ਐੱਸ ਏ ਐੱਸ ਨਗਰ 22 ਅਪ੍ਰੈਲ ,2019 : ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਗੁਣਾਤਮਕ ਸੁਧਾਰ ਲਿਆਉਣ ਲਈ ਸਕੂਲ ਮੁਖੀਆਂ ਨਾਲ਼ ਮੀਟਿੰਗ-ਕਮ-ਵਰਕਸ਼ਾਪ ਦਾ ਸਿਲਸਿਲਾ ਅਪ੍ਰੈਲ ਵਿੱਚ ਜਾਰੀ ਹੈ | ਇਸ ਲੜੀ ਤਹਿਤ ਅੱਜ ਜਿਲ੍ਹਾ ਗੁਰਦਾਸਪੁਰ, ਫਿਰੋਜ਼ਪੁਰ ਤੇ ਕਪੂਰਥਲਾ ਦੇ 500 ਦੇ ਕਰੀਬ ਸਕੂਲ ਮੁਖੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਭਾਗ ਲਿਆ| ਇਸ ਮੌਕੇ ਇੰਦਰਜੀਤ ਸਿੰਘ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੀ ਮੌਜੂਦ ਸਨ|
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਰਕਸ਼ਾਪ ਦੌਰਾਨ ਸਕੂਲਾਂ ਦੇ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ ਅਤੇ ਸਕੂਲ ਇੰਚਾਰਜਾਂ ਨੂੰ ਵਿਭਾਗ ਦੇ ਵੱਖ ਵੱਖ ਰਿਸੋਰਸ ਪਰਸਨਾਂ ਨੇ ਸਕ੍ਹਲਾਂ ਵਿੱਚ ਵੱਖ-ਵੱਖ ਵਿਸ਼ਿਆਂ ਦੇ ਸਿੱਖਣ ਪਰਿਣਾਮਾਂ, ਸਕੂਲਾਂ ਵਿੱਚ ਵਧੀਆ ਨਤੀਜਿਆਂ ਲਈ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ, ਸਕੂਲਾਂ ਦੇ ਸੁੰਦਰੀਕਰਨ ਅਤੇ ਇਮਾਰਤ ਨੂੰ ਸਿੱਖਣ ਸਮੱਗਰੀ ਵੱਜੋਂ ਤਿਆਰ ਕਰਨ ਲਈ ਬਿਲਡਿੰਗ ਐਜ਼ ਲਰਨਿੰਗ ਏਡ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ |
ਮੀਟਿੰਗ ਦੌਰਾਨ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਸਮੂਹ ਸਕੂਲ ਮੁਖੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਦਾਖ਼ਲਿਆਂ ਦਾ ਸਮਾਂ ਚਲ ਰਿਹਾ ਹੈ | ਸਕੂਲ ਦੀ ਕਿਸੇ ਵੀ ਜਮਾਤ ਦਾ ਦਾਖ਼ਲਾ ਪਿਛਲੇ ਸਾਲ ਤੋਂ ਨਾ ਘਟੇ ਇਸ ਲਈ ਸਕੂਲ ਵਿੱਚ ਨਵੇਂ ਦਾਖਲਿਆਂ ਲਈ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਕਿ ਆਪਣੇ ਆਪਣੇ ਪਿੰਡਾਂ-ਸ਼ਹਿਰਾਂ ਵਿੱਚ ਡੋਰ-ਟੂ-ਡੋਰ ਮੁਹਿੰਮ ਚਲਾ ਕੇ ਵੱਧ ਤੋਂ ਵੱਧ ਦਾਖ਼ਲੇ ਕਰਨ|
