ਐੱਸ.ਏ.ਐੱਸ.ਨਗਰ 24 ਅਪ੍ਰੈਲ ,2019 : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਮਾਨਪੁਰਾ ਅੰਮ੍ਰਿਤਸਰ ਦੇ ਹਿੰਦੀ ਅਧਿਆਪਕ ਕਸ਼ਮੀਰ ਸਿੰਘ ਵੱਲੋਂ ਲਿਖਿਆ ਤੇ ਗਾਇਆ ਗੀਤ 'ਚਲੋ ਚਲੋ ਸਰਕਾਰੀ ਸਕੂਲ' ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਰਲੀਜ਼ ਕੀਤਾ ਗਿਆ| ਇਸ ਸਬੰਧੀ ਹਿੰਦੀ ਅਧਿਆਪਕ ਕਸ਼ਮੀਰ ਸਿੰਘ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਚਲ ਰਹੀ ਦਾਖ਼ਲਾ ਮੁਹਿੰਮ ਵਿੱਚ ਵਿਭਾਗ ਦੇ ਅਧਿਆਪਕਾਂ, ਸਕੂਲ ਮੁਖੀਆਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਉਤਸ਼ਾਹਿਤ ਕਰਨ ਲਈ ਇਹ ਗੀਤ ਲਿਖਿਆ ਅਤੇ ਗਾਇਆ ਗਿਆ ਹੈ| ਉਹਨਾਂ ਕਿਹਾ ਕਿ ਸਕੱਤਰ ਸਕੂਲ ਸਿੱਖਿਆ ਵੱਲੋਂ ਗੀਤ ਜਾਰੀ ਕਰਵਾ ਕੇ ਉਹਨਾਂ ਨੂੰ ਬਹੁਤ ਜਿਆਦਾ ਖ਼ੁਸ਼ੀ ਮਹਿਸੂਸ ਹੋਈ ਹੈ|
ਇਸ ਮੌਕੇ ਸਕੱਤਰ ਸਕੂਲ ਸਿੱਖਿਆ ਨੇ ਅਧਿਆਪਕ ਦੀ ਲਗਨ ਅਤੇ ਮਿਹਨਤ ਦੀ ਪ੍ਰਸੰਸ਼ਾ ਕੀਤੀ| ਉਹਨਾਂ ਕਿਹਾ ਕਿ ਇਹ ਗੀਤ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਸੋਸ਼ਲ ਮੀਡੀਆ ਅਤੇ ਹੋਰ ਸਾਧਨਾਂ ਰਾਹੀਂ ਭੇਜ ਕੇ ਉਤਸ਼ਾਹਿਤ ਕੀਤਾ ਜਾਵੇਗਾ|
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਸ਼ਮੀਰ ਸਿੰਘ ਹਿੰਦੀ ਅਧਿਆਪਕ ਸਸਸਸ ਗੁਮਾਨਪੁਰਾ ਜ਼ਿਲ੍ਹਾ ਅੰਮ੍ਰਿਤਸਰ ਨੇ 'ਬੱਚਿਓ ਹੁਣ ਤਾਂ ਪੜ੍ਹਣਾ ਹੀ ਪੈਣਾ' ਅਤੇ 'ਨਕਲ ਨੂੰ ਅਲਵਿਦਾ ਕਹੋ ਇਸ ਵਾਰੀ' ਗੀਤ ਵੀ ਸਿੱਖਿਆ ਵਿਭਾਗ ਦੇ ਨਕਲ ਵਿਰੋਧੀ ਮੁਹਿੰਮ ਲਈ ਪੇਸ਼ ਕੀਤਾ ਗਿਆ ਸੀ| ਉਹਨਾਂ ਕਿਹਾ ਕਿ ਹੁਣ ਉਹ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਅੰਦਰ ਸਾਹਿਤਕ ਕਲਾਵਾਂ ਦੀ ਲੋੜ ਬਾਰੇ ਗੀਤ ਲਿਖਣਗੇ|
ਇਸ ਮੌਕੇ ਡੀਪੀਆਈ ਸੈਕੰਡਰੀ ਸਿੱਖਿਆ ਸੁਖਜੀਤਪਾਲ ਸਿੰਘ, ਡੀਪੀਆਈ ਐਲੀਮੈਂਟਰੀ ਸਿੱਖਿਆ ਇੰਦਰਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਅੰਮ੍ਰਿਤਸਰ ਸਲਵਿੰਦਰ ਸਿੰਘ ਸਮਰਾ ਅਤੇ ਸਿੱਖਿਆ ਵਿਭਾਗ ਦੇ ਆਹਲਾ ਅਧਿਕਾਰੀ ਵੀ ਹਾਜ਼ਰ ਸਨ|