ਸਾਊਦੀ ਅਰਬ ਵਿਚ ਦੋ ਪੰਜਾਬੀਆਂ ਦੇ ਸਿਰ ਕਲਮ
ਚੰਡੀਗੜ੍ਹ ,17 ਅਪ੍ਰੈਲ , 2019 :
ਪਛੜ ਕੇ ਮਿਲੀ ਸੂਚਨਾ ਪੰਜਾਬੀਆਂ ਨੂੰ ਸਾਉਦੀ ਅਰਬ ਵਿਚ ਕਤਲ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਦਿੱਤੀ ਗਈ ਹੈ। ਦੋਵਾਂ ਦੇ ਸਿਰ ਕਲਮ ਕਰ ਦਿੱਤੇ ਗਏ ਹਨ। ਭਾਵੇਂ ਉਨ੍ਹਾਂ ਦੇ ਪਰਿਵਾਰਾਂ ਨੂੰ 15 ਅਪ੍ਰੈਲ ਨੂੰ ਹੀ ਇਹ ਖ਼ਬਰ ਦਿੱਤੀ ਗਈ ਸੀ ਪਰ ਹੁਣ ਵਿਦੇਸ਼ ਮੰਤਰਾਲੇ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਅਨੁਸਾਰ ਸਾਉਦੀ ਤੋਂ ਕਿਸੇ ਨੇ ਫ਼ੋਨ ਕਰ ਕੇ ਦੋਵਾਂ ਪੰਜਾਬੀਆਂ ਦੀ ਮੌਤ ਦੀ ਖ਼ਬਰ ਦਿੱਤੀ ਪਰ ਪਰਿਵਾਰ ਨੂੰ ਇਸ ਉੱਤੇ ਯਕੀਨ ਨਹੀਂ ਆ ਰਿਹਾ ਸੀ। ਮੌਤ ਦੀ ਇਹ ਸਜ਼ਾ 28 ਫਰਵਰੀ , 2019 ਨੂੰ ਦਿੱਤੀ ਗਈ .
ਇਸ ਲਈ ਵਿਦੇਸ਼ ਵਿਭਾਗ ਨੂੰ ਅਪੀਲ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਪੂਰੀ ਜਾਣਕਾਰੀ ਦਿੱਤੀ ਜਾਵੇ। ਹੁਣ ਵਿਦੇਸ਼ ਵਿਭਾਗ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਕਿ 28 ਫਰਵਰੀ ਨੂੰ ਹੁਸ਼ਿਆਰਪੁਰ ਦੇ ਸਤਵਿੰਦਰ ਕੁਮਾਰ ਅਤੇ ਲੁਧਿਆਣਾ ਦੇ ਹਰਜੀਤ ਸਿੰਘ ਦੇ ਸਿਰ ਵੱਢ ਦਿੱਤੇ ਗਏ। ਦੋਹਾਂ ਨੂੰ ਆਰਿਫ਼਼ ਇਮਾਮੂਦੀਨ ਦੇ ਕਤਲ ਦੇ ਇਲਜ਼ਾਮ ਤਹਿਤ ਦਸੰਬਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਰਿਪੋਰਟ ਮੁਤਾਬਿਕ ਇਹ ਖ਼ੁਲਾਸਾ ਸਤਵਿੰਦਰ ਦੀ ਪਤਨੀ ਸੀਮਾ ਵੱਲੋਂ ਭਾਰਤੀ ਵਿਦੇਸ਼ ਮੰਤਰਾਲੇ ਨੂੰ ਲਿਖੀ ਚਿੱਠੀ ਦੇ ਜਵਾਬ ਵਿਚ ਹੋਇਆ .
ਵਿਦੇਸ਼ ਮੰਤਰਾਲੇ ਦੀ ਚਿੱਠੀ ਮੁਤਾਬਿਕ, ਤਿੰਨਾਂ ਨੇ ਮਿਲ ਕੇ ਚੋਰੀ ਕੀਤੀ ਸੀ, ਜਿਸ ਨੂੰ ਲੈ ਕੇ ਬਾਅਦ ਵਿਚ ਉਨ੍ਹਾਂ ਵਿਚਾਲੇ ਝਗੜਾ ਹੋ ਗਿਆ ਅਤੇ ਹਰਜੀਤ ਤੇ ਸਤਵਿੰਦਰ ਨੇ ਆਰਿਫ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਰੇਗਿਸਤਾਨ ਵਿੱਚ ਸੁੱਟ ਦਿੱਤਾ।
ਮੰਤਰਾਲੇ ਮੁਤਾਬਿਕ ਵਾਰਦਾਤ ਤੋਂ ਕੁਝ ਸਮੇਂ ਬਾਅਦ ਦੋਹਾਂ ਨੂੰ ਸ਼ਰਾਬ ਪੀ ਕੇ ਲੜਨ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਦਮਮ ਜੇਲ੍ਹ 'ਚ ਰੱਖਿਆ ਗਿਆ ਸੀ, ਪਰ ਸਜ਼ਾ ਖ਼ਤਮ ਹੋਣ ਤੋਂ ਬਾਅਦ ਪਤਾ ਲੱਗਿਆ ਕਿ ਦੋਹਾਂ 'ਤੇ ਕਤਲ ਦਾ ਵੀ ਇਲਜ਼ਾਮ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਰਿਆਜ਼ ਜੇਲ੍ਹ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੇ ਆਪਣਾ ਜੁਰਮ ਕਬੂਲ ਕੀਤਾ।
ਮੰਤਰਾਲੇ ਨੇ ਦੱਸਿਆ ਕਿ ਅਜਿਹੇ ਵਿੱਚ ਲਾਸ਼ਾਂ ਨਾ ਹੀ ਭਾਰਤੀ ਸਫ਼ਾਰਤਖ਼ਾਨੇ ਨੂੰ ਦਿੱਤੀਆਂ ਜਾਂਦੀਆਂ ਹਨ ਅਤੇ ਨਾ ਹੀ ਪਰਿਵਾਰ ਵਾਲਿਆਂ ਨੂੰ। ਹਾਲਾਂਕਿ ਮੌਤ ਦੇ ਦੋ ਮਹੀਨੇ ਬਾਅਦ ਸਫ਼ਾਰਤਖ਼ਾਨੇ ਨੂੰ ਡੈੱਥ ਸਰਟੀਫਿਕੇਟ ਜ਼ਰੂਰ ਦਿੱਤਾ ਜਾਵੇਗਾ।
ਕੁਮਾਰ ਹੁਸ਼ਿਆਰਪੁਰ ਨੂੰ ਅਤੇ ਹਰਜੀਤ ਸਿੰਘ ਲੁਧਿਆਣੇ ਜ਼ਿਲ੍ਹੇ ਨਾਲ ਸਬੰਧਿਤ ਸੀ .
ਇਸ ਰਿਪੋਰਟ ਮੁਤਾਬਿਕ ਦੋਹਾਂ ਦਾ ਕੇਸ ਸਾਉਦੀ ਅਰਬ ਵਿਚਲੇ ਭਾਰਤੀ ਅੰਬੈਸੀ ਦੇ ਧਿਆਨ ਵਿਚ ਸੀ ਪਰ ਉਨ੍ਹਾਂ ਦਾ ਇਹ ਕਹਿਣਾ ਹੈ ਕਿ ਅੰਬੈਸੀ ਦੀ ਸੂਚਨਾ ਬਿਨਾਂ ਹੀ ਦੋਹਾਂ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਗਈ .