← ਪਿਛੇ ਪਰਤੋ
ਚੰਡੀਗੜ੍ਹ, 25 ਅਪ੍ਰੈਲ 2019 - ਬਠਿੰਡਾ ਸੰਸਦੀ ਹਲਕੇ ਵਿੱਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਆਮ ਆਦਮੀ ਪਾਰਟੀ ਦਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ 56 ਸਾਲਾ ਇੰਜੀਨੀਅਰਿੰਗ ਗ੍ਰੈਜੂਏਟ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਾਨਸਾ ਤੋਂ ਜਿੱਤ ਹਾਸਲ ਕੀਤੀ ਸੀ ਅਤੇ ਉਨ੍ਹਾਂ ਨੂੰ ਤਕਰੀਬਨ 40 ਫੀਸਦੀ ਵੋਟਾਂ ਹਾਸਲ ਹੋਈਆਂ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਲਾਜ਼ਮੀ ਤੌਰ 'ਤੇ ਪਾਰਟੀ ਨੂੰ ਮਜਬੂਤੀ ਮਿਲੇਗੀ ਜਿਸ ਨੂੰ ਇਸ ਵੇਲੇ ਲੋਕਾਂ ਦਾ ਵੱਡਾ ਹੁੰਗਾਰਾ ਪ੍ਰਾਪਤ ਹੋ ਰਿਹਾ ਹੈ। ਕਾਂਗਰਸ ਵਿੱਚ ਸ਼ਾਮਲ ਹੋਣ 'ਤੇ ਮਾਨਸ਼ਾਹੀਆ ਦਾ ਸਵਾਗਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹੋਰਨਾਂ ਪਾਰਟੀਆਂ ਦੇ ਹਮਖਿਆਲੀ ਲੋਕ ਸੂਬੇ ਦੇ ਹਿੱਤ ਵਿੱਚ ਕਾਂਗਰਸ ਪਾਰਟੀ 'ਚ ਵੱਡੀ ਪੱਧਰ 'ਚ ਸ਼ਾਮਲ ਹੋ ਰਹੇ ਹਨ। ਇਸ ਤੋਂ ਸਪਸ਼ਟ ਸੰਕੇਤ ਮਿਲਦਾ ਹੈ ਕਿ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਪੂਰੀ ਤਰ੍ਹਾਂ ਮੋਹਭੰਗ ਹੋ ਗਿਆ ਹੈ ਅਤੇ ਪਾਰਟੀ ਵਿੱਚ ਵੱਡੀ ਪੱਧਰ 'ਤੇ ਬਗਾਵਤ ਦੇ ਕਾਰਨ ਇਹ ਪੂਰੀ ਤਰ੍ਹਾਂ ਖਿੰਡ ਪੁੰਡ ਗਈ ਹੈ। ਮਾਨਸ਼ਾਹੀਆ ਨੇ ਸਾਲ 2015 ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਲੈ ਲਈ ਸੀ, ਜਿੱਥੇ ਉਹ ਸੀਨੀਅਰ ਵਾਤਾਵਰਣ ਇੰਜੀਨੀਅਰ ਵਜੋਂ ਸੇਵਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਹਨ ਜਿਸ ਦੇ ਵਾਸਤੇ ਉਨ੍ਹਾਂ ਨੂੰ ਕਾਂਗਰਸ ਦਾ ਮੰਚ ਸਭ ਤੋਂ ਵਧੀਆ ਲੱਗਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਆਪਣਾ ਸਥਾਨ ਪੂਰੀ ਤਰਾਂ ਗਵਾ ਚੁੱਕੀ ਹੈ ਜਿਸ ਦੇ ਕੋਲ ਸੇਧ ਦੇ ਵਾਸਤੇ ਹਾਂ ਪੱਖੀ ਏਜੰਡਾ ਜਾਂ ਵਿਚਾਰਧਾਰਾ ਨਹੀਂ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਾਨਸ਼ਾਹੀਆ ਪਹਿਲੀ ਵਾਰੀ ਵਿਧਾਨ ਸਭਾ ਮੈਂਬਰ ਬਣੇ ਸਨ। ਉਹ ਪੰਜਾਬ ਵਿਧਾਨ ਸਭਾ ਦੀ ਸਦਨ ਕਮੇਟੀ ਅਤੇ ਕਿਸਾਨ ਖੁਦਕੁਸ਼ੀਆਂ ਅਤੇ ਖੇਤ ਮਜ਼ਦੂਰਾਂ ਸਬੰਧੀ ਕਮੇਟੀ ਦੇ ਮੈਂਬਰ ਰਹੇ। ਇਸ ਵੇਲੇ ਉਹ ਪੰਜਾਬ ਵਿਧਾਨ ਸਭਾ(2018-19) ਵਿੱਚ ਗੋਰਮਿੰਟ ਐਸ਼ੁਰੈਂਸ ਕਮੇਟੀ ਦੇ ਮੈਂਬਰ ਹਨ।
Total Responses : 189