ਫਿਰੋਜ਼ਪੁਰ 24 ਅਪ੍ਰੈਲ (ਗੁਰਿੰਦਰ ਸਿੰਘ) ਆਗਾਮੀ ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਐਲਾਨੇ ਉਮੀਦਵਾਰਾਂ ਦਾ ਵਿਰੋਧ ਕਰਨ ਵਾਲੇ ਮੰਤਰੀਆਂ, ਵਿਧਾਇਕਾਂ ਜਾਂ ਹੋਰ ਉੱਚ ਆਗੂਆਂ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਦਿੱਤੀ ਘੁਰਕੀ ਉਪਰੰਤ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਤੇ ਇਸ ਹਲਕੇ ਤੋਂ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਕਹਾਉਂਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਿਚਾਲੇ "ਸਮਝੌਤਾ" ਹੋਣ ਦੀਆਂ ਖਬਰਾਂ ਹਨ।
ਦੱਸ ਦਈਏ ਕਿ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਵਲੋਂ ਸ਼ੇਰ ਸਿੰਘ ਘੁਬਾਇਆ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਤੁਰੰਤ ਬਾਅਦ ਇਸ ਸੀਟ ਤੋਂ ਟਿਕਟ ਦੇ ਚਾਹਵਾਨ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ 22 ਅਪ੍ਰੈਲ ਨੂੰ ਆਪਣੇ ਗੁਰੂ ਹਰ ਸਹਾਏ ਨਿਵਾਸ ਤੇ ਹਲਕੇ ਦੇ ਵੋਟਰਾਂ ਨੂੰ ਇਕੱਤਰ ਕਰ ਸਖਤ ਨਾਰਾਜ਼ਗੀ ਜਾਹਿਰ ਕੀਤੀ ਸੀ। ਕੈਬਨਿਟ ਮੰਤਰੀ ਨੇ ਇਥੋਂ ਤੱਕ ਕਿਹਾ ਸੀ ਕਿ ਜਦ ਤੱਕ ਸ਼ੇਰ ਸਿੰਘ ਘੁਬਾਇਆ ਸਾਡੇ ਵੋਟਰਾਂ ਨੂੰ ਵਿਸ਼ਵਾਸ਼ ਵਿੱਚ ਨਹੀਂ ਲੈਦੇ ਉਦੋਂ ਤੱਕ ਉਹ ਘੁਬਾਇਆ ਦੇ ਹੱਕ ਵਿੱਚ ਚੋਣ ਪ੍ਰਚਾਰ ਨਹੀਂ ਕਰਨਗੇ। ਪਾਰਟੀ ਅੰਦਰ ਚੱਲ ਰਹੀ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਨੂੰ ਪਹਿਲੇ ਹੱਲੇ ਨਿਬੇੜਣ ਦੀ ਕੋਸ਼ਿਸ਼ ਵਜੋਂ ਅੱਜ ਸ਼ੇਰ ਸਿੰਘ ਘੁਬਾਇਆ ਪਹਿਲ ਕਦਮੀ ਕਰਦਿਆਂ ਫਿਰੋਜ਼ਪੁਰ ਵਿਖੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਹਲਕਾ ਦਿਹਾਤੀ ਫਿਰੋਜ਼ਪੁਰ ਦੇ ਵਿਧਾਇਕ ਮੈਡਮ ਸਤਿਕਾਰ ਕੌਰ ਦੇ ਨਿਵਾਸ 'ਤੇ ਪਹੁੰਚੇ ਤੇ ਉਨ੍ਹਾਂ ਦੇ ਗਿਲੇ ਸ਼ਿਕਵੇ ਦੂਰ ਕੀਤੇ ਅਤੇ ਜੁੜੇ ਪਾਰਟੀ ਵਰਕਰਾਂ ਦੀ ਮੌਜੂਦਗੀ 'ਚ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਵਿਚਾਰ ਚਰਚਾ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਕਿਹਾ ਸਾਡਾ ਮੁੱਖ ਮਕਸਦ ਕੇਂਦਰ ਵਿੱਚੋਂ ਭਾਜਪਾ ਦੀ ਸਰਕਾਰ ਨੂੰ ਲਾਂਭੇ ਕਰਨਾ ਹੈ ਤੇ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਪ੍ਰਧਾਨ ਪ੍ਰਧਾਨ ਮੰਤਰੀ ਬਣਾਉਣਾ ਹੈ। ਇਸ ਮੌਕੇ ਜਿਲ੍ਹਾ ਪ੍ਰੀਸ਼ਦ ਮੈਂਬਰ ਜਸਮੇਲ ਸਿੰਘ ਲਾਡੀ ਗਹਿਰੀ ,ਦਵਿੰਦਰ ਸਿੰਘ ਜੰਗ ,ਰਵੀ ਚਾਵਲਾ, ਰੁਸਤਮ , ਰਾਜੂ ਸਾਈਆਂ ਵਾਲਾ , ਬਲਵਿੰਦਰ ਸਿੰਘ ਨੌਲ, ਗੁਰਦੀਪ ਸਿੰਘ ਢਿਲੋਂ, ਨਸੀਬ ਸਿੰਘ ਸੰਧੂ, ਸ਼ਸ਼ੀ ਤਾਇਲ, ਦਰਬਾਰਾ ਸਿੰਘ, ਮੱਖਣ ਸਿੰਘ ਸਾਬਕਾ ਮੈਂਬਰ ਐਸ ਐਸ ਬੋਰਡ , ਵਿੱਕੀ ਸੰਧੂ , ਬਗੀਚਾ ਸਿੰਘ ਸਰਪੰਚ , ਸੁਰਜੀਤ ਸਿੰਘ ਸਰਪੰਚ ਗੱਟੀ , ਸੰਤਾ ਸਿੰਘ ਭਾਨੇ ਵਾਲਾ ,ਅਮਰਜੀਤ ਸਿੰਘ ਭਾਲਾ, ਵਿਕਾਸ ਕੁਮਾਰ ਤੇ ਜੋਗਿੰਦਰ ਸਿੰਘ ਭੋਲਾ ਮੀਡੀਆ ਇੰਚਾਰਜ ਸ਼ੇਰ ਸਿੰਘ ਘੁਬਾਇਆ ਆਦਿ ਹਾਜ਼ਰ ਸਨ।