ਠੱਲ ਪਾਈ ਜਾ ਸਕਦੀ ਹੈ ਕਿਉਂਕਿ ਹਰ ਇਕ ਨਸ਼ੇ ਦਾ ਆਦਿ ਵਿਅਕਤੀ ਆਪਣੀ ਜਿੰਦਗੀ ਵਿੱਚ ਨਸ਼ੇ ਦੀ ਸ਼ੁਰੁਆਤ ਤੰਬਾਕੂ ਤੋਂ ਹੀ ਕਰਦਾ ਹੈ I
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਪ੍ਰਧਾਨ ਬੀਬੀ ਓਪਿੰਦਰਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਆਉਣ ਵਾਲੀ ਨਸਲਾਂ ਨੂੰ ਤੰਬਾਕੂ ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣ ਦੇ ਟੀਚੇ ਨੂੰ ਲੈ ਕੇ ਉਹਨਾਂ ਦੀ ਸੰਸਥਾ ਪਿਛਲੇ ਦੋ ਦਹਾਕਿਆ ਤੋਂ ਵੀ ਵੱਧ ਸਮੇਂ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਤੰਬਾਕੂ ਕੰਟਰੋਲ ਲਈ ਕਾਮ ਕਰ ਰਹੀ ਹੈ I ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹਏ ਸੰਸਥਾ ਦੀ ਸੰਸਥਾਪਕ ਸਵ. ਬੀਬੀ ਅਮਤੇਸ਼ਵਰ ਕੌਰ ਨੇ 1998 ਵਿੱਚ ਇਹਨਾਂ ਮੁਕਾਬਲਿਆਂ ਦੀ ਸ਼ੁਰੁਆਤ ਕੀਤੀ ਸੀ I ਉਹਨਾਂ ਕਿਹਾ ਕਿ ਇਹਨਾਂ ਮੁਕਾਬਲਿਆਂ ਦੀ ਤਿਆਰੀ ਦੌਰਾਨ ਵਿਦਿਆਰਥੀ ਤੰਬਾਕੂ ਦੇ ਮਨੁੱਖੀ ਸਰੀਰ ਤੇ ਖਤਰਨਾਕ ਪ੍ਰਭਾਵਾਂ ਬਾਰੇ ਪੜਦੇ, ਜਾਣਦੇ ਅਤੇ ਉਹਨਾਂ ਨੂੰ ਤਸਵੀਰਾਂ ਰਾਹੀਂ ਉਕੇਰਦੇ ਹਨ ਅਤੇ ਇਸ ਨਾਲ ਉਹਨਾਂ ਦੀ ਸੋਚ ਵਿੱਚ ਤਬਦੀਲੀ ਆਉਦੀ ਹੈ ।
ਸੰਸਥਾ ਦੀ ਮੀਤ ਪ੍ਰਧਾਨ ਬੀਬੀ ਸੁਰਜੀਤ ਕੌਰ ਸੈਣੀ ਨੇ ਕਿਹਾ ਕਿ ਜੇਕਰ ਅਸੀਂ ਵਿਦਿਆਰਥੀਆਂ ਨੂੰ 20 ਸਾਲ ਦੀ ਉਮਰ ਤੱਕ ਤੰਬਾਕੂ ਨਸ਼ੇ ਤੋਂ ਬਚਾ ਲਈਏ ਤਾਂ ਉਹ ਸਾਰੀ ਉਮਰ ਇਸ ਨਸ਼ੇ ਨੂੰ ਹੱਥ ਨਹੀਂ ਲਗਾਉਦੇ । ਉਹਨਾਂ ਕਿਹਾ ਕਿ ਸੰਸਥਾ ਵੱਲੋਂ ਇਹਨਾਂ ਮੁਕਾਬਲਿਆਂ ਰਾਹੀਂ ਨਵੀਂ ਪੀੜੀ ਨੂੰ ਤੰਬਾਕੂ ਤੋਂ ਬਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ।
“ਸੰਸਾਰ ਤੰਬਾਕੂ ਰਹਿਤ ਦਿਵਸ” ਦੇ ਮੌਕੇ ਤੇ ਦਿੱਤਾ ਜਾਵੇਗਾ ਸਨਮਾਨ
ਮੁਕਾਬਲੇ ਵਿੱਚ ਚੌਥੀ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਸੀ ਅਤੇ ਹਰੇਕ ਗਰੁੱਪ ਦੇ ਪਹਿਲੇ, ਦੂਜੇ ਅਤੇ ਤੀਜੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ‘ਸੰਸਾਰ ਤੰਬਾਕੂ ਰਹਿਤ ਦਿਵਸ’ ਦੇ ਸਮਾਗਮ ਤੇ ਸਨਮਾਨਿਤ ਕੀਤਾ ਜਾਵੇਗਾ । ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਵੱਲੋਂ ਇਸ ਮੌਕੇ ਸੋਵੀਨਰ ਵੀ ਰਿਲੀਜ ਕੀਤਾ ਜਾਵੇਗਾ ।