ਨਵਾਂ ਸ਼ਹਿਰ, 24 ਅਪਰੈਲ, 2019: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਿਨੈ ਬਬਲਾਨੀ ਵਲੋਂ ਅੱਜ ਸਹਾਇਕ ਰਿਟਰਨਿੰਗ ਅਫ਼ਸਰਾਂ ਨਾਲ ਮੀਟਿੰਗ ਕਰਕੇ, ਉਨ੍ਹਾਂ ਪਾਸੋਂ ਉਨ੍ਹਾਂ ਦੇ ਹਲਕਿਆਂ ’ਚ ਲੋਕ ਸਭਾ ਚੋਣਾਂ ਦੀ ਤਿਆਰੀ ਲਈ ਕੀਤੇ ਗਏ ਪ੍ਰਬੰਧਾਂ ਦਾ ਜਇਜ਼ਾ ਲੈਂਦਿਆ ਹਦਾਇਤ ਕੀਤੀ ਗਈ ਕਿ ਸਮੁੱਚੇ ਪ੍ਰਬੰਧ ਮਤਦਾਨ ਤੋਂ ਪਹਿਲਾਂ ਪਹਿਲਾਂ ਨੇਪਰੇ ਚਾੜ੍ਹ ਲਏ ਜਾਣ।
ਉਨ੍ਹਾਂ ਚੋਣ ਬੂਥਾਂ ’ਤੇ ਲੋੜੀਂਦੀਆਂ ਨਿਸ਼ਚਿਤ ਘੱਟੋ ਘੱਟ ਸੁਵਿਧਾਵਾਂ ਜਿਵੇਂ ਪੀਣ ਵਾਲਾ ਪਾਣੀ, ਸ਼ੈਡ, ਰੈਂਪ, ਬੈਠਣ ਦੇ ਬੰਦੋਬਸਤ, ਮੈਡੀਕਲ ਸਹੂਲਤ, ਬਿਜਲੀ, ਢੁਕਵੇਂ ਦਿਸ਼ਾ ਸੂਚਕ, ਮਤਦਾਨ ਪਾਰਟੀਆਂ ਲਈ ਲੋੜੀਂਦੇ ਪ੍ਰਬੰਧ, ਉਨ੍ਹਾਂ ਦੇ ਖਾਣੇ ਦੇ ਪ੍ਰਬੰਧ ਅਤੇ ਉਹ ਬੂਥ, ਜਿੱਥੇ ਕੇਵਲ ਮਹਿਲਾ ਸਟਾਫ ਵਲੋਂ ਹੀ ਮਤਦਾਨ ਕਰਵਾਇਆ ਜਾਣਾ ਹੈ, ਬਾਰੇ ਸਮੇਂ ਸਿਰ ਪ੍ਰਬੰਧ ਕਰਕੇ ਰਿਪੋਰਟ ਦਫ਼ਤਰ ਜ਼ਿਲ੍ਹਾ ਚੋਣ ਅਫ਼ਸਰ ਨੂੰ ਭੇਜਣ ਲਈ ਆਖਿਆ ਗਿਆ।
ਜ਼ਿਲ੍ਹਾ ਚੋਣ ਅਫ਼ਸਰ ਵਲੋਂ ਦਿਵਿਆਂਗ ਅਤੇ ਬਿਰਧ ਮਤਦਾਤਾਵਾਂ ਨੂੰ ਚੋਣ ਬੂਥਾਂ ’ਤੇ ਦਿੱਤੀ ਜਾਣ ਵਾਲੀ ਸਹੂਲੀਅਤ ਲਈ 18 ਸਾਲ ਤੋਂ ਘੱਟ ਉਮਰ ਦੇ ਵਾਲੰਟੀਅਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੀ ਜ਼ਿੰਮੇਂਵਾਰੀ ਵੀ ਅਗਾਂਹੂ ਰੂਪ ਵਿੱਚ ਸਿਖਲਾਈ ਦੇਣ ਲਈ ਕਿਹਾ ਗਿਆ। ਉਨ੍ਹਾਂ ਨੇ ਗੈਰ-ਹਾਜ਼ਰ, ਤਬਦੀਲ ਹੋ ਚੁੱਕੇ ਜਾਂ ਮਰ ਚੁੱਕੇ ਮਤਦਾਤਾਵਾਂ ਦੀਆਂ ਸੂਚੀਆਂ ਦੀ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਸਮੇਂ ਸਿਰ ਤਿਆਰ ਕਰਕੇ ਹਰੇਕ ਪ੍ਰੀਜ਼ਾਇਡਿੰਗ ਅਫ਼ਸਰ ਨੂੰ ਸੌਂਪਣੀ ਯਕੀਨੀ ਬਣਾਉਣ ਲਈ ਵੀ ਪਾਬੰਦ ਕੀਤਾ। ਜ਼ਿਲ੍ਹਾ ਚੋਣ ਅਫ਼ਸਰ ਨੇ ਏ.ਆਰ.ਓਜ਼. ਨੂੰ 19 ਅਪਰੈਲ ਤਕ ਪ੍ਰਾਪਤ ਹੋਏ ਨਵੀਆਂ ਵੋਟਾਂ ਬਣਾਉਣ ਵਾਲੇ ਫਾਰਮ ਨੰ: 6 ਅਤੇ 6-ਏ ਦਾ ਨਿਪਟਾਰਾ ਹਰ ਹਾਲ ’ਚ 27 ਅਪਰੈਲ ਸ਼ਾਮ 5 ਵਜੇ ਤੱਕ ਕਰਨਾ ਯਕੀਨੀ ਬਣਾਉਣ ਲਈ ਕਿਹਾ।
ਸ਼੍ਰੀ ਬਬਲਾਨੀ ਨੇ ਪੋਲਿੰਗ ਸਟਾਫ਼ ਦੀ 28 ਅਪਰੈਲ ਨੂੰ ਹੋਣ ਜਾ ਰਹੀ ਪਹਿਲੀ ਸਿਖਲਾਈ ਲਈ ਕੀਤੇ ਪ੍ਰਾਬੰਧਾਂ ਦੀ ਜਾਣਕਾਰੀ ਵੀ ਲਈ। ਉਨ੍ਹਾਂ ਦੱਸਿਆ ਕਿ ਬੰਗਾ ਦੇ ਪੋਲਿੰਗ ਸਟਾਫ਼ ਦੀ ਟੇ੍ਨਿੰਗ ਗੁਰੂ ਨਾਨਕ ਕਾਲਜ ਫਾਰ ਵਿਮੈਨ, ਨਵਾਂਸ਼ਹਿਰ ਦੀ ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਅਤੇ ਬਲਾਚੌਰ ਦੀ ਬੀ.ਏ.ਬੀ. ਸ.ਸ.ਸਕੂਲ ਬਲਾਚੌਰ ਵਿਖੇ ਰੱਖੀ ਗਈ ਹੈ ਅਤੇ ਇਹ ਸਿਖਲਾਈ 50-50 ਦੇ ਛੋਟੇ ਗਰੁੱਪ ਬਣਾ ਕੇ ਦਿੱਤੀ ਜਾਵੇ। ਪੋਸਟਲ ਬੈਲਟ ਲਈ ਲਾਏ ਗਏ ਨੋਡਲ ਅਫ਼ਸਰ ਜ਼ਿਲ੍ਹਾ ਮਾਲ ਅਫ਼ਸਰ ਨੂੰ ਉਨ੍ਹਾਂ ਨੇ ਪੋਸਟਲ ਬੈਲਟ ਪੇਪਰ ਅਤੇ ਚੋਣਾਂ ’ਚ ਡਿਊਟੀ ਨਿਭਾ ਰਹੇ ਸਟਾਫ ਲਈ ਸਬੰਧਤ ਡਿਊਟੀ ਸਥਾਨ ’ਤੇ ਹੀ ਵੋਟ ਪਾਉਣ ਲਈ ਈ.ਡੀ.ਸੀ. ਸਮੇਂ ਸਿਰ ਤਿਆਰ ਕਰਕੇ ਭੇਜਣ ਲਈ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਈ.ਡੀ.