ਜੀ ਐਸ ਪਨੂੰ
ਪਟਿਆਲਾ, 22 ਅਪ੍ਰੈਲ 2019: ਬਾਗਬਾਨੀ ਵਿਭਾਗ ਵੱਲੋਂ ਕੱਦੂ ਜਾਤੀ ਦੀਆਂ ਸਬਜ਼ੀਆਂ ਨੂੰ ਫਲ ਦੀ ਮੱਖੀ ਤੋਂ ਬਚਾਉਣ ਲਈ ਫਰੂਟ ਫਲਾਈ ਲਗਾਉਣ ਦੀ ਸਲਾਹ ਦਿੱਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਸਵਰਨ ਸਿੰਘ ਮਾਨ ਨੇ ਦੱਸਿਆ ਕਿ ਕੱਦੂ ਜਾਤੀ ਜਿਵੇਂ ਘੀਆ, ਚੱਪਣਕੱਦੂ, ਰਾਮ ਤੋਰੀ, ਕਰੇਲਾ, ਖੀਰਾ ਅਤੇ ਤਰਬੂਜ਼ ਆਦਿ ਨੂੰ ਮੱਖੀ ਤੋਂ ਬਚਾਉਣ ਲਈ ਫਰੂਟ ਫਲਾਈ ਟਰੈਪ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਡਿਪਟੀ ਡਾਇਰੈਕਟਰ ਬਾਗਬਾਨੀ ਨੇ ਫਰੂਟ ਫਲਾਈ ਟਰੈਪ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ 16 ਫਰੂਟ ਫਲਾਈ ਟਰੈਪ ਪ੍ਰਤੀ ਏਕੜ ਲਗਾਉਣ ਦੀ ਸ਼ਿਫਾਰਿਸ ਕੀਤੀ ਗਈ ਹੈ। ਇਸ ਨਾਲ ਨਰ ਮੱਖੀਆਂ ਫਰੂਟ ਫਲਾਈ ਟਰੈਪ ਵੱਲ ਖਿੱਚੀਆਂ ਜਾਂਦੀਆਂ ਹਨ ਅਤੇ ਮਰ ਜਾਂਦੀਆਂ ਹਨ। ਇਸ ਨਾਲ ਸਬਜ਼ੀਆਂ ਨੂੰ ਕਾਣਾ ਕਰਨ ਵਾਲੀਆਂ ਮੱਖੀਆਂ ਦੀ ਅਬਾਦੀ ਵਿੱਚ ਵਾਧਾ ਨਹੀਂ ਹੰਦਾ। ਉਨ੍ਹਾਂ ਦੱਸਿਆ ਕਿ ਇਕ ਫਰੂਟ ਫਲਾਈ ਟਰੈਪ ਦੀ ਕੀਮਤ 120 ਰੁਪਏ ਹੈ। ਉਨ੍ਹਾਂ ਦੱਸਿਆ ਕਿ ਇਸ 'ਤੇ ਵਿਭਾਗ ਵੱਲੋਂ ਸਬਸਿਡੀ ਵੀ ਦਿੱਤੀ ਜਾਂਦੀ ਹੈ ਅਤੇ ਇਸ ਨਾਲ ਸਬਜ਼ੀਆਂ ਦੇ ਖਰਾਬ ਹੋਣ ਦੀ ਪ੍ਰਤੀਸ਼ਤ ਵਿੱਚ ਕਾਫ਼ੀ ਕਮੀ ਆਉਦੀ ਹੈ।
ਡਾ. ਮਾਨ ਨੇ ਦੱਸਿਆ ਕਿ ਇਹ ਟਰੈਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਬਾਗਬਾਨੀ ਦਫ਼ਤਰ ਪਟਿਆਲਾ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।