ਸਥਾਪਿਤ ਕੀਤੇ ਗਏ ਸਖੀ ਸੈਂਟਰ ਬਾਬਾ ਦੀ ਦ੍ਰਿਸ਼
ਜਗਦੀਸ਼ ਥਿੰਦ
ਫ਼ਾਜ਼ਿਲਕਾ, 25 ਅਪ੍ਰੈਲ:ਡਿਪਟੀ ਕਮਿਸ਼ਨਰ ਫਾਜ਼ਿਲਕਾ ਸ. ਮਨਪ੍ਰੀਤ ਸਿੰਘ ਛੱਤਵਾਲ ਦੇ ਯਤਨਾਂ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਪਤ ਕੀਤਾ ਗਿਆ 'ਵਨ ਸਟਾਪ ਸਖੀ ਸੈਂਟਰ' ਜਿਸਮਾਨੀ ਸ਼ੋਸ਼ਣ, ਤੇਜ਼ਾਬੀ ਹਮਲੇ, ਮਨੁੱਖੀ ਤਸਕਰੀ ਅਤੇ ਘਰੇਲੂ ਹਿੰਸਾ ਦਾ ਸ਼ਿਕਾਰ ਹਰ ਉਮਰ ਦੀਆਂ ਔਰਤਾਂ ਲਈ ਆਸ ਦੀ ਕਿਰਨ ਸਾਬਤ ਹੋ ਰਿਹਾ ਹੈ।
ਵਿਗੜ ਚੁੱਕੇ ਸਮਾਜਿਕ ਤਾਣੇ ਬਾਣੇ ਔਰਤਾਂ ਉੱਪਰ ਹੁੰਦੇ ਘਰੇਲੂ ਅੱਤਿਆਚਾਰ , ਜਿਸਮਾਨੀ ਛੇੜਛਾੜ , ਤੇਜ਼ਾਬ ਅਤੇ ਹੋਰ ਅਣਮਨੁੱਖੀ ਕੁਰੀਤੀਆਂ ਦੀਆਂ ਸ਼ਿਕਾਰ ਔਰਤਾਂ ਨੂੰ ਸਹਾਰਾ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਉਦਮੀ ਉਪਰਾਲਾ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਵੱਲੋਂ ਇੱਕ ਲਿਖਤੀ ਹੁਕਮ ਜਾਰੀ ਕਰ ਕੇ ਪੰਜਾਬ ਪੁਲਸ ਨੂੰ ਵਿਦਿਆਰਥਣਾਂ ਅਤੇ ਹੋਰ ਪੱਧਰ ਤੇ ਸਮਾਜ ਵਿੱਚ ਵਿਚਰਦਿਆਂ ਔਰਤਾਂ ਉਪਰ ਇਤਰਾਜ਼ਯੋਗ ਟਿੱਪਣੀਆਂ ਕਰਨ ਅਤੇ ਹੋਰ ਘਟੀਆ ਨਜ਼ਰੀਆ ਰੱਖਦੇ ਲੋਕਾਂ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕਰਨ ਦੇ ਆਰਡਰ ਜਾਰੀ ਕੀਤੇ ਸਨ ।
ਡਿਪਟੀ ਕਮਿਸ਼ਨਰ ਫਾਜ਼ਿਲਕਾ ਸਰਦਾਰ ਮਨਪ੍ਰੀਤ ਸਿੰਘ ਛੱਤਵਾਲ ਦੀ ਫਾਇਲ ਫੋਟੋ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਵਿਖੇ ਸਥਾਪਤ ਕੀਤੇ ਗਏ ਇਸ ਵਿਸ਼ੇਸ਼ ਕੇਂਦਰ ਵਿੱਚ ਹਿੰਸਾ ਦੀ ਸ਼ਿਕਾਰ ਔਰਤਾਂ ਨੂੰ ਤੁਰੰਤ ਕਾਨੂੰਨੀ, ਮੈਡੀਕਲ, ਪੁਲਿਸ ਸਹਾਇਤਾ ਅਤੇ ਮਨੋਵਿਗਿਆਨਕ ਸਲਾਹ ਮੁਹੱਈਆ ਕਰਾਉਣ ਦੇ ਪ੍ਰਬੰਧ ਕੀਤੇ ਗਏ ਹਨ ਜਿਸ ਲਈ 5 ਮੈਂਬਰੀ ਸਮਰਪਿਤ ਸਟਾਫ਼ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਸੈਂਟਰ ਇੰਚਾਰਜ, ਪੈਰਾ ਲੀਗਲ ਮੈਂਬਰ, ਹੈਲਪਲਾਈਨ ਅਪ੍ਰੇਟਰ ਅਤੇ ਦੋ ਹਰ ਕੋ-ਵਰਕਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸੈਂਟਰ ਵਿੱਚ ਸਮਰਪਿਤ ਸਟਾਫ਼ ਤੋਂ ਇਲਾਵਾ ਕੁਸ਼ਲ ਸਲਾਹਕਾਰ ਵੱਲੋਂ ਪੀੜਤ ਔਰਤ 'ਚ ਆਤਮ-ਵਿਸ਼ਵਾਸ ਪੈਦਾ ਕਰਕੇ ਉਸ ਨੂੰ ਨਿਆਂ ਲੈਣ ਲਈ ਵੀ ਤਿਆਰ ਕੀਤਾ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਸਥਾਪਤ ਇਸ 'ਵਨ ਸਟਾਪ ਸੈਂਟਰ' ਵਿੱਚ ਇੱਕੋ ਛੱਤ ਹੇਠ ਪੀੜਤ ਔਰਤ ਨੂੰ ਉਸ ਦੀ ਲੋੜ ਅਨੁਸਾਰ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸੈਂਟਰ ਨੂੰ ਚਲਾਉਣ ਦਾ ਮੁੱਖ ਮਕਸਦ ਔਰਤਾਂ ਵਿਰੁੱਧ ਹੁੰਦੀ ਕਿਸੇ ਵੀ ਪ੍ਰਕਾਰ ਦੀ ਹਿੰਸਾ ਨੂੰ ਰੋਕਣਾ ਅਤੇ ਤੁਰੰਤ ਲੋੜੀਂਦੀ ਸਹਾਇਤਾ ਪ੍ਰਦਾਨ ਕਰਨਾ ਹੈ। ਇਸ ਤੋਂ ਇਲਾਵਾ ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ ਵੀ ਦੋਵੇਂ ਧਿਰਾਂ ਨੂੰ ਬੁਲਾ ਕੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਛੋਟੀ-ਮੋਟੀ ਬਹਿਸਬਾਜ਼ੀ ਕਰਕੇ ਕਿਸੇ ਦਾ ਘਰ ਬਰਬਾਦ ਨਾ ਹੋਵੇ ਅਤੇ ਔਰਤਾਂ ਨੂੰ ਵੀ ਬਣਦਾ ਮਾਣ-ਸਤਿਕਾਰ ਮਿਲ ਸਕੇ। ਉਨ੍ਹਾਂ ਕਿਹਾ ਕਿ ਲੋੜ ਪੈਣ 'ਤੇ ਪੀੜਤ ਨੂੰ ਆਰਜ਼ੀ ਆਸਰਾ ਵੀ ਦਿੱਤਾ ਜਾਂਦਾ ਹੈ।
ਸ. ਛੱਤਵਾਲ ਨੇ ਦੱਸਿਆ ਕਿ ਪਰਵਾਰ, ਸਮਾਜ ਅੰਦਰ, ਨਿਜੀ ਅਤੇ ਜਨਤਕ ਸਥਾਨਾਂ 'ਤੇ ਹਿੰਸਾ ਤੋਂ ਪ੍ਰਭਾਵਤ ਔਰਤਾਂ ਨੂੰ ਸਹਿਯੋਗ ਦੇਣ ਦੇ ਉਦੇਸ਼ ਨਾਲ ਸਥਾਪਤ ਕੀਤੇ ਗਏ ਇਸ ਸੈਂਟਰ ਵਿਖੇ ਔਰਤਾਂ ਖ਼ੁਦ ਆ ਕੇ ਜਾਂ ਕਿਸੇ ਜਾਣਕਾਰ ਨੂੰ ਭੇਜ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੀਆਂ ਹਨ। ਇਸ ਉਪਰੰਤ ਸਟਾਫ਼ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਲੋੜੀਂਦੀ ਸਹਾਇਤਾ ਲਈ ਜ਼ਿਲ੍ਹੇ ਦੇ ਸਿਵਲ, ਪੁਲਿਸ ਜਾਂ ਨਿਆਂ ਪ੍ਰਸ਼ਾਸਨ ਨਾਲ ਰਾਬਤਾ ਕੀਤਾ ਜਾਂਦਾ ਹੈ ਅਤੇ ਪੀੜਤ ਔਰਤ ਨੂੰ ਤੁਰੰਤ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ।
ਡਿਪਟੀ ਕਮਿਸਨਰ ਨੇ ਦੱਸਿਆ ਕਿ ਸਖੀ ਸੈਂਟਰ ਵਿਖੇ ਪੀੜਤ ਮਹਿਲਾ ਭਾਵੇਂ ਉਹ ਕਿਸੇ ਵੀ ਜਾਤੀ, ਵਰਗ, ਧਰਮ, ਖੇਤਰ ਜਾਂ ਵਿਆਹੁਤਾ ਸਥਿਤੀ ਦੀ ਹੋਵੇ ਨੂੰ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹਿੰਸਾ ਤੋਂ ਪ੍ਰਭਾਵਤ ਮਹਿਲਾ ਆਪਣੇ ਬੱਚੇ (ਹਰ ਉਮਰ ਦੀ ਲੜਕੀ ਅਤੇ 8 ਸਾਲ ਤੱਕ ਦੇ ਲੜਕਾ) ਨਾਲ ਕੇਂਦਰ ਵਿਖੇ 5 ਦਿਨਾਂ ਤੱਕ ਰਹਿ ਸਕਦੀ ਹੈ। ਉਨ੍ਹਾਂ ਦੱਸਿਆ ਕਿ ਲੰਮੀ ਮਿਆਦ ਦੀ ਸ਼ਰਨ ਲਈ ਸਰਕਾਰੀ ਜਾਂ ਗ਼ੈਰ ਸਰਕਾਰੀ ਸੰਸਥਾਵਾਂ ਵੱਲੋਂ ਚਲਾਏ ਜਾ ਰਹੇ ਕੇਂਦਰਾਂ ਵਿੱਚ ਵੀ ਸ਼ਰਨ ਮੁਹੱਈਆ ਕਰਾਉਣ ਦੇ ਪ੍ਰਬੰਧ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਛੇਤੀ ਹੀ ਇਸ ਸੈਂਟਰ ਦਾ ਹੋਰ ਵਿਸਥਾਰ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੀੜਤ ਔਰਤ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਦੇ ਨਾਲ-ਨਾਲ ਉਸ ਨੂੰ ਕਾਨੂੰਨੀ ਅਧਿਕਾਰਾਂ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਹਿੰਸਾ ਦੀਆਂ ਪੀੜਤ ਔਰਤਾਂ ਨੂੰ ਸਹਾਇਤਾ ਪ੍ਰਦਾਨ ਕਰਾਉਣ ਲਈ ਸਿਵਲ ਹਸਪਤਾਲ ਦੇ ਕਮਰਾ ਨਬਰ-2 'ਚ ਸਥਾਪਤ ਕੀਤੇ 'ਵਨ ਸਟਾਪ ਸਖੀ ਸੈਂਟਰ' ਵਿਖੇ ਰਿਪੋਰਟ ਕਰ ਸਕਦੇ ਹਨ ਜਾਂ ਹੈਲਪਲਾਈਨ ਨੰਬਰ-01638-260181 'ਤੇ ਸੰਪਰਕ ਕਰ ਸਕਦੇ ਹਨ।