ਫਿਰੋਜ਼ਪੁਰ, 17 ਅਪ੍ਰੈਲ (ਗੁਰਿੰਦਰ ਸਿੰਘ) : ਪ੍ਰਤੀਬੰਧ ਦੇ ਬਾਵਜੂਦ ਸੜਕ 'ਤੇ ਕੂੜਾ ਸੁੱਟਣ ਦੇ ਦੋੋੋਸ਼ਾਂ ਤਹਿਤ ਆਮ ਲੋਕਾਂ ਦੇ ਚਲਾਨ ਕਰਕੇ ਜ਼ੁਰਮਾਨੇ ਵਸੂਲਣ ਵਾਲੀ ਨਗਰ ਕੌਂਸਲ ਫਿਰੋਜ਼ਪੁਰ ਦੇ ਆਪਣੇ ਹੀ ਮੁਲਾਜ਼ਮ ਉਕਤ 'ਜੁਰਮ' ਵਿੱਚ ਲਪੇਟੇ ਗਏ ਹਨ। ਆਪਣੀ ਬਣਦੀ ਜਿੰਮੇਵਾਰੀ ਦੇ ਉਲਟ ਸੜਕਾਂ 'ਤੇ ਗੰਦਗੀ ਫੈਲਾਉਣ ਵਾਲੇ ਕੌਂਸਲ ਮੁਲਾਜ਼ਮਾਂ ਖਿਲਾਫ਼ ਡਿਪਟੀ ਕਮਿਸ਼ਨਰ ਵੱਲੋਂ ਸਖ਼ਤ ਰੁਖ ਅਖਤਿਆਰ ਕਰਦਿਆਂ ਇਸ ਮਾਮਲੇ ਵਿੱਚ ਲਿਪਤ ਨਗਰ ਕੌਂਸਲ ਦੇ ਇੱਕ ਠੇਕਾ ਮੁਲਾਜ਼ਮ ਅਤੇ ਦੋ ਡੋਰ ਟੂ ਡੋਰ ਵੇਸਟ ਕਲੈਕਟਰਾਂ ਨੂੰ 2-2 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਸ਼ਹਿਰ ਵਿੱਚ ਵੱਖ ਵੱਖ ਦਸ ਜਗ੍ਹਾ 'ਤੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਰਿਕਾਰਡਿੰਗ ਤੋਂ ਬਾਅਦ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ 'ਤੇ ਜੁਰਮਾਨਾ ਲਗਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਦੀ ਕਾਰਗੁਜ਼ਾਰੀ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਧਿਕਾਰੀਆਂ ਨੂੰ ਨਗਰ ਕੌਂਸਲ ਦਾ ਚਲਾਨ ਕੱਟਣ ਲਈ ਕਿਹਾ ਹੈ। ਇਸ ਤੋਂ ਇਲਾਵਾ ਨਗਰ ਕੌਂਸਲ ਨੂੰ ਵੀ ਆਪਣੇ ਮੁਲਾਜ਼ਮਾਂ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤਰ੍ਹਾਂ ਸੜਕ 'ਤੇ ਕੂੜਾ ਸੁੱਟਣ ਵਾਲੇ ਦੋਵਾਂ ਡੋਰ ਟੂ ਡੋਰ ਵੇਸਟ ਕਲੈਕਟਰਸ ਦੇ ਖ਼ਿਲਾਫ਼ ਵੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਜਿਸ ਤਹਿਤ ਦੋਨਾਂ ਦੀਆਂ ਰੇਹੜੀਆਂ ਜ਼ਬਤ ਕਰਕੇ ਉਨ੍ਹਾਂ ਨੂੰ ਬਲੈਕ ਲਿਸਟ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਦੱਸਿਆ ਉਨ੍ਹਾਂ ਵੱਲੋਂ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਨਗਰ ਕੌਂਸਲ ਦੇ ਆਪਣੇ ਹੀ ਮੁਲਾਜ਼ਮਾਂ ਦੇ ਇਸ ਤਰ੍ਹਾਂ ਦੇ ਵਿਹਾਰ ਦੀ ਉਮੀਦ ਨਹੀਂ ਸੀ। ਉਨ੍ਹਾਂ ਕਿਹਾ ਕਿ ਅਗਰ ਨਗਰ ਕੌਂਸਲ ਦੇ ਮੁਲਾਜ਼ਮ ਹੀ ਐਸਾ ਕਰਨਗੇ ਤਾਂ ਦੂਸਰੇ ਲੋਕਾਂ ਤੋ ਸਹਿਯੋਗ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸੀ.