ਫਿਰੋਜ਼ਪੁਰ 24 ਅਪ੍ਰੈਲ (ਗੁਰਿੰਦਰ ਸਿੰਘ) ਜ਼ਿਲਾ ਪ੍ਰਸਾਸ਼ਨ ਤੇ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਪਲਾਸਟਿਕ ਦੇ ਲਿਫਾਫਿਆਂ 'ਤੇ ਪਾਬੰਦੀ ਦੀਆਂ ਪਿਛਲੇ ਲੰਬੇ ਸਮੇਂ ਤੋਂ ਦੁਹਾਈਆਂ ਪਾਉਣ ਉਪਰੰਤ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਆਖਰ ਅੱਜ ਨਗਰ ਕੌਂਸਲ ਵੱਲੋਂ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੀ ਟੀਮ ਨਾਲ ਪਲਾਸਟਿਕ ਲਿਫਾਫਿਆਂ ਦੇ ਥੋਕ ਵਿਕਰੇਤਾਵਾਂ 'ਤੇ ਹੱਲਾ ਬੋਲ ਹੀ ਦਿੱਤਾ। ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਫਰੀਦਕੋਟ ਅਤੇ ਨਗਰ ਕੌਂਸਲ ਵੱਲੋਂ ਫਿਰੋਜ਼ਪੁਰ ਸ਼ਹਿਰ ਅੰਦਰ ਸਾਂਝੇ ਰੂਪ ਵਿੱਚ ਆਰਿਆ ਸਮਾਜ ਚੌਂਕ ਅਤੇ ਸਬਜੀ ਮੰਡੀ ਸਥਿਤ ਪੰਜ ਹੋਲਸੇਲ ਪਲਾਸਟਿਕ ਕੈਰੀ ਬੈਗਜ਼ ਵਿਕਰੇਤਾਵਾਂ 'ਤੇ ਅਚਨਚੇਤ ਛਾਪੇਮਾਰੀ ਕੀਤੀ ਗਈ। ਜਿਸ ਦੌਰਾਨ ਲਗਭਗ ਇੱਕ ਕੁਇੰਟਲ ਪਾਬੰਧੀਸ਼ੁਦਾ ਪਲਾਸਟਿਕ ਦੇ ਲਿਫਾਫ਼ੇ ਜਬਤ ਕੀਤੇ ਗਏ ਅਤੇ ਪੰਜ ਦੁਕਾਨਦਾਰਾਂ ਦੇ ਚਲਾਨ ਕੀਤੇ ਗਏ।
ਇਸ ਸਾਂਝੀ ਟੀਮ ਵਿੱਚ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਸਬ-ਡਵੀਜਨਲ ਅਫ਼ਸਰ ਰਾਜਪਾਲ ਸਿੰਘ ਅਤੇ ਨਗਰ ਕੌਂਸਲ ਦੇ ਸੈਨਟਰੀ ਇੰਸਪੈੱਕਟਰ ਸੁਖਪਾਲ ਸਿੰਘ ਅਤੇ ਗੁਰਿੰਦਰ ਸਿੰਘ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਭੱਵਿਖ ਵਿੱੱਚ ਵੀ ਪਲਾਸਟਿਕ ਕੈਰੀ ਬੈਗਜ਼ ਦੀ ਵਰਤੋਂ ਅਤੇ ਸੇਲ ਕਰਨ ਵਾਲਿਆਂ ਵਿਰੁੱਧ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੇਂ-ਸਮੇਂ 'ਤੇ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਦੀ ਵਰਤੋਂ ਨਾਲ ਕਈ ਪ੍ਰਕਾਰ ਦੇ ਸਿਹਤ ਅਤੇ ਵਾਤਾਵਰਨ ਦਾ ਨੁਕਸਾਨ ਹੁੰਦਾ ਹੈ ਅਤੇ ਇਸ ਨਾਲ ਗੰਦ ਵੀ ਫੈਲਦੀ ਹੈ । ਇਸ ਤੋਂ ਇਲਾਵਾ ਸੀਵਰੇਜ਼ ਬਲੌਕ ਹੋਣ ਦਾ ਸਭ ਤੋਂ ਵੱਡਾ ਕਾਰਨ ਪਲਾਸਟਿਕ ਕੈਰੀ ਬੈਗਜ਼ ਹੀ ਹਨ। ਇਸ ਲਈ ਇਸ ਦੀ ਵਰਤੋਂ ਤੁਰੰਤ ਬੰਦ ਕੀਤੀ ਜਾਵੇ। ਉਨ੍ਹਾਂ ਸਮੂਹ ਹੋਲਮੇਲ ਅਤੇ ਪਰਚੂਨ ਵਿਕਰੇਤਾਵਾਂ ਤੋਂ ਇਲਾਵਾ ਆਮ ਪਬਲਿਕ ਨੂੰ ਵੀ ਅਪੀਲ ਕੀਤੀ ਕਿ ਪਲਾਸਟਿਕ ਕੈਰੀ ਬੈਗਜ਼ ਦੀ ਵਰਤੋਂ ਪੂਰਨ ਰੂਪ ਵਿਚ ਬੰਦ ਕੀਤੀ ਜਾਵੇ।