ਸਰੀ, ਕੈਨੇਡਾ, 24 ਅਪ੍ਰੈਲ 2019 - ਕੈਨੇਡਾ ਦੇ ਸਰੀ ਵਿਸਾਖੀ ਪ੍ਰੇਡ ਸਬੰਧੀ ਫੇਸਬੁੱਕ 'ਤੇ ਕਿਸੇ 'ਰਿਆਨ ਮਕਕੈਬ' ਨਾਮੀ ਸ਼ਖਸ ਵੱਲੋਂ ਚਿੰਤਤ ਕਰਨ ਵਾਲੀ ਪੋਸਟ ਸ਼ੇਅਰ ਕੀਤੀ ਗਈ ਜਿਸ 'ਚ ਉਸਨੇ ਲਿਖਿਆ ਕਿ, '' ਸੋਚੋ, ਜੇਕਰ ਸਿੱਖ ਵਿਸਾਖੀ ਪ੍ਰੇਡ 'ਚ ਇੱਕ ਪ੍ਰੈਸ਼ਰ ਕੁੱਕਰ ਬੰਬ ਰੱਖਿਆ ਹੁੰਦਾ''। ਇਸ ਬੇਹੱਦ ਖੌਫਨਾਕ ਪੋਸਟ 'ਤੇ ਸਰੀ ਦੇ ਐਮ.ਐਲ.ਏ ਵੱਲੋਂ ਸਰੀ ਆਰ.ਸੀ.ਐਮ.ਪੀ (ਪੁਲੀਸ) ਕੋਲ ਸ਼ਿਕਾਇਤ ਕੀਤੀ ਗਈ ਹੈ। ਪੁਲੀਸ ਅਧਿਕਾਰੀਆਂ ਦਾ ਸ਼ਿਕਾਇਤ ਮਿਲਣ ਤੋਂ ਬਾਅਦ ਕਹਿਣਾ ਹੈ ਕਿ ਉਹ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ।
'ਸਰੀ ਨਾੳ ਲੀਡਰ' ਦੀ ਰਿਪੋਰਟ ਅਨੁਸਾਰ ਸਰੀ-ਪੈਨੋਰਮਾ ਤੋਂ ਐਨ.ਡੀ.ਪੀ ਐਮ.ਐਲ.ਏ ਜਿੰਨੀ ਸਿਮਸ ਨੇ ਆਰ.ਸੀ.ਐਮ.ਪੀ ਨੂੰ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਤਫਤੀਸ਼ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਕੁਮੈਂਟ ਨੂੰ ਪੜ੍ਹਨ ਤੋਂ ਬਾਅਦ ਬੇਹੱਦ ਹੈਰਾਨ ਅਤੇ ਪ੍ਰੇਸ਼ਾਨ ਹਨ ਕਿਉਂਕਿ ਨਿਊਜ਼ੀਲੈਂਡ ਅਤੇ ਸ੍ਰੀਲੰਕਾ 'ਚ ਹੋਏ ਆਤਮਘਾਤੀ ਹਮਲਿਆਂ ਤੋਂ ਬਾਅਦ ਅਜਿਹੀ ਫੇਸਬੁੱਕ ਪੋਸਟ ਨੂੰ ਹਲਕੇ 'ਚ ਨਹੀਂ ਲਿਆ ਜਾ ਸਕਦਾ। ਉਨ੍ਹਾਂ ਦੱਸਿਆ ਕਿ ਕਿਸੇ ਵੱਲੋਂ ਉਨ੍ਹਾਂ ਨੂੰ ਇਸ ਸੰਦੇਸ਼ ਦਾ ਸਕ੍ਰੀਨਸ਼ਾਟ ਭੇਜਿਆ ਗਿਆ ਸੀ ਤੇ ਜਿਸ ਨੂੰ ਉਨ੍ਹਾਂ ਨੇ ਤੁਰੰਤ ਟਵੀਟ ਕਰ ਦਿੱਤਾ। ਫਿਲਹਾਲ ਇਸ ਮਾਮਲੇ 'ਚ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ।
ਦੱਸਣਯੋਗ ਹੈ ਕਿ ਨਿਊਜ਼ੀਲੈਂਡ ਅਤੇ ਸ੍ਰੀਲੰਕਾ 'ਚ ਨਸਲੀ ਹਮਲਿਆਂ ਦੀਆਂ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ, ਜਿੰਨ੍ਹਾਂ 'ਚ ਸੈਂਕੜੇ ਲੋਕ ਨਮਾਜ਼ ਅਦਾ ਕਰਦੇ ਅਤੇ ਚਰਚ 'ਚ ਫੌਤ ਹੋ ਗਏ ਸਨ। ਅਜਿਹੇ ਮੌਕੇ ਸਿੱਖਾਂ ਲਈ ਅਜਿਹੀ ਧਮਕੀ ਦਾ ਮਿਲਣਾ ਵਾਕਿਆ ਹੀ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ।
ਫੇਸਬੁੱਕ ਪੋਸਟ ਦੇ ਸਕ੍ਰੀਨਸ਼ਾਟ