← ਪਿਛੇ ਪਰਤੋ
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਾਉਦੀ ਅਰਬ ਵਿੱਚ ਦੋ ਪੰਜਾਬੀਆਂ ਦਾ ਸਿਰ ਕਲਮ ਕਰਨ ਦੀ ਨਿੰਦਾ ਇਸ ਘਟਨਾ ਨੂੰ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦੱਸਿਆ ਮੁੱਖ ਮੰਤਰੀ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਕੋਲੋਂਂ ਘਟਨਾ ਦੀ ਵਿਸਤਰਿਤ ਰਿਪੋਰਟ ਮੰਗਣਗੇ ਚੰਡੀਗੜ੍ਹ, 17 ਅਪ੍ਰੈਲ, 2019 : ਸਾਉਦੀ ਅਰਬ ਵਿੱਚ ਹਾਲ ਹੀ ਵਿੱਚ ਦੋ ਪੰਜਾਬੀਆਂ ਦਾ ਸਿਰ ਕਲਮ ਕਰਨ ਦੀ ਘਿਣਾਉਣੀ ਅਤੇ ਗੈਰ ਮਾਨਵੀ ਘਟਨਾ ਦੀ ਤਿੱਖੀ ਅਲੋਚਨਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਕੋਲੋ ਇਸ ਸਬੰਧ ਵਿੱਚ ਵਿਸਤਰਿਤ ਰਿਪੋਰਟ ਮੰਗਣਗੇ। ਇਸ ਘਿਣਾਉਣੀ ਕਾਰਵਾਈ ’ਤੇ ਦੁੱਖ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਸਭਿਅਕ ਰਾਸ਼ਟਰਾਂ ਵਿੱਚ ਵੀ ਅਜਿਹੀਆਂ ਅੱਤਿਆਚਾਰੀ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਇਸ ਘਟਨਾ ਦੀ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਵੱਲੋਂ ਪੁਸ਼ਟੀ ਕੀਤੀ ਜਾ ਚੁੱਕੀ ਹੈ ਜੋ ਕਿ 28 ਫਰਵਰੀ ਨੂੰ ਵਾਪਰੀ ਸੀ। ਮੁੱਖ ਮੰਤਰੀ ਨੇ ਇਸ ਘਟਨਾ ਨੂੰ ਰੋਕੇ ਜਾਣ ਵਿੱਚ ਅਸਫਲ ਰਹਿਣ ਅਤੇ ਦੋ ਵਿਅਕਤੀਆਂ ਦੀ ਸਿਰ ਕਲਮ ਕਰਕੇ ਕੀਤੀ ਗਈ ਹੱਤਿਆ ਦਾ ਪ੍ਰਗਟਾਵਾ ਨਾ ਕਰਨ ਲਈ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਦੀ ਤਿੱਖੀ ਆਲੋਚਨਾ ਕੀਤੀ ਹੈ। ਇਨ੍ਹਾਂ ਵਿਅਕਤੀਆਂ ਦੀ ਹੁਸ਼ਿਆਰਪੁਰ ਦੇ ਸਤਵਿੰਦਰ ਕੁਮਾਰ ਅਤੇ ਲੁਧਿਆਣਾ ਦੇ ਹਰਜੀਤ ਸਿੰਘ ਵਜੋਂ ਇਹ ਸ਼ਨਾਖ਼ਤ ਹੋਈ ਹੈ। ਸਤਵਿੰਦਰ ਸਿੰਘ ਦੀ ਪਤਨੀ ਵੱਲੋਂ ਦਾਖਲ ਕੀਤੀ ਪਟੀਸ਼ਨ ਤੋਂ ਬਾਅਦ ਅਜਿਹਾ ਪ੍ਰਗਟਾਵਾ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੋ ਵਿਅਕਤੀਆਂ ਦਾ ਸਿਰ ਕਲਮ ਕਰਨ ਦੀ ਘਟਨਾ ਹੋਰ ਵੇਰਵੇ ਪ੍ਰਾਪਤ ਕਰਨ ਲਈ ਉਹ ਵਿਦੇਸ਼ ਮਾਮਲਿਆਂ ਦੇ ਮੰਤਰੀ ਸੁਸ਼ਮਾ ਸਵਰਾਜ ਕੋਲ ਪਹੁੰਚ ਕਰਨਗੇ ਅਜਿਹਾ ਕਥਿਤ ਤੌਰ ’ਤੇ ਇਕ ਹੱਤਿਆ ਦੇ ਮਾਮਲੇ ਵਿੱਚ ਕੀਤਾ ਗਿਆ ਹੈ। ਮੁੱਖ ਮੰਤਰੀ ਇਸ ਸਬੰਧੀ ਦੋਸ਼ਾਂ ਦੀ ਜਾਣਕਾਰੀ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਕੋਲੋਂ ਪ੍ਰਾਪਤ ਕਰਨਗੇ ਅਤੇ ਇਹ ਵੀ ਪੁੱਛਣਗੇ ਕਿ ਉਨ੍ਹਾਂ ਦੋ ਵਿਅਕਤੀਆਂ ਨੂੰ ਬਣਦੀ ਕਾਨੂੰਨੀ ਨੁਮਾਇੰਦਗੀ ਮੁਹੱਈਆ ਕਰਵਾਈ ਗਈ ਸੀ ਕਿ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਸਾਉਦੀ ਅਰਬੀ ਵਿੱਚ ਭਾਰਤੀ ਸਫ਼ਾਰਤਖ਼ਾਨੇ ਨੂੰ ਅਗਾਊਂ ਸੂਚਨਾ ਦਿੱਤੇ ਜਾਣ ਤੋ ਬਿਨਾਂ ਕਤਲ ਕੀਤਾ ਗਿਆ ਹੈ ਅਤੇ ਆਗਾਂ ਨੂੰ ਕਾਨੂੰਨੀ ਸਹਾਇਤਾ ਨਹੀਂ ਮੁਹੱਈਆ ਕਰਵਾਈ ਗਈ ਤਾਂ ਇਹ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਅਤੇ ਮਨੁੱਖੀ ਅਧਿਕਾਰਾਂ ਦੀਆਂ ਹੋਰ ਸੰਸਾਰ ਪੱਧਰ ਦੇ ਸੰਗਠਨਾਂ ਨੂੰ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਹੈ। ਉਨ੍ਹਾਂ ਨੇ ਮਾਨਵਤਾ ਦੇ ਵਿਰੁੱਧ ਚੱਲ ਰਹੇ ਗੈਰ ਕਾਨੂੰਨੀ ਅਮਲ ਦੇ ਸਬੰਧ ਵਿੱਚ ਵੀ ਸਾੳੂੁਦੀ ਅਰਬ ’ਤੇ ਦਬਾਅ ਪਾਉਣ ਲਈ ਆਖਿਆ ਹੈ। ਸਾਉਦੀ ਅਰਬ ਵਿੱਚ ਪਾਬੰਦੀਆਂ ਦੇ ਕਾਰਨ ਇਨ੍ਹਾਂ ਵਿਅਕਤੀਆਂ ਦੀਆਂ ਲਾਸ਼ਾਂ ਪਰਿਵਾਰਾਂ ਨੂੰ ਨਾ ਦੇਣ ਸਬੰਧੀ ਮੀਡੀਆ ਰਿਪੋਰਟਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹ ਸਾਉਦੀ ਅਰਬ ਕੋਲ ਇਹ ਮਾਮਲਾ ਉਠਾਉਣ ਲਈ ਸੁਸ਼ਮਾ ਸਵਰਾਜ ਦੇ ਨਿੱਜੀ ਦਖ਼ਲ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਆਪਣੇ ਵਿਅਕਤੀਆਂ ਦੀਆਂ ਅੰਤਿਮ ਰਸਮਾਂ ਕਰਨ ਤੋਂ ਵਾਂਝੇ ਰੱਖਿਆ ਗਿਆ ਹੈ ਜੋ ਕਿ ਬਹੁਤ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਦੇ ਸਿਰ ਕਲਮ ਕਰਨ ਤੋਂ ਕੁਝ ਦਿਨ ਪਹਿਲਾਂ ਹੀ ਭਾਰਤ ਨੇ ਸਾਉਦੀ ਪ੍ਰਿੰਸ ਦੀ ਮੇਜ਼ਬਾਨੀ ਕੀਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰੋਟੋਕਾਲ ਦੀ ਉਲੰਘਣਾ ਕਰਕੇ ਖ਼ੁਦ ਉਨ੍ਹਾਂ ਨੂੰ ਜੀ ਆਇਆ ਆਖਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਦੋਵਾਂ ਆਗੂਆਂ ਵਿੱਚ ਮਿੱਤਰਤਾਪੂਰਨ ਸਬੰਧ ਹੋਣ ਕਰਕੇ ਇਨ੍ਹਾਂ ਦੋਵੇਂ ਵਿਅਕਤੀਆਂ ਦੀਆਂ ਦੇਹਾਂ ਵਾਪਸ ਭਾਰਤ ਲਿਆਉਣਾ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਲਈ ਕੋਈ ਔਖਾ ਕੰਮ ਨਹੀਂ। ਜ਼ਰੂਰਤ ਪੈਣ ’ਤੇ ਪ੍ਰਧਾਨ ਮੰਤਰੀ ਵੱਲੋਂ ਖ਼ੁਦ ਦਖ਼ਲ ਦਿੱਤਾ ਜਾਣਾ ਚਾਹੀਦਾ ਸੀ । ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ ਕਿ ਇਸ ਤਰਾਂ ਦੀਆਂ ਘਟਨਾਵਾਂ ਨਾ ਵਾਪਰਨ ਅਤੇ ਨਾ ਹੀ ਕਿਸੇ ਭਾਰਤੀ ਨੂੰ ਨਿਆਂ ਤੋਂ ਵਾਂਝਾ ਰਹਿਣਾ ਪਵੇ।
Total Responses : 928