ਜਲੰਧਰ, 23 ਅਪਰੈਲ: ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਸਮਗਲਰਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਕਾਊਂਟਰ ਇੰਟੈਲੀਜੈਂਸ ਵਿੰਗ ਜਲੰਧਰ ਅਤੇ ਮੋਗਾ ਪੁਲਿਸ ਨੇ ਹੈਰੋਇਨ ਤਸਕਰੀ ਕਰ ਰਹੇ ਇਕ ਅੰਤਰਰਾਜੀ ਡਰੱਗ ਰੈਕੇਟ ਦਾ ਭਾਂਡਾ ਭੰਨਿਆ ਹੈ ਅਤੇ ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖਾਨ ਇਲਾਕੇ ਤੋਂ ਦਿੱਲੀ ਦੇ ਤਸਕਰਾਂ ਵੱਲੋਂ ਭੇਜੀ 1.5 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ |
ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰਿਤੇਸ਼ ਗੁਰੰਗ (27 ਸਾਲ) ਪੁੱਤਰ ਭੀਮ ਗੁਰੰਗ ਵਾਸੀ ਪਿੰਡ ਮੀਰਿਕ, ਦਾਰਜੀਲਿੰਗ ਪੱਛਮੀ ਬੰਗਾਲ ਵਜੋਂ ਹੋਈ ਹੈ, ਜੋ ਇਸ ਸਮੇਂ ਦਿੱਲੀ ਦੇ ਦੱਖਣ ਪੱਛਮੀ ਇਲਾਕੇ ਵਿਚ ਰਹਿ ਰਿਹਾ ਸੀ|
ਇਕ ਪ੍ਰੈਸ ਰਿਲੀਜ਼ 'ਚ ਏ.ਆਈ.ਜੀ ਕਾਊਂਟਰ ਇੰਟੈਲੀਜੈਂਸ ਜਲੰਧਰ ਸ੍ਰੀ ਹਰਕਮਲਪ੍ਰੀਤ ਸਿੰਘ ਖਖ ਨੇ ਕਿਹਾ ਕਿ ਆਗਾਮੀ ਸੰਸਦੀ ਚੋਣਾਂ ਤੋਂ ਪਹਿਲਾਂ ਪੁਲਿਸ ਟੀਮਾਂ ਹਾਈ ਅਲਰਟ ' ਤੇ ਹਨ ਅਤੇ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਤੇ ਚੋਕਸੀ ਨਾਲ ਨਿਗਰਾਨੀ ਕਰ ਰਹੇ ਹਨ|
ਸ੍ਰੀ ਖਖ ਨੇ ਕਿਹਾ ਕਿ ਅੱਜ ਵਿੰਗ ਨੂੰ ਇਕ ਗੁਪਤ ਸੂਚਨਾ ਮਿਲੀ ਕਿ ਦੌਲੇਵਾਲ ਪਿੰਡ ਦਾ ਬਦਨਾਮ ਸਮਗਲਰ ਬਲਵੰਤ ਸਿੰਘ ਗੁਪਤਾ ਦਿੱਲੀ ਵਾਸੀ ਤਸਕਰਾਂ ਨਾਲ ਸੰਪਰਕ ਵਿੱਚ ਹੈ ਅਤੇ ਅੱਜ ਇਹਨਾਂ ਤਸਕਰਾਂ ਰਾਹੀਂ ਭੇਜੀ ਹੈਰੋਇਨ ਦੀ ਇਕ ਵੱਡੀ ਖੇਪ ਜੋ ਦਿੱਲੀ ਤੋਂ ਦਾਰਜੀਲਿੰਗ ਨਿਵਾਸੀ ਰਿਤੇਸ਼ ਤਸਕਰੀ ਕਰ ਕੇ ਲਿਆ ਰਿਹਾ ਹੈ, ਨੂੰ ਓਹ ਮੋਗਾ ਦੇ ਕੋਟ ਈਸੇ ਖਾਂ ਦੇ ਇਲਾਕੇ ਵਿਚ ਪ੍ਰਾਪਤ ਕਰਨ ਜਾ ਰਿਹਾ ਹੈ ਜੇਕਰ ਇਲਾਕੇ ਦੀ ਨਾਕਾਬੰਦੀ ਕਰ ਚੈਕਿੰਗ ਕੀਤੀ ਜਾਵੇ ਤਾਂ ਤਸਕਰਾਂ ਨੂੰ ਭਾਰੀ ਮਾਤਰਾ ਵਿੱਚ ਹੇਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਜਾ ਸਕਦਾ ਹੈ|
ਇਹ ਸੂਚਨਾ ਮਿਲਣ ਤੇ ਏ.ਆਈ.ਜੀ ਸ੍ਰੀ ਖਖ ਨੇ ਐਸ.ਐਸ.ਪੀ ਮੋਗਾ ਸ੍ਰੀ ਅਮਰਜੀਤ ਸਿੰਘ ਬਾਜਵਾ ਨੇ ਜੀ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਅਤੇ ਕਾਊਂਟਰ ਇੰਟੈਲੀਜੈਂਸ ਵਿੰਗ ਜਲੰਧਰ ਅਤੇ ਥਾਣਾ ਕੋਟ ਈਸੇ ਖਾਂ ਦੇ ਮੁਲਾਜਿਮਾਂ ਦੀ ਇਕ ਸਾਂਝੀ ਟੀਮ ਬਣਾ ਕੇ ਚੈਕਿੰਗ ਕਰਨਾ ਅਤੇ ਨਸ਼ੀਲੇ ਪਦਾਰਥ ਖੇਪ ਨੂੰ ਤਸਕਰਾਂ ਸਮੇਤ ਜਬਤ ਕਰਨ ਲਈ ਨਿਰਦੇਸ ਜਾਰੀ ਕੀਤੇ|
ਏ.ਆਈ.ਜੀ ਨੇ ਦਸਿਆ ਕਿ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਪੁਲਿਸ ਪਾਰਟੀ ਨੇ ਨਿਹਾਲਗੜ੍ਹ ਸੂਏ ਦੇ ਪੁਲ ਦੇ ਕੋਲੋਂ ਸਫਲਤਾਪੂਰਵਕ ਇੱਕ ਤਸਕਰ ਨੂੰ ਰੋਕਿਆ ਅਤੇ ਉਸਦੇ ਕਬਜ਼ੇ ਵਿਚੋ 1.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ, ਜੋ ਕੀ ਇਕ ਕਈ ਜੇਬਾਂ ਵਾਲੇ ਇੱਕ ਮਹਿਲਾ ਪਰਸ ਵਿੱਚ ਪੈਕ ਕੀਤੀ ਹੋਈ ਸੀ ਜਦਕਿ ਬਲਵੰਤ ਸਿੰਘ ਗੁਪਤਾ ਇੱਕ ਮੋਟਰ ਸਾਈਕਲ 'ਤੇ ਮੌਕੇ ਤੋਂ ਭੱਜਣ ‘ਚ ਸਫਲ ਹੋ ਗਿਆ|
