ਅੰਮ੍ਰਿਤਸਰ, 23 ਅਪ੍ਰੈਲ (ਮਨਪ੍ਰੀਤ ਸਿੰਘ ਜੱਸੀ)-ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਚੋਣ ਲਈ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਖਰਚੇ ਉਤੇ ਨਿਗ•ਾ ਰੱਖਣ ਲਈ ਚੋਣ ਕਮਿਸ਼ਨ ਵੱਲੋਂ ਤਿੰਨ ਖਰਚਾ ਅਬਜ਼ਰਵਰ ਭੇਜੇ ਗਏ ਹਨ, ਜੋ ਕਿ ਸਾਰੇ ਉਮੀਦਵਾਰਾਂ ਵੱਲੋਂ ਕੀਤੇ ਜਾਂਦੇ ਚੋਣ ਖਰਚੇ ਨੂੰ ਆਪਣੇ ਰਜਿਸਟਰਾਂ ਵਿਚ ਸਬੂਤਾਂ ਸਮੇਤ ਨੋਟ ਕਰਨਗੇ, ਤਾਂ ਜੋ ਕੋਈ ਵੀ ਉਮੀਦਵਾਰ ਕਮਿਸ਼ਨ ਵੱਲੋਂ ਤੈਅ ਕੀਤੀ ਖਰਚਾ ਹੱਦ ਨੂੰ ਪਾਰ ਕਰਨ ਨਾ ਕਰੇ।
ਅੱਜ ਜਿਲ•ੇ ਵਿਚ ਕੰਮ ਕਰ ਰਹੀਆਂ ਵੱਖ-ਵੱਖ ਟੀਮਾਂ, ਜੋ ਕਿ ਉਮੀਦਾਵਰਾਂ ਦੇ ਖਰਚੇ ਉਤੇ ਬਰਾਬਰ ਨਜ਼ਰ ਰੱਖ ਰਹੀਆਂ ਹਨ ਨਾਲ ਚੋਣ ਅਬਜ਼ਰਵਰ ਸ੍ਰੀ ਸਿਧਾਰੰਪਾ ਕਪਟਨਵਾਰ, ਸ੍ਰੀ ਅਖਿਲੇਸ਼ ਗੁਪਤਾ ਅਤੇ ਸ੍ਰੀ ਸੁਧਾਕਰ ਪਾਂਡੇ, ਜੋ ਕਿ ਆਈ. ਆਰ. ਐਸ ਅਧਿਕਾਰੀ ਹਨ, ਨੇ ਵਿਸਥਾਰ ਵਿਚ ਮੀਟਿੰਗ ਕੀਤੀ ਅਤੇ ਉਨਾਂ ਕੋਲੋਂ ਕੀਤੇ ਜਾ ਰਹੇ ਕੰਮ ਦੀ ਜਾਣਕਾਰੀ ਲੈਂਦੇ ਹੋਏ ਕੁੱਝ ਜ਼ਰੂਰੀ ਨਿਰਦੇਸ਼ ਦਿੱਤੇ। ਉਨਾਂ ਕਿਹਾ ਕਿ ਸਾਡਾ ਕੰਮ ਉਮੀਦਾਵਰਾਂ ਦੇ ਖਰਚੇ ਉਤੇ ਨਜ਼ਰ ਰੱਖਣੀ ਅਤੇ ਉਸਨੂੰ ਸਬੂਤਾਂ ਸਮੇਤ ਆਪਣੇ ਰਜਿਸਟਰਰਾਂ ਵਿਚ ਨੋਟ ਕਰਨਾ ਹੈ। ਉਨਾਂ ਸਪੱਸ਼ਟ ਕੀਤਾ ਕਿ ਚੋਣਾਂ ਵਿਚ ਨੋਟ, ਨਸ਼ਾ, ਸ਼ਰਾਬ ਆਦਿ ਦੀ ਰੋਕ ਲਈ ਸਾਰੀਆਂ ਟੀਮਾਂ ਵੱਲੋਂ ਗੱਡੀਆਂ ਦੀ ਜਾਂਚ ਲਗਾਤਾਰ ਕੀਤੀ ਜਾਵੇ ਪਰ ਇਸ ਵਿਚ ਆਮ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਉਨਾਂ ਕਿਹਾ ਕਿ ਜਦੋਂ ਵੀ ਕੋਈ ਨਗਦੀ ਜਾਂ ਸੋਨਾ ਆਦਿ ਫੜਿਆ ਜਾਂਦਾ ਹੈ ਤਾਂ ਉਸਦੀ ਜਾਂਚ ਵਿਚ ਇਹ ਵੇਖਿਆ ਜਾਵੇ ਕਿ ਇਹ ਕਿਥੋਂ ਅਤੇ ਕਿਸ ਕੰਮ ਲਈ ਆਇਆ ਹੈ। ਇਸ ਤੋਂ ਇਲਾਵਾ ਫੜੇ ਗਏ ਸਮਾਨ ਦੀ ਰਿਪੋਰਟ ਆਮਦਨ ਕਰ ਵਿਭਾਗ ਨੂੰ ਵੀ ਕੀਤੀ ਜਾਵੇ, ਤਾਂ ਜੋ ਉਹ ਆਪਣੇ ਐਕਟ ਅਨੁਸਾਰ ਕਾਰਵਾਈ ਵੀ ਕਰ ਸਕਣ।
ਸ੍ਰੀ ਸਿਧਾਰੰਪਾ ਕਪਟਨਵਾਰ ਨੇ ਦੱਸਿਆ ਕਿ ਅੰਮ੍ਰਿਤਸਰ ਚੋਣ ਖਰਚੇ ਲਈ ਨਾਜ਼ੁਕ ਲੋਕ ਸਭਾ ਹਲਕਾ ਮੰਨਿਆ ਜਾਂਦਾ ਹੈ, ਇਸ ਲਈ ਇੱਥੇ ਇਕ ਤੋਂ ਵੱਧ ਅਬਜ਼ਰਵਰਾਂ ਨੂੰ ਭੇਜਿਆ ਗਿਆ ਹੈ। ਉਨਾਂ ਕਿਹਾ ਕਿ ਹਰੇਕ ਉਮੀਦਵਾਰ ਨੂੰ 70 ਲੱਖ ਰੁਪਏ ਤੱਕ ਦਾ ਚੋਣ ਖਰਚਾ ਕਰਨ ਦੀ ਆਗਿਆ ਹੈ ਅਤੇ ਸਾਡਾ ਕੰਮ ਖਰਚੇ ਦੀ ਸਬੂਤਾਂ ਸਮੇਤ ਜਾਣਕਾਰੀ ਇਕੱਠੀ ਕਰਨੀ ਹੈ। ਉਨਾਂ ਕੰਮ ਕਰ ਰਹੀਆਂ ਸਾਰੀਆਂ ਟੀਮਾਂ ਨੂੰ ਹਦਾਇਤ ਕੀਤੀ ਕਿ ਉਹ ਖਰਚਾ ਸੈਲ ਨੂੰ ਰੋਜ਼ਾਨਾ ਆਪਣੀ ਆਪਣੀ ਰਿਪੋਰਟ ਭੇਜਣੀ ਯਕੀਨੀ ਬਨਾਉਣ, ਤਾਂ ਜੋ ਰਿਕਾਰਡ ਰੱਖਿਆ ਜਾ ਸਕੇ। ਉਨਾਂ ਸਪੱਸ਼ਟ ਕੀਤਾ ਕਿ ਹਰੇਕ ਜਾਂਚ ਦੀ ਵੀਡੀਓ ਰਿਕਾਰਡਿੰਗ ਕੀਤੀ ਜਾਵੇ ਅਤੇ ਫੜੇ ਗਏ ਨਗਦੀ ਜਾਂ ਸੋਨੇ ਨੂੰ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿਚ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨਾਂ ਬੈਂਕਾਂ ਅਤੇ ਏ ਟੀ ਐਮ ਨੂੰ ਨਗਦੀ ਸਪਲਾਈ ਕਰਦੇ ਵਾਹਨਾਂ ਅਤੇ ਐਬੂਲੈਂਸ ਉਤੇ ਨਜਰ ਰੱਖਣ ਦੀ ਵੀ ਹਦਾਇਤ ਕੀਤੀ ਤਾਂ ਜੋ ਸ਼ਰਾਰਤੀ ਲੋਕ ਇਸ ਦੀ ਓਟ ਵਿਚ ਪੈਸੇ ਜਾਂ ਨਸ਼ਾ ਸਪਲਾਈ ਨਾ ਕਰ ਸਕਣ।
ਇਸ ਮੌਕੇ ਖਰਚਾ ਸੈਲ ਦੇ ਨੋਡਲ ਅਧਿਕਾਰੀ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ, ਡੀ ਸੀ ਪੀ ਸ੍ਰੀ ਭੁਪਿੰਦਰ ਸਿੰਘ, ਐਸ ਪੀ ਸ੍ਰੀ ਬਲਜੀਤ ਸਿੰਘ, ਐਸ ਡੀ ਐਮ ਸ੍ਰੀ ਰਜਤ ਉਬਰਾਏ, ਐਸ ਡੀ ਐਮ ਸ੍ਰੀਮਤੀ ਪਲਵੀ ਚੌਧਰੀ, ਐਸ ਡੀ ਐਮ ਸ੍ਰੀ ਸ਼ਿਵਰਾਜ ਸਿੰਘ ਬੱਲ, ਐਸ ਡੀ ਐਮ ਸ੍ਰੀ ਦੀਪਕ, ਡਿਪਟੀ ਡਾਇਰੈਕਟਰ ਸ੍ਰੀਮਤੀ ਐਨਮਜੋਤ ਕੌਰ, ਸਹਾਇਕ ਕਮਿਸ਼ਨਰ ਸ੍ਰੀ ਨਿਤਿਸ਼ ਸਿੰਗਲਾ, ਏ ਸੀ ਪੀ ਸ੍ਰੀ ਸਰਤਾਜ ਸਿੰਘ ਅਤੇ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜਰ ਸਨ।