ਅੰਮ੍ਰਿਤਸਰ, 24 ਅਪ੍ਰੈਲ (ਮਨਪ੍ਰੀਤ ਸਿੰਘ ਜੱਸੀ)¸ਖ਼ਾਲਸਾ ਕਾਲਜ ਵਿਖੇ ਪੋਸਟ ਗ੍ਰੈਜ਼ੂਏਟ ਅੰਗਰੇਜ਼ੀ ਵਿਭਾਗ ਵੱਲੋਂ ਅਧਿਆਪਕ ਨੂੰ ਆਧੁਨਿਕ ਤਕਨੀਕ ਨਾਲ ਜਾਣੂ ਕਰਵਾਉਣ ਲਈ ਇਕ ਰੋਜ਼ਾ ਵਰਕਸ਼ਾਪ ਆਯੋਜਿਤ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਈ ਇਸ ਵਰਕਸ਼ਾਪ ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰੀਮਤੀ ਗੁਰਮਿੰਦਰ ਸਿੰਘ ਗਿੱਲ ਨੇ ਅੰਗਰੇਜ਼ੀ ਭਾਸ਼ਾ ਨੂੰ ਸਿੱਖਣ ਲਈ ਆ ਰਹੀਆਂ ਤਬਦੀਲੀਆਂ ਅਤੇ ਸਰਲ ਢੰਗ ਨਾਲ ਸਿੱਖਣ ਲਈ 'ਵਰਡਜ਼ਵਰਥ' ਸਾਫ਼ਟਵੇਅਰ ਸਬੰਧੀ ਹਾਜ਼ਰ ਅਧਿਆਪਕਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ।
ਇਸ ਤੋਂ ਪਹਿਲਾਂ ਡੀਨ ਅਕਾਦਮਿਕ ਅਫ਼ੇਅਰ ਅਤੇ ਵਿਭਾਗ ਮੁੱਖੀ ਡਾ. ਸੁਖਮੀਨ ਬੇਦੀ ਨੇ ਸ੍ਰੀਮਤੀ ਗਿੱਲ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ ਅਤੇ ਹਾਜ਼ਰ ਸਟਾਫ਼ ਨੂੰ ਸ੍ਰੀਮਤੀ ਗਿੱਲ ਦੀਆਂ ਉਪਲਬੱਧੀਆਂ ਸਬੰਧੀ ਚਾਨਣਾ ਪਾਇਆ। ਇਸ ਮੌਕੇ ਸ੍ਰੀਮਤੀ ਗਿੱਲ ਨੇ ਅੰਗਰੇਜ਼ੀ 'ਚ ਹੋਣ ਵਾਲੇ ਰੋਜ਼ਾਨਾ ਬਦਲਾਅ ਸਬੰਧੀ ਗੱਲ ਕਰਦਿਆਂ ਕਿਹਾ ਕਿ 'ਵਰਡਜ਼ਵਰਥ' ਅਤਿ ਆਧੁਨਿਕ ਤਕਨੀਕ ਨਾਲ ਭਰਪੂਰ ਹੈ ਅਤੇ ਇਸ 'ਚ ਅੰਗਰੇਜ਼ੀ 'ਚ ਹੋਣ ਵਾਲੀਆਂ ਤਬਦੀਲੀਆਂ ਸਬੰਧੀ ਪੂਰਨ ਜਾਣਕਾਰੀ ਮੌਜ਼ੂਦ ਹੈ।
ਇਸ ਮੌਕੇ ਪ੍ਰੋ: ਬੇਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਵਿਭਾਗ 'ਚ ਅੰਗਰੇਜ਼ੀ ਭਾਸ਼ਾ ਲੈਬ ਮੌਜ਼ੂਦ ਹੈ, ਜਿਸ 'ਚ ਆਧੁਨਿਕ ਤਕਨੀਕ ਨਾਲ ਭਰਪੂਰ ਕਈ ਅਜਿਹੇ ਸਾਫ਼ਟਵੇਅਰ ਹੈ, ਜੋ ਅੰਗਰੇਜ਼ੀ ਭਾਸ਼ਾ ਸਿੱਖਣ 'ਚ ਸਹਾਈ ਸਿੱਧ ਹੋ ਰਹੇ ਹਨ। ਉਨ•ਾਂ ਕਿਹਾ ਕਿ ਅੰਗਰੇਜ਼ੀ ਭਾਸ਼ਾ ਨੂੰ ਸਿੱਖਣ ਅਤੇ ਸਿੱਖਿਆ ਦੇ ਸੰਪੂਰਨ ਵਿਕਾਸ ਨੂੰ ਯਕੀਨੀ ਬਣਾਉਣ ਲਈ ਕਾਲਜ ਨੇ ਸਮੇਂ ਦੀ ਸਿੱਖਿਆ ਪ੍ਰਣਾਲੀ ਨੂੰ ਸੋਧਿਆ ਹੈ।
ਪ੍ਰੋਗਰਾਮ ਦੇ ਅੰਤ 'ਚ ਪ੍ਰੋ: ਅਨੂਪਮ ਸੰਧੂ ਨੇ ਆਏ ਮਹਿਮਾਨ ਅਤੇ ਹੋਰਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਮੇਂ ਦੇ ਹਾਣ ਦਾ ਬਣਨ ਲਈ ਫ਼ੈਕਲਟੀ ਇਹ ਵਰਕਸ਼ਾਪ ਲਾਜ਼ਮੀ ਸੀ। ਉਨ•ਾਂ ਇਸ ਮੌਕੇ ਹੋਰਨਾਂ ਸਟਾਫ਼ ਨੂੰ ਅਜਿਹੀਆਂ ਵਰਕਸ਼ਾਪਾਂ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਪ੍ਰੋ: ਸੁਪਨਿੰਦਰ ਕੌਰ, ਪ੍ਰੋ: ਪ੍ਰਨੀਤ ਢਿੱਲੋਂ, ਪ੍ਰੋ: ਸਾਂਵੰਤ ਸਿੰਘ ਮੰਟੋ, ਪ੍ਰੋ: ਮਲਕਿੰਦਰ ਸਿੰਘ ਤੇ ਹੋਰ ਸਟਾਫ਼ ਮੌਜ਼ੂਦ ਸੀ।