ਸੰਦੌੜ ਵਿਖੇ ਦਫ਼ਤਰ ਦੇ ਉਦਘਾਟਨ ਕਰਦੇ ਹੋਏ ਕੇਵਲ ਸਿੰਘ ਢਿੱਲੋਂ, ਕੈਬਿਨਟ ਮੰਤਰੀ ਰਜ਼ੀਆ ਸੁਲਤਾਨਾ ਅਤੇ ਵੱਖ ਵੱਖ ਪਿੰਡਾਂ ਦੇ ਸਰਪੰਚ - ਪੰਚ , ਮਹਿਲਾ ਕਾਂਗਰਸ ਅਤੇ ਯੂਥ ਕਾਂਗਰਸ ਦੇ ਆਗੂ
ਸੰਦੌੜ 22 ਅਪ੍ਰੈਲ (ਦੀਦਾਰ ਗੁਰਨਾ ) ਸੋਮਵਾਰ ਨੂੰ ਸੰਗਰੂਰ ਲੋਕ ਸਭਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਅੱਜ ਸੰਦੌੜ ਵਿਖੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਮਗਰੋਂ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ । ਇਸ ਮੌਕੇ ਤੇ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਰਜ਼ੀਆ ਸੁਲਤਾਨ ਵੀ ਮੌਜੂਦ ਸਨ । ਸੰਦੌੜ ਵਿਖੇ ਸੰਬੋਧਨ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਆਪਣੀ ਕਾਂਗਰਸ ਪਾਰਟੀ ਦੇ 2 ਸਾਲਾਂ ਦੇ ਕਾਰਜਕਾਲ ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹਰ ਵਰਗ ਦਾ ਖ਼ਾਸ ਖ਼ਿਆਲ ਰੱਖਿਆ ਹੈ ਜਿਸ ਦੀ ਬਦੌਲਤ ਪੰਜਾਬ ਅੱਜ ਇਕ ਵਾਰ ਫੇਰ ਵਿਕਾਸ ਦੀ ਲੀਹ ਵੱਲ ਮੁੜ ਰਿਹਾ ਹੈ ਜਦਕਿ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਪੰਜਾਬ ਅੰਦਰ ਕਿਸਾਨੀ ਅਤੇ ਜਵਾਨੀ ਦਾ ਵੱਡਾ ਘਾਣ ਹੋਇਆ। ਕੇਵਲ ਸਿੰਘ ਢਿੱਲੋਂ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਅੱਗੇ ਕਿਹਾ ਕਿ ਉਹਨਾਂ ਦਾ ਮੁੱਖ ਮਕਸਦ ਹੀ ਵਿਕਾਸ ਕਰਵਾਉਣਾ ਹੈ ਅਤੇ ਆਪਣੇ ਇਲਾਕੇ ਵਿੱਚ ਵੱਡੀ ਇੰਡਸਟਰੀ, ਸਿਹਤ ਸੰਭਾਲ,ਅਤੇ ਸਿੱਖਿਆ ਨੂੰ ਉੱਪਰ ਚੁੱਕਣਾ ਹੈ। ਮੋਦੀ ਸਰਕਾਰ ਤੇ ਵਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੀ ਜਨਤਾ ਨੂੰ ਲੁੱਟ ਕੇ ਵੱਡੇ ਵੱਡੇ ਕਾਰੋਬਾਰੀਆਂ ਦਾ ਘਰ ਭਰਿਆ।
ਇਸ ਮੌਕੇ ਤੇ ਬੋਲਦਿਆਂ ਕੈਬਨਿਟ ਮੰਤਰੀ ਰਜ਼ੀਆ ਸੁਲਤਾਨ ਨੇ ਕਿਹਾ ਕਿ ਮੋਦੀ ਸਰਕਾਰ ਨੇ ਆਪਣੀਆਂ ਨੀਤੀਆਂ ਨਾਲ ਹਰੇਕ ਵਰਗ ਦਾ ਲੱਕ ਤੋੜ ਦਿੱਤਾ । ਉਹਨਾਂ ਨੇ ਅਪੀਲ ਕੀਤੀ ਕਿ ਆਉਣ ਵਾਲੀ ਆਗਾਮੀ ਸੰਗਰੂਰ ਲੋਕ ਸਭਾ ਚੋਣ ਵਿੱਚ ਕੇਵਲ ਸਿੰਘ ਢਿੱਲੋਂ ਨੂੰ ਸਭ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਕਾਮਯਾਬ ਕਰੋ ।