ਜੀ ਐੱਸ ਪੰਨੂ
ਨਾਭਾ /ਪਟਿਆਲਾ, 30 ਅਪ੍ਰੈਲ 2019
ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਨੇ ਪਿਛਲੇ ਪੰਜ ਸਾਲਾਂ 'ਚ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੀ ਥਾਂ ਬੇਰੁਜ਼ਗਾਰੀ ਦੇ ਡੂੰਘੇ ਖੂਹ ਵਿੱਚ ਧੱਕ ਦਿੱਤਾ। ਇਹ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਅਤੇ ਲੋਕ ਸਭਾ ਚੋਣਾਂ ਲਈ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਪਰਨੀਤ ਕੌਰ ਨੇ ਕੀਤਾ।
ਪਰਨੀਤ ਕੌਰ ਨਾਭਾ ਹਲਕੇ ਦੇ ਭਾਦਸੋਂ ਨੇੜਲੇ ਪਿੰਡਾਂ ਚਹਿਲ, ਖਨੌੜਾ, ਦੁਲੱਦੀ ਅਤੇ ਟੌਹੜਾ ਵਿਖੇ ਸਾਧੂ ਸਿੰਘ ਧਰਮਸੋਤ ਵੱਲੋਂ ਕਰਵਾਏ ਗਈਆਂ ਵੱਖ-ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀਆਂ ਚੋਣ ਮੀਟਿੰਗਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਪਿੰਡਾਂ ਦੇ ਵਸਨੀਕਾਂ ਨੇ ਪਰਨੀਤ ਕੌਰ ਨੂੰ ਜਿਤਾਉਣ ਦਾ ਭਰੋਸਾ ਦਿੱਤਾ।
ਪਰਨੀਤ ਕੌਰ ਨੇ ਕਿਹਾ ਕਿ ਝੂਠੇ ਚੋਣ ਜੁਮਲਿਆਂ ਦੇ ਸਿਰ 'ਤੇ ਕਿਸਾਨਾਂ, ਗਰੀਬਾਂ, ਬੇਰੁਜ਼ਗਾਰਾਂ ਅਤੇ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