ਉਹਨਾਂ ਕਿਹਾ ਕਿ ਸਕੂਲ ਦੇ ਮੁੱਖ ਦਫ਼ਤਰ ਜਾਂ ਸਟਾਫ ਰੂਮ ਵਿੱਚ ਜਾਂ ਸਕੂਲ ਵਿੱਚ ਜਿੱਥੇ ਵੀ ਯੋਗ ਜਗ੍ਹਾ ਹੋਵੇ ਸਕੂਲ ਵਿੱਚ ਕੰਮ ਕਰਦੇ ਅਧਿਆਪਕਾਂ ਦਾ 'ਬੋਰਡ ਆਫ ਆਨਰ' ਲਗਾਇਆ ਜਾਵੇ ਜਿਸ ਵਿੱਚ ਅਧਿਆਪਕ ਦੀ ਤਸਵੀਰ, ਉਸਦੀ ਜਨਮ ਮਿਤੀ, ਸਕੂਲ/ਨੌਕਰੀ ਵਿੱਚ ਹਾਜ਼ਰ ਹੋਣ ਦੀ ਮਿਤੀ, ਅਧਿਆਪਕ ਦੀ ਵਿੱਦਿਅਕ ਯੋਗਤਾ, ਅਧਿਆਪਕ ਦੀਆਂ ਪ੍ਰਾਪਤੀਆਂ ਆਦਿ ਦਾ ਵਿਵਰਣ ਹੋਵੇ| ਇਸ ਤੋਂ ਇਲਾਵਾ ਸਕੂਲ ਵਿੱਚ ਕੰਮ ਕਰਕੇ ਗਏ ਜਾਂ ਸੇਵਾ ਮੁਕਤ ਹੋ ਚੁੱਕੇ ਅਧਿਆਪਕਾਂ ਦੀਆਂ ਤਸਵੀਰਾਂ ਵੀ ਲਗਵਾਈਆਂ ਜਾਣ|
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਸਕੂਲ ਮੁਖੀਆਂ ਨੂੰ ਕਿਹਾ ਕਿ ਸਕੂਲਾਂ ਦੇ ਸੁੰਦਰੀਕਰਨ ਕਰਨ, ਫਰਨੀਚਰ ਦੀ ਮੁਰੰਮਤ, ਸਮਾਰਟ ਕਲਾਸਰੂਮ ਦੀ ਤਿਆਰੀ ਲਈ ਯੋਗ ਪ੍ਰਬੰਧ, ਸਕੂਲ ਵਿੱਚ ਪੀਟੀ ਬੈਂਡ, ਸਕੂਲ ਦਾ ਆਕਰਸ਼ਕ ਮੁੱਖ ਗੇਟ, ਸਰਕਾਰੀ ਸਕੂਲ ਦਾ ਸਾਇਨ ਬੋਰਡ ਵੱਖ ਵੱਖ ਥਾਵਾਂ 'ਤੇ ਲਗਵਾਉਣ ਦੇ ਉਪਰਾਲੇ ਕਰਨ ਲਈ ਉਤਸ਼ਾਹਿਤ ਕੀਤਾ| ਉਹਨਾਂ ਵੱਲੋਂ ਸਵੇਰ ਦੀ ਸਭਾ ਨੂੰ ਪ੍ਰਭਾਵਸ਼ਾਲੀ ਬਣਾਉਣ, ਮਿਡ ਡੇ ਮੀਲ ਦੀ ਗੁਣਵੱਤਾ ਵਧੀਆ ਰੱਖਣ , ਪੀਣ ਵਾਲੇ ਪਾਣੀ ਸਹੂਲਤ, ਪਖਾਨਿਆਂ ਦੀ ਸਾਫ ਸਫਾਈ ਵੱਲ ਵੀ ਧਿਆਨ ਦੇਣ ਦੀ ਗੱਲ ਕੀਤੀ ਗਈ|
ਇਸ ਮੌਕੇ ਸਕੱਤਰ ਸਕੂਲ ਸਿੱਖਿਆ ਨੇ ਕਿਹਾ ਹੈ ਕਿ 'ਅੰਤਰ ਰਾਸ਼ਟਰੀ ਕਿਤਾਬ ਦਿਵਸ' ਮੌਕੇ ਸਮੂਹ ਸਕੂਲਾਂ ਦੇ ਮੁੱਖੀ ਆਪਣੇ ਆਪਣੇ ਸਕੂਲਾਂ ਦੇ ਪੰਜ ਪੰਜ ਵਿਦਿਆਰਥੀਆਂ ਨੂੰ ਕਿਤਾਬਾਂ ਜਾਰੀ ਕਰਕੇ ਅੰਤਰ ਰਾਸ਼ਟਰੀ ਕਿਤਾਬ ਦਿਵਸ ਦੀ ਸ਼ੁਰੂਆਤ ਕਰਨ| ਸਾਰੇ ਵਿਦਿਆਰਥੀਆਂ ਨੂੰ ਕਿਤਾਬਾਂ ਵੀ ਜਾਰੀ ਕੀਤੀਆਂ ਜਾਣ|
ਇਸ ਮੀਟਿੰਗ ਕਮ ਵਰਕਸ਼ਾਪ ਦੌਰਾਨ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਮਨੋਜ ਕੁਮਾਰ, ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਮਨੋਜ ਕੁਮਾਰ ਸੰਜੀਵ ਸ਼ਰਮਾ, ਸਹਾਇਕ ਡਾਇਰੈਕਟਰ ਬਲਜਿੰਦਰ ਸਿੰਘ, ਸੁਰੇਖਾ ਠਾਕੁਰ, ਰਾਜੇਸ਼ ਜੈਨ, ਹਰਪ੍ਰੀਤ ਕੌਰ, ਨਿਰਮਲ ਕੌਰ, ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ, ਉੱਪ-ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ, ਅਨੂਪ ਸੁਖੀਜਾ ਅਤੇ ਸਿੱਖਿਆ ਵਿਭਾਗ ਦੇ ਆਹਲਾ ਅਧਿਕਾਰੀ ਵੀ ਹਾਜਰ ਸਨ|