ਗ੍ਰਿਫਤਾਰ ਕੀਤੇ ਮੁਲਜ਼ਮ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਖੁਲਾਸਾ ਹੋਇਆ ਹੈ ਕਿ ਉਹ ਦਾਰਜੀਲਿੰਗ ਪੱਛਮੀ ਬੰਗਾਲ ਨਾਲ ਸਬੰਧ ਰੱਖਦਾ ਹੈ ਅਤੇ ਛੇ ਸੱਤ ਸਾਲ ਪਹਿਲਾਂ ਦਿੱਲੀ ਆਏ ਕੰਮ ਕਾਰ ਕਰਨ ਲਈ ਆਇਆ ਸੀ| ਉਹ ਇੱਕ ਲਾਊਂਜ ਬਾਰ ਵਿੱਚ ਇੱਕ ਵੇਟਰ ਦੇ ਰੂਪ ਵਿੱਚ ਕੰਮ ਕਰ ਰਿਹਾ ਸੀ ਜਿੱਥੇ ਉਹ ਦਿੱਲੀ ਦੇ ਤਸਕਰਾਂ ਨਾਲ ਸੰਪਰਕ ਵਿੱਚ ਆਇਆ ਅਤੇ ਆਸਾਨੀ ਨਾਲ ਪੈਸਾ ਕਮਾਉਣ ਲਈ ਉਹ ਦਿੱਲੀ ਅਧਾਰਤ ਹੋਰ ਤਸਕਰਾਂ ਦੇ ਨਿਰਦੇਸ਼ਾਂ 'ਤੇ ਇਸ ਖੇਪ ਦੀ ਤਸਕਰੀ ਕਰਨ ਲਈ ਸਹਿਮਤ ਹੋ ਗਿਆ|
ਉਨ੍ਹਾਂ ਨੇ ਅੱਗੇ ਕਿਹਾ ਕਿ ਰਿਤੇਸ਼ ਦਿੱਲੀ ਤੋਂ ਬੱਸ ਰਾਹੀਂ ਆਇਆ ਸੀ, ਪਹਿਲਾਂ ਉਹ ਚੰਡੀਗੜ੍ਹ ਗਿਆ ਅਤੇ ਉਥੋਂ ਉਹ ਮੋਗਾ ਹੁੰਦੇ ਹੋਏ ਕੋਟ ਈਸੇ ਖਾਨ ਪਹੁੰਚਿਆ| ਇਹ ਖੇਪ ਬਲਵੰਤ ਸਿੰਘ ਗੁਪਤਾ ਲਈ ਆਈ ਸੀ ਜੋ ਮੋਗਾ ਜ਼ਿਲ੍ਹੇ ਵਿੱਚ ਨਸ਼ਾ ਤਸਕਰੀ ਦਾ ਧੰਦਾ ਕਰਦਾ ਹੈ| ਗੁਪਤਾ ਮੌਕੇ ਤੋਂ ਮੋਟਰ ਸਾਇਕਲ ਤੇ ਭੱਜਣ ਵਿਚ ਕਾਮਯਾਬ ਹੋ ਗਿਆ ਸੀ ਜਿਸ ਨੂੰ ਗਿਰਫਤਾਰ ਕਰਨ ਲਈ ਪੁਲਿਸ ਟੀਮਾਂ ਨੂੰ ਭੇਜਿਆ ਗਿਆ ਹੈ|
ਇਹਨਾਂ ਸਮਗਲਰਾਂ ਦੇ ਖਿਲਾਫ਼ NDPS ACT ਦੀ ਧਾਰਾ ਹੇਠ ਮੁਕਦਮਾ ਐਫ.ਆਈ.ਆਰ. ਨੰਬਰ 50 ਥਾਣਾ ਕੋਟ ਇਸੇ ਖਾਨ ਮੋਗਾ ਵਿਖੇ ਦਰਜ ਕੀਤਾ ਗਿਆ ਹੈ| ਪੁਲਿਸ ਗ੍ਰਿਫਤਾਰ ਕੀਤੇ ਗਏ ਤਸਕਰ ਨੂੰ ਮੈਜਿਸਟਰੇਟ ਅੱਗੇ ਪੇਸ਼ ਕਰ ਪੁਲਸ ਰਿਮਾਂਡ ਦੀ ਮੰਗ ਕਰੇਗੀ ਤਾਂ ਜੋ ਮਾਮਲੇ ਦੀ ਜਾਂਚ ਪੂਰੀ ਕੀਤੀ ਜਾ ਸਕੇ ਅਤੇ ਇਸ ਰੈਕੇਟ ਦੇ ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ|