ਚੰਡੀਗੜ੍ਹ, 22 ਅਪ੍ਰੈਲ 2019 - ਸ਼੍ਰੋਮਣੀ ਅਕਾਲੀ ਦਲ ਬਾਦਲ ਅੰਮ੍ਰਿਤਸਰ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ, ਸਾਬਕਾ ਚੇਅਰਮੈਨ ਪੇਡਾ ਅਤੇ 2017 ਵਿੱਚ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ ਉਪਕਾਰ ਸਿੰਘ ਸੰਧੂ ਅੱਜ ਪੰਜਾਬ ਦੇ ਮੁੱਖ ਮੰਤਰੀ ਦੀ ਹਾਜ਼ਰੀ ਵਿਚ ਚੰਡੀਗੜ੍ਹ ਵਿਖੇ ਸਹਿਕਾਰਤਾ ਮੰਤਰੀ ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੀ ਪ੍ਰੇਰਨਾ ਸਦਕਾ ਕਾਂਗਰਸ ਵਿੱਚ ਸ਼ਾਮਲ ਹੋ ਗਏ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਪਕਾਰ ਸਿੰਘ ਸੰਧੂ ਨੂੰ ਸਿਰੋਪਾ ਦੇ ਕੇ ਕਾਂਗਰਸ ਵਿੱਚ ਜੀ ਆਇਆਂ ਆਖਿਆ ਅਤੇ ਪਾਰਟੀ ਵਿੱਚ ਪੂਰਾ ਮਾਣ ਸਨਮਾਨ ਦੇਣ ਦੀ ਗੱਲ ਕਹੀ। ਉਪਕਾਰ ਸਿੰਘ ਸੰਧੂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੂਰਨ ਭਰੋਸਾ ਪ੍ਰਗਟ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਨੂੰ ਸਹੀ ਤੇ ਉਸਾਰੂ ਲੀਹਾਂ `ਤੇ ਲਿਜਾ ਸਕਦੇ ਹਨ।
ਇਸ ਮੌਕੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਕੋਈ ਵਜੂਦ ਨਹੀਂ ਰਿਹਾ ਦੋਵੇਂ ਪਾਰਟੀਆਂ ਆਪਣੀ ਵਿਚਾਰਧਾਰਾ ਤੋਂ ਥਿੜਕ ਚੁੱਕੀਆਂ ਹਨ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੰਥ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਰਿਹਾ ਹੈ ਤੇ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕ ਕਾਂਗਰਸ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ।
ਚੇਤੇ ਰਹੇ ਕਿ ਉਪਕਾਰ ਸਿੰਘ ਸੰਧੂ ਲੋਕ ਸਭਾ ਚੋਣਾਂ 2017 ਜਿਮਨੀ ਚੌਣ ਦੌਰਾਨ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਸਨ ਅਤੇ ਉਨ੍ਹਾਂ ਨੇ ਤਕਰੀਬਨ ਡੇਢ ਲੱਖ ਵੋਟ ਹਾਸਲ ਕੀਤੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਚੱਲਦਿਆਂ ਰੋਸ ਵਜੋ ਸ਼੍ਰੋਮਣੀ ਅਕਾਲੀ ਦਲ ਤੇ ਪੇਡਾ ਪੰਜਾਬ ਦੀ ਚੇਅਰਮੈਨੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਅੱਜ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂਆਂ ਦੀ ਹਾਜ਼ਰੀ ਵਿੱਚ ਉਪਕਾਰ ਸਿੰਘ ਸੰਧੂ ਨੇ ਕਾਂਗਰਸ ਦੀ ਕਾਂਗਰਸ ਦੀ ਬੇੜੀ ਵਿੱਚ ਸਵਾਰ ਹੋਣ ਦਾ ਫੈਸਲਾ ਕੀਤਾ। ਇਸ ਮੌਕੇ ਤੇ ਸੀਨੀਅਰ ਕਾਂਗਰਸੀ ਆਗੂ ਵਰਿੰਦਰ ਸਹਿਦੇਵ, ਬੀਰ ਦਵਿੰਦਰ ਸਿੰਘ ਸ਼ਾਹ, ਅੰਮ੍ਰਿਤਪਾਲ ਸਿੰਘ ਬਬਲੂ ਤੋਂ ਇਲਾਵਾ ਹੋਰ ਵੀ ਕਾਂਗਰਸੀ ਆਗੂ ਹਾਜ਼ਰ ਸਨ।