ਸੀ. ਲਈ ਫਾਰਮ 12-ਏ ਦੂਸਰੀ ਟੇ੍ਨਿੰਗ ਮੌਕੇ ਦਿੱਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਚੋਣ ਬੂਥਾਂ ’ਤੇ ਮਤਦਾਤਾਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਹੋਣ ਦੇਣ ਲਈ ਚੋਣ ਬੂਥਾਂ ’ਤੇ ਬੀ.ਐਲ.ਓਜ਼. ਨੂੰ ਹੈਲਪ ਡੈਸਕ ਸਥਾਪਿਤ ਕਰਨ ਲਈ ਵੀ ਪਾਬੰਦ ਕਰਨ ਲਈ ਆਖਿਆ। ਇਸ ਤੋਂ ਇਲਾਵਾ 18 ਮਈ ਦੀ ਆਖਰੀ ਚੋਣ ਰਿਹਰਸਲ ਮੌਕੇ ਪੋਲਿੰਗ ਸਟਾਫ਼ ਨੂੰ ਲਿਜਾਣ ਵਾਲੇ ਵਾਹਨਾਂ ’ਤੇ ਜੀ.ਪੀ.ਐਸ. ਟਰੈਕਿੰਗ ਦੀ ਸਥਾਪਤੀ ਲਈ ਹੁਣ ਤੋਂ ਹੀ ਪ੍ਰਬੰਧ ਕਰਕੇ ਰੱਖਣ ਲਈ ਆਖਿਆ। ਮੀਟਿੰਗ ’ਚ ਚੋਣ ਬੂਥਾਂ ਦੀ ਵੈਬ ਕਾਸਟਿੰਗ, ਵੀਡਿਓ ਗ੍ਰਾਫੀ ਅਤੇ ਬਾਕੀ ਬੂਥਾਂ ’ਤੇ ਮਾਇਕਰੋ ਆਬਜਰਵਰ ਤਾਇਨਾਤ ਕਰਨ ’ਤੇ ਵੀ ਚਰਚਾ ਕੀਤੀ ਗਈ। ਮੀਟਿੰਗ ਵਿੱਚ ਏ.ਡੀ.ਸੀ. (ਜ) ਅਨੁਪਮ ਕਲੇਰ, ਏ.ਡੀ.ਸੀ. (ਵਿਕਾਸ) ਸਰਬਜੀਤ ਸਿੰਘ ਵਾਲੀਆ, ਐਸ.ਡੀ.ਐਮ. ਦੀਪਸ਼ਿਖਾ ਸ਼ਰਮਾ ਬੰਗਾ, ਡਾ. ਵਿਨੀਤ ਕੁਮਾਰ, ਨਵਾਂਸ਼ਹਿਰ, ਜਸਵੀਰ ਸਿੰਘ ਬਲਾਚੌਰ, ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਸ਼ੰਤੋਸ਼ ਵਿਰਦੀ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜੀਤ ਕੌਰ, ਚੋਣ ਤਹਿਸੀਲਦਾਰ ਹਰੀਸ਼ ਕੁਮਾਰ, ਮੈਨਪਾਵਰ ਨੋਡਲ ਅਫ਼ਸਰ ਦਿਨੇਸ਼ ਕੁਮਾਰ, ਜ਼ਿਲ੍ਹਾ ਮਾਸਟਰ ਟੇ੍ਨਰ ਡਾ. ਸੁਰਿੰਦਰਪਾਲ ਅਗਨੀਹੋਤਰੀ, ਨੋਡਲ ਅਫ਼ਸਰ ਈ.ਵੀ.ਐਮ. ਜਗਦੀਸ਼ ਸਿੰਘ ਕਾਹਮਾ, ਜ਼ਿਲ੍ਹਾ ਸੂਚਨਾ ਅਫ਼ਸਰ ਵਿਸ਼ਾਲ ਸ਼ਰਮਾ ਤੇ ਚੋਣ ਕਾਨੂਗੋ ਵਿਵੇਕ ਮੋਇਲਾ ਮੌਜੂਦ ਸਨ।