ਸੀ.ਟੀ.ਵੀ ਕੈਮਰਿਆਂ ਦੀ ਰਿਕਾਰਡਿੰਗ ਵਿਚ ਇਹ ਸਾਹਮਣੇ ਆਇਆ ਹੈ ਕਿ ਇਨ੍ਹਾਂ ਜਗ੍ਹਾ 'ਤੇ ਕਈ ਪੜ੍ਹੇ ਲਿਖੇ ਲੋਕ ਵੀ ਕੂੜਾ ਸੁੱਟਦੇ ਹਨ ਅਤੇ ਇੱਥੇ ਮੂਤਰ ਵੀ ਕਰਦੇ ਹਨ, ਜਦਕਿ ਇਨ੍ਹਾਂ ਲੋਕਾਂ ਨੂੰ ਅੱਗੇ ਆ ਕੇ ਦੂਸਰੇ ਲੋਕਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਸਹਿਯੋਗ ਤੋਂ ਬਗੈਰ ਇਹ ਮੁਹਿੰਮ ਕਾਮਯਾਬ ਨਹੀਂ ਹੋ ਸਕਦੀ। ਜਦ ਤੱਕ ਲੋਕ ਖ਼ੁਦ ਜਾਗਰੂਕ ਹੋ ਕੇ ਸੜਕਾਂ 'ਤੇ ਕੂੜਾ ਸੁੱਟਣਾ ਬੰਦ ਨਹੀਂ ਕਰਨਗੇ, ਉਹ ਕੁੱਝ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਸਾਨੂੰ ਫਿਰੋਜ਼ਪੁਰ ਸ਼ਹਿਰ ਨੂੰ ਦੇਸ਼ ਦੇ ਵਧੀਆ ਸ਼ਹਿਰਾਂ ਵਿਚ ਸ਼ੁਮਾਰ ਕਰਨਾ ਹੈ ਤਾਂ ਲੋਕਾਂ ਨੂੰ ਖ਼ੁਦ ਹੀ ਅੱਗੇ ਆ ਕੇ ਬੀੜਾ ਚੁੱਕਣਾ ਹੋਵੇਗਾ। ਉਨ੍ਹਾਂ ਕਿਹਾ ਕਿ ਜਿਸ ਦੱਸ ਜਗ੍ਹਾ 'ਤੇ ਸੀ.ਸੀ.ਟੀ.ਵੀ ਕੈਮਰੇ ਲਗਵਾਏ ਗਏ ਹਨ, ਉਸ ਜਗ੍ਹਾ 'ਤੇ ਸਾਫ਼-ਸਫ਼ਾਈ ਸਬੰਧੀ ਸੁਧਾਰ ਵੇਖਣ ਨੂੰ ਮਿਲਿਆ ਹੈ। ਪਹਿਲਾਂ ਉੱਥੇ ਗੰਦਗੀ ਦੇ ਢੇਰ ਲੱਗੇ ਰਹਿੰਦੇ ਸਨ, ਪਰ ਹੁਣ ਉੱਥੇ ਸਫ਼ਾਈ ਰਹਿੰਦੀ ਹੈ ਪਰ ਫਿਰ ਵੀ ਕੁਝ ਲੋਕ ਸੁਧਰਨ ਦਾ ਨਾਮ ਨਹੀਂ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਐਸੇ ਲੋਕਾਂ ਦੇ ਖ਼ਿਲਾਫ਼ ਪ੍ਰਸ਼ਾਸਨ ਦਾ ਰਵੱਈਆ ਸਖ਼ਤ ਰਹੇਗਾ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਕਾਰਵਾਈ ਜਾਰੀ ਰਹੇਗੀ।
ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਚੰਦਰ ਗੈਂਦ ਦੇ ਨਿਰਦੇਸ਼ ਤੇ ਨਗਰ ਕੌਂਸਲ ਦੇ ਠੇਕਾ ਸਫ਼ਾਈ ਮੁਲਾਜ਼ਮ ਗਣੇਸ਼, ਵੇਸਟ ਕਲੈਕਟਰ ਸੋਨੂੰ ਅਤੇ ਕਰਤਾਰ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਤੇ ਇਨ੍ਹਾਂ ਦੇ ਚਲਾਨ ਕਰਕੇ ਜੁਰਮਾਨਾ ਲਗਾਇਆ ਗਿਆ ਹੈ।