ਕੈਪਸ਼ਨ : ਆਰ.ਟੀ.ਏ ਦਫ਼ਤਰ ਦੀ ਸ਼ਿਕਾਇਤ ਸਬੰਧੀ ਦਿੱਤੇ ਹਲਫੀਆ ਬਿਆਨ ਬਾਰੇ ਜਾਣਕਾਰੀ ਦਿੰਦਾ ਜਸਪਾਲ ਸਿੰਘ।
ਫ਼ਿਰੋਜ਼ਪੁਰ 20 ਅਪ੍ਰੈਲ (ਗੁਰਿੰਦਰ ਸਿੰਘ) ਬਾਹਰਲੇ ਰਾਜਾਂ ਤੋਂ ਖਰੀਦੇ ਵਾਹਨਾਂ ਦੇ ਬਣਦੇ ਟੈਕਸਾਂ ਵਿੱਚ ਵੱਡੀ ਪੱਧਰ 'ਤੇ ਹੇਰਾਫੇਰੀ ਕਰਕੇ ਆਪਣੀਆਂ ਜੇਬਾਂ ਭਰਨ ਵਾਲੇ ਆਰ.ਟੀ.ਏ ਦਫ਼ਤਰ ਫ਼ਿਰੋਜ਼ਪੁਰ ਦੇ ਕਥਿਤ ਭ੍ਰਿਸ਼ਟ ਕਰਮਚਾਰੀਆਂ ਵੱਲੋਂ ਕੀਤੇ ਵੱਡੇ ਘਪਲਿਆਂ ਦੀਆਂ ਪਰਤਾਂ ਖੁੱਲਣੀਆਂ ਸ਼ੁਰੂ ਹੋ ਗਈਆਂ ਹਨ। ਇੱਕ ਜਾਗਰੂਕ ਨਾਗਰਿਕ ਤੇ ਟਰਾਂਸਪੋਰਟਰ ਵੱਲੋਂ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਚੰਡੀਗੜ੍ਹ ਨੂੰ ਕੀਤੀ ਸ਼ਿਕਾਇਤ 'ਤੇ ਹੋਈ ਕਾਰਵਾਈ ਵਿੱਚ ਸਕੱਤਰ ਆਰ.ਟੀ.ਏ ਫ਼ਿਰੋਜ਼ਪੁਰ ਨੂੰ ਮਿਲੀਆਂ ਹਦਾਇਤਾਂ 'ਤੇ ਖੰਘਾਲੇ ਜਾ ਰਹੇ ਦਫ਼ਤਰੀ ਰਿਕਾਰਡ ਵਿੱਚ ਸਰਕਾਰੀ ਖਜ਼ਾਨੇ ਨੂੰ ਖੋਰਾ ਲਾ ਕੇ ਕੀਤੇ ਕਰੋੜਾਂ ਰੁਪਏ ਦੇ ਗਬਨ ਸਾਹਮਣੇ ਆਉਣ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ।
ਫ਼ਿਰੋਜ਼ਪੁਰ ਆਰ.ਟੀ.ਏ ਦਫ਼ਤਰ ਵਿੱਚ ਵੱਡੇ ਪੱਧਰ 'ਤੇ ਕੀਤੇ ਜਾ ਰਹੇ ਘੁਟਾਲੇ ਨੂੰ ਉਜਾਗਰ ਕਰਨ ਵਾਲੇ ਟਰਾਂਸਪੋਰਟਰ ਜਸਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਨਿਊ ਬੇਦੀ ਕਲੋਨੀ ਫ਼ਿਰੋਜ਼ਪੁਰ ਨੇ ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ, ਚੰਡੀਗੜ੍ਹ ਨੂੰ ਦਿੱਤੇ ਹਲਫੀਆ ਬਿਆਨ ਵਿੱਚ ਦੋਸ਼ ਲਾਇਆ ਕਿ ਫ਼ਿਰੋਜ਼ਪੁਰ ਆਰ.ਟੀ.ਏ ਦਫ਼ਤਰ ਵਿੱਚ ਵਿਕਰਾਲ ਰੂਪ ਧਾਰ ਚੁੱਕੇ ਭ੍ਰਿਸ਼ਟਾਚਾਰ ਤੋਂ ਇਲਾਵਾ ਬਾਹਰਲੇ ਰਾਜਾਂ ਤੋਂ ਲਿਆਕੇ ਇਸ ਦਫ਼ਤਰ ਵਿੱਚ ਮੁੜ-ਰਜਿਸਟਰਡ ਕੀਤੇ ਨਾਨ ਕਮਰਸ਼ੀਅਲ ਵਾਹਨਾਂ ਦੇ ਮਾਡਲ ਵਾਈਜ਼ ਬਣਦੇ ਕ੍ਰਮਵਾਰ 80/60/40 ਪ੍ਰਤੀਸ਼ਤ ਟੈਕਸ ਦੀ ਬਜਾਏ ਦਫ਼ਤਰੀ ਬਾਬੂਆਂ ਵੱਲੋਂ ਸਿਰਫ 20 ਪ੍ਰਤੀਸ਼ਤ ਟੈਕਸ ਭਰਵਾ ਕੇ ਸਰਕਾਰੀ ਖ਼ਜਾਨੇ ਨੂੰ ਵੱਡੀ ਢਾਹ ਲਾਈ ਗਈ ਹੈ ਜਦ ਕਿ ਵਾਹਨ ਮਾਲਕਾਂ ਪਾਸੋਂ ਬਣਦਾ ਪੂਰਾ ਟੈਕਸ ਵਸੂਲ ਕੇ ਆਪਣੀਆਂ ਜੇਬਾਂ ਗਰਮ ਕੀਤੀਆਂ ਗਈਆਂ ਹਨ। ਹਲਫੀਆ ਬਿਆਨ ਵਿੱਚ ਜਸਪਾਲ ਸਿੰਘ ਨੇ ਦੋਸ਼ ਲਾਇਆ ਕਿ ਦਫ਼ਤਰੀ ਬਾਬੂਆਂ ਵੱਲੋਂ ਰਜਿਸਟਰਡ ਗੱਡੀਆਂ ਦੀਆਂ ਬਗੈਰ ਐਨ.ਓ.ਸੀ ਜਾਰੀ ਕੀਤਿਆਂ ਪੁਰਾਣੀਆਂ ਸੀਰੀਜ਼ ਦੇ ਫੈਂਸੀ ਨੰਬਰ ਮੋਟੀਆਂ ਰਕਮਾਂ ਵਸੂਲ ਕੇ ਨਵੇਂ ਸਿਰਿਓ ਅਲਾਟ ਕੀਤੇ ਗਏ ਹਨ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਫ਼ਿਰੋਜ਼ਪੁਰ ਦਫ਼ਤਰ ਵੱਲੋਂ ਰਜਿਸਟਰਡ ਕਮਰਸ਼ੀਅਲ ਵਾਹਨਾਂ ਦੇ ਟੈਕਸ ਟੁੱਟੇ ਹੋਣ ਦੇ ਬਾਵਜੂਦ ਦੂਸਰੇ ਜ਼ਿਲਿ•ਆਂ ਤੇ ਰਾਜਾਂ ਨੂੰ ਐਨ.ਓ.ਸੀ ਜਾਰੀ ਕਰ ਦਿੱਤੀਆਂ ਜਾਂਦੀਆਂ ਹਨ, ਜਿਹਨਾਂ ਵਿੱਚ ਪੀ.ਬੀ 05 ਏਬੀ 7045, ਪੀ.ਬੀ 05 ਏਬੀ 0362, ਪੀ.ਬੀ 05 ਏਬੀ 4783, ਪੀ.ਬੀ 22 ਜੇ 9971, ਪੀ.ਬੀ 22 ਕੇ 0795 ਆਦਿ ਸੈਂਕੜੇ ਅਜਿਹੇ ਕਮਰਸ਼ੀਅਲ ਵਾਹਨ ਹਨ ਜਿਹਨਾਂ ਦੇ ਬਿਨਾਂ ਟੈਕਸ ਭਰਾਇਆਂ ਏਜੰਟਾਂ ਦੀ ਕਥਿਤ ਮਿਲੀਭੁਗਤ ਨਾਲ ਐਨ.ਓ.ਸੀ ਜਾਰੀ ਕੀਤੀਆਂ ਗਈਆਂ ਹਨ। ਸਿਤਮਜ਼ਰੀਫੀ ਇਹ ਹੈ ਕਿ ਪੂਰਨ ਰੂਪ ਵਿੱਚ ਕੰਪਿਊਟੀਕ੍ਰਿਤ ਇਸ ਦਫ਼ਤਰ ਵਿੱਚ ਕਿਸੇ ਵੀ ਕੰਮ ਤੋਂ ਬਾਅਦ 'ਅੰਤਿਮ ਅਪਰੂਵਲ' ਸਕੱਤਰ ਆਰ.ਟੀ.ਏ ਵੱਲੋਂ ਪਾਈ ਜਾਂਦੀ ਹੈ ਪਰ ਬਾਵਜੂਦ ਇਸ ਦੇ ਫਿਰ ਵੀ ਬਿਨਾਂ ਟੈਕਸਾਂ ਤੋਂ ਐਨ.ਓ.ਸੀਜ਼ ਜਾਰੀ ਹੋਣ ਨਾਲ ਸਬੰਧਤ ਅਧਿਕਾਰੀਆਂ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ਵਿੱਚ ਆ ਜਾਂਦੀ ਹੈ।
ਆਪਣੀ ਸ਼ਿਕਾਇਤ ਵਿੱਚ ਜਸਪਾਲ ਸਿੰਘ ਨੇ ਦੋਸ਼ ਲਾਇਆ ਕਿ ਏਨੇ ਵੱਡੇ ਪੱਧਰ 'ਤੇ ਕੀਤੇ ਘੋਟਾਲਿਆਂ ਦੇ ਦਸਤਾਵੇਜ਼ ਸਬੰਧਤ ਅਧਿਕਾਰੀ ਨੂੰ ਸੌਪਣ ਦੇ ਬਾਵਜੂਦ ਆਰ.ਟੀ.ਏ ਫ਼ਿਰੋਜ਼ਪੁਰ ਵੱਲੋਂ ਅਜਿਹੇ ਭ੍ਰਿਸ਼ਟ ਬਾਬੂਆਂ ਨੂੰ ਪਹਿਲਾਂ ਤੋਂ ਅਲਾਟ ਮਲਾਈ ਵਾਲੀਆਂ ਸੀਟ 'ਤੇ ਬਰਕਰਾਰ ਰੱਖਿਆ ਜਾਂਦਾ ਹੈ ਜੋ ਪਿਛਲੇ ਪੰਜ ਸਾਲਾਂ ਤੋਂ ਬਾ-ਦਸਤੂਰ ਜਾਰੀ ਹੈ। ਅਜਿਹਾ ਕਰਕੇ ਭ੍ਰਿਸ਼ਟ ਬਾਬੂਆਂ ਤੇ ਅਧਿਕਾਰੀਆਂ ਦੀ ਕਥਿਤ ਮਿਲੀ ਭੁਗਤ ਦੇ ਚੱਲਦਿਆਂ ਜਿੱਥੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਸਰਕਾਰੀ ਖ਼ਜਾਨੇ ਨੂੰ ਵੀ ਵੱਡਾ ਖੋਰਾ ਲਾਇਆ ਜਾ ਰਿਹਾ ਹੈ। ਗੱਲਬਾਤ ਕਰਦਿਆਂ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਦਿੱਤੀ ਲਿਖਤੀ ਸ਼ਿਕਾਇਤ 'ਤੇ ਤੁਰੰਤ ਕਾਰਵਾਈ ਕਰਦਿਆਂ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਵੱਲੋਂ ਸਕੱਤਰ ਆਰ.ਟੀ.ਏ ਫ਼ਿਰੋਜ਼ਪੁਰ ਨੂੰ ਉਕਤ ਮਾਮਲੇ ਦੀ ਪੜਤਾਲ 4 ਹਫਤਿਆਂ ਵਿੱਚ ਮੁਕੰਮਲ ਕਰਨ ਦੇ ਆਦੇਸ਼ ਜਾਰੀ ਕੀਤੇ ਸਨ ਪਰ ਸਕੱਤਰ ਆਰ.ਟੀ.ਏ ਵੀ ਭ੍ਰਿਸ਼ਟ ਕਰਮਚਾਰੀਆਂ ਦੀ ਪਿੱਠ ਥਾਪੜਨ 'ਤੇ ਆ ਗਿਆ ਹੈ ਅਤੇ ਟਾਲ ਮਟੋਲ ਕਰਕੇ ਪੜਤਾਲ ਦਾ ਨਿਰਧਾਰਤ ਸਮਾਂ ਲੰਘਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਰ.ਟੀ.ਏ ਫ਼ਿਰੋਜ਼ਪੁਰ ਵੱਲੋਂ ਉਸ ਨੂੰ ਜਨਵਰੀ 2017 ਤੋਂ (ਕਰੀਬ ਢਾਈ ਸਾਲ) ਦਾ ਰਿਕਾਰਡ ਖੰਗਾਲਣ ਦੀ ਬਜਾਏ ਕਿਸੇ ਵੀ ਦੋ ਜਾਂ ਤਿੰਨ ਮਹੀਨਿਆਂ ਦੇ ਰਿਕਾਰਡ ਵੀ ਜਾਂਚ ਬਾਰੇ ਮੁੜ ਤੋਂ ਲਿਖਤੀ ਦੇਣ ਲਈ ਕਿਹਾ ਜਾ ਰਿਹਾ ਹੈ ਤਾਂ ਜੋ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਨੂੰ ਸਮਾਂ ਰਹਿੰਦੇ ਆਪਣੇ ਦਫ਼ਤਰ ਦਾ ਦਾਮਨ ਪਾਕਿ ਸਾਫ਼ ਦਰਸਾਇਆ ਜਾ ਸਕੇ। ਇਸ ਸਬੰਧੀ ਜਦ ਸਕੱਤਰ ਆਰ.ਟੀ.ਏ ਫ਼ਿਰੋਜ਼ਪੁਰ ਤਰਲੋਚਨ ਸਿੰਘ ਸਹੋਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਟੇਟ ਟਰਾਂਸਪੋਰਟ ਕਮਿਸ਼ਨਰ ਵੱਲੋਂ ਉਨ੍ਹਾਂ ਪਾਸ ਸਬੰਧਤ ਸ਼ਿਕਾਇਤ ਪਹੁੰਚ ਗਈ ਹੈ ਜਿਸ ਦੀ ਬਰੀਕੀ ਨਾਲ ਜਾਂਚ ਪੜਤਾਲ ਕਰਨ ਲਈ ਏ.ਟੀ.ਓ ਫ਼ਿਰੋਜ਼ਪੁਰ ਅਤੇ ਸੈਕਸ਼ਨ ਅਫ਼ਸਰ ਦੀ ਡਿਊਟੀ ਲਗਾਈ ਗਈ ਹੈ, ਜਾਂਚ ਵਿੱਚ ਕਿਸੇ ਕਿਸਮ ਦਾ ਪੱਖਪਾਤ ਨਹੀ ਹੋਵੇਗਾ ਤੇ ਨਿਰਧਾਰਤ ਸਮੇਂ ਵਿੱਚ ਜਾਂਚ ਪੂਰੀ ਕੀਤੀ ਜਾਵੇਗੀ। ਉਨੁ ਕਿਹਾ ਕਿ ਸ਼ਿਕਾਇਤ ਕਰਤਾ ਵੱਲੋਂ ਕੁਝ ਦਸਤਾਵੇਜ਼ ਉਨ੍ਹਾਂ ਨੂੰ ਮੁਹੱਈਆ ਕਰਵਾਏ ਗਏ ਹਨ ਜਿਹਨਾਂ ਦੀ ਜਾਂਚ ਵੀ ਕੀਤੀ ਜਾਵੇਗੀ ਅਤੇ ਸਰਕਾਰ ਦੇ ਖਜ਼ਾਨੇ ਨੂੰ ਖੋਰਾ ਲਾਉਣ ਵਾਲੇ ਕਿਸੇ ਨੂੰ ਵੀ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।