ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਮਨੀਤ ਕੌਂਡਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਆਪਣੇ ਦਫ਼ਤਰ ਵਿਖੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਅਤੇ ਉਨ੍ਹਾਂ ਪਾਸੋਂ ਬਰਾਮਦ ਕੀਤੀ ਨਗਦੀ ਬਾਰੇ ਜਾਣਕਾਰੀ ਦਿੰਦੇ ਹੋਏ।
ਫਤਹਿਗੜ੍ਹ ਸਾਹਿਬ, 23 ਅਪ੍ਰੈਲ(ਦੀਦਾਰ ਗੁਰਨਾ ) ਜ਼ਿਲ੍ਹਾ ਪੁਲਿਸ ਨੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 05 ਵਿਅਕਤੀਆਂ ਨੂੰ ਕੁੱਝ ਹੀ ਘੰਟਿਆਂ ਵਿੱਚ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਅਤੇ ਦੋਸ਼ੀਆਂ ਪਾਸੋਂ ਲੁੱਟ ਦੇ 03 ਲੱਖ 60 ਹਜ਼ਾਰ ਰੁਪਏ ਦੀ ਨਕਦੀ ਤੇ ਵਾਰਦਾਤ ਵਿੱਚ ਵਰਤੇ ਮੋਟਰਸਾਈਕਲ ਅਤੇ ਲੋਹੇ ਦੀ ਦਾਤ ਵੀ ਬਰਾਮਦ ਕੀਤੀ ਗਈ ਹੈ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਮਨੀਤ ਕੌਂਡਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਆਪਣੇ ਦਫ਼ਤਰ ਵਿਖੇ ਸੱਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਮਾੜੇ ਅਨਸਰਾਂ ਵਿਰੁੱਧ ਵਿੰਢੀ ਮੁਹਿੰਮ ਤਹਿਤ ਐੱਸ ਪੀ. ਜਾਂਚ, ਹਰਪਾਲ ਸਿੰਘ ਅਤੇ ਡੀ.ਐੱਸ.ਪੀ. ਅਮਲੋਹ ਸ੍ਰੀ ਗੁਰਸ਼ੇਰ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਅਫ਼ਸਰ ਥਾਣਾ ਅਮਲੋਹ ਇੰਸਪੈਕਟਰ ਮਹਿੰਦਰ ਸਿੰਘ ਦੀ ਅਗਵਾਈ ਹੇਠ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੁਲਦੀਪ ਸਿੰਘ ਵਾਸੀ ਕ੍ਰਿਸ਼ਨਾ ਨਗਰ, ਖੰਨਾ ਨੇ ਏ.ਐੱਸ.ਆਈ. ਪਵਨ ਕੁਮਾਰ ਨੂੰ ਇਤਲਾਹ ਦਿੱਤੀ ਕਿ ਉਸਦਾ ਭਰਾ ਅਮਨਦੀਪ ਸਿੰਘ ਪਿੰਡ ਸ਼ਾਹਪੁਰ ਵਿਖੇ ਮੋਬਾਈਲਾਂ ਦੀ ਦੁਕਾਨ ਦੇ ਨਾਲ-ਨਾਲ ਮਨੀ ਟਰਾਂਸਫ਼ਰ ਦਾ ਕੰਮ ਵੀ ਕਰਦਾ ਹੈ ਜੋ ਵੀ ਕੈਸ਼ ਇਕੱਠਾ ਹੁੰਦਾ ਹੈ। ਉਸਨੂੰ ਹਰ ਰੋਜ਼ ਦੁਪਹਿਰ ਸਮੇਂ ਆਈ.ਸੀ.ਆਈ.ਸੀ.ਆਈ ਬੈਂਕ ਬਰਾਂਚ ਅਮਲੋਹ ਵਿਖੇ ਜਮਾਂ ਕਰਵਾਇਆ ਜਾਂਦਾ ਹੈ ਅਤੇ ਉਸਦਾ ਭਰਾ ਅਮਨਦੀਪ ਸਿੰਘ ਹਰ ਰੋਜ਼ ਦੀ ਤਰ੍ਹਾਂ 22 ਅਪ੍ਰੈਲ ਨੂੰ ਰਵਿੰਦਰ ਸ਼ਾਹ ਨੂੰ ਨਾਲ ਲੈ ਕੇ ਆਪਣੀ ਸਕੂਟਰੀ ਤੇ ਇਹ ਨਕਦ ਰਾਸ਼ੀ ਲੈ ਕੇ ਬੈਂਕ ਦੀ ਬਰਾਂਚ ਵਿੱਚ ਜਮ੍ਹਾ ਕਰਾਉਣ ਲਈ ਗਿਆ ਜਦੋਂ ਉਹ ਕਾਫ਼ੀ ਦੇਰ ਵਾਪਸ ਨਹੀਂ ਆਏ ਤਾਂ ਕੁਲਦੀਪ ਸਿੰਘ ਉਨ੍ਹਾਂ ਨੂੰ ਦੇਖਣ ਲਈ ਗਿਆ ਤਾਂ ਨਾਹਰ ਸ਼ੂਗਰ ਮਿੱਲ ਪਿੰਡ ਖੁੰਮਣਾ ਨਜ਼ਦੀਕ ਉਸਦਾ ਭਰਾ ਅਮਨਦੀਪ ਸਿੰਘ ਅਤੇ ਰਵਿੰਦਰ ਸ਼ਾਹ ਕਾਫ਼ੀ ਸਹਿਮੇ ਹੋਏ ਅਤੇ ਘਬਰਾਏ ਹੋਏ ਖੜ੍ਹੇ ਸਨ। ਜਿਨ੍ਹਾਂ ਨੇ ਦੱਸਿਆ ਕਿ ਰਸਤੇ ਵਿੱਚ ਪਿੰਡ ਮਾਜਰੀ ਕਿਸ਼ਨੇ ਵਾਲੀ ਨਜ਼ਦੀਕ ਇੱਕ ਬੁਲਟ ਮੋਟਰਸਾਈਕਲ 'ਤੇ ਸਵਾਰ 02 ਮੋਨੇ ਵਿਅਕਤੀਆਂ ਨੇ ਉਨ੍ਹਾਂ ਦੀ ਸਕੂਟਰੀ ਅੱਗੇ ਆਪਣਾ ਮੋਟਰ ਸਾਈਕਲ ਲਗਾ ਕੇ ਉਨ੍ਹਾਂ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ ਜਿਸ ਕਾਰਨ ਉਹ ਸਕੂਟਰੀ ਤੋਂ ਥੱਲੇ ਡਿਗ ਪਏ ਅਤੇ ਉਨ੍ਹਾਂ ਨੇ ਰਵਿੰਦਰ ਸ਼ਾਹ ਤੇ ਦਾਤ ਨਾਲ ਵਾਰ ਕੀਤਾ ਅਤੇ ਉਸ ਪਾਸੋਂ 03 ਲੱਖ 60 ਹਜ਼ਾਰ ਰੁਪਏ ਖੋਹ ਕੇ ਫ਼ਰਾਰ ਹੋ ਗਏ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਕੁਲਦੀਪ ਦੇ ਭਰਾ ਅਮਨਦੀਪ ਨੇ ਹੀ ਲੁੱਟ ਖੋਹ ਦਾ ਡਰਾਮਾ ਰਚਿਆ ਸੀ। ਉਨ੍ਹਾਂ ਦੱਸਿਆ ਕਿ ਅਮਲੋਹ ਥਾਣੇ ਵਿਖੇ ਮੁਕੱਦਮਾ ਦਰਜ਼ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਤੇ ਤਫ਼ਤੀਸ਼ ਦੌਰਾਨ ਗੁਰਦੀਪ ਸਿੰਘ ਅਤੇ ਗੁਰਵੀਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਵਾਰਦਾਤ ਵਿੱਚ ਵਰਤਿਆ ਦਾਤ, ਬੁਲਟ ਮੋਟਰਸਾਈਕਲ ਨੰਬਰ ਪੀਬੀ-10-ਈ.ਵੀ-5456 ਅਤੇ ਉਨ੍ਹਾਂ ਦੇ ਹਿੱਸੇ ਵਿੱਚ ਆਈ ਰਕਮ ਬਰਾਮਦ ਕੀਤੀ। ਇਨ੍ਹਾਂ ਪਾਸੋਂ ਪੁੱਛ ਗਿੱਛ ਕਰਨ ਤੇ ਇਹ ਗੱਲ ਸਾਹਮਣੇ ਆਈ ਕਿ ਅਮਨਦੀਪ ਸਿੰਘ ਨੇ ਆਪਣੇ ਭਰਾ ਕੁਲਦੀਪ ਸਿੰਘ ਦੇ ਕਰੀਬ 02 ਲੱਖ ਰੁਪਏ ਦੇਣੇ ਸਨ ਜਿਸ ਕਾਰਨ ਉਸਦਾ ਮਨ ਬਦਨੀਤ ਹੋ ਗਿਆ ਅਤੇ ਉਸਨੇ ਇਸ ਸਬੰਧੀ ਜਸਪ੍ਰੀਤ ਸਿੰਘ ਨਾਲ ਸਲਾਹ ਕੀਤੀ ਜਿਸ ਤੇ ਜਸਪ੍ਰੀਤ ਸਿੰਘ ਨੇ ਉਸਨੂੰ ਗੁਰਦੀਪ ਸਿੰਘ ਉਰਫ਼਼਼ ਨਿੱਕਾ ਵਾਸੀ ਪਿੰਡ ਬੁੱਗਾ ਕਲਾਂ ਤਹਿ ਅਮਲੋਹ, ਅਤੇ ਗੁਰਵੀਰ ਸਿੰਘ ਉਰਫ ਗੁਰੀ ਵਾਸੀ ਵਾਰਡ ਨੰ4 ਕ੍ਰਿਸ਼ਨਾ ਕਾਲੋਨੀ ਅਮਲੋਹ, ਨਾਲ ਮਿਲਾਇਆ ਤੇ ਇਨ੍ਹਾਂ ਸਾਰਿਆਂ ਨੇ ਮਿਲੀ ਭੁਗਤ ਕਰਕੇ ਰਵਿੰਦਰ ਸ਼ਾਹ ਨੂੰ ਵੀ ਸ਼ਾਮਿਲ ਕਰ ਲਿਆ। ਇਨ੍ਹਾਂ ਸਾਰਿਆਂ ਨੇ ਮਨ ਘੜਤ ਕਹਾਣੀ ਬਣਾ ਕੇ ਇਹ ਲੁੱਟ ਹੋਣ ਸਬੰਧੀ ਮੁਕੱਦਮਾ ਦਰਜ਼ ਕਰਵਾਇਆ। ਲੁੱਟ ਦੇ 03 ਲੱਖ 60 ਹਜ਼ਾਰ ਰੁਪਏ ਵਿੱਚੋਂ ਗੁਰਦੀਪ ਸਿੰਘ, ਗੁਰਵੀਰ ਸਿੰਘ, ਜਸਪ੍ਰੀਤ ਸਿੰਘ ਅਤੇ ਰਵਿੰਦਰ ਸ਼ਾਹ ਨੂੰ50-50 ਹਜ਼ਾਰ ਰੁਪਏ ਵੰਡ ਕੇ ਦਿੱਤੇ ਅਤੇ 01 ਲੱਖ 60 ਹਜ਼ਾਰ ਰੁਪਏ ਅਮਨਦੀਪ ਸਿੰਘ ਨੇ ਆਪ ਰੱਖ ਲਏ। ਗੁਰਦੀਪ ਸਿੰਘ ਦੀ ਪੁੱਛ ਗਿੱਛ ਦੇ ਅਧਾਰ ਤੇ ਅਮਨਦੀਪ ਸਿੰਘ ਵਾਸੀ ਵਾਰਡ ਨੰ:14 ਕ੍ਰਿਸ਼ਨਾ ਨਗਰ ਖੰਨਾ, ਜਸਪ੍ਰੀਤ ਸਿੰਘ ਉਰਫ ਗੋਲਡੀ ਵਾਸੀ ਪਿੰਡ ਰਾਏਪੁਰ ਰਾਈਆਂ,ਤਹਿ ਅਮਲੋਹ ਅਤੇ ਰਵਿੰਦਰ ਸ਼ਾਹ,ਵਾਸੀ ਪਿੰਡ ਰਾਮਗੜ੍ਹ ਮਾਹੋਆਣਾ,ਜ਼ਿਲ੍ਹਾ ਮਤਿਹਾਰੀ ਬਿਹਾਰ ਨੂੰ ਦੋਸ਼ੀ ਨਾਮਜ਼ਦ ਕਰ ਕੇ ਉਨ੍ਹਾਂ ਪਾਸੋਂ ਲੁੱਟੇ ਹੋਏ ਸਾਰੇ ਪੈਸੇ ਬਰਾਮਦ ਕਰ ਲਏ ਗਏ ਹਨ ਦੋਸ਼ੀਆਂ ਪਾਸੋਂ ਪੁੱਛ ਗਿੱਛ ਦੌਰਾਨ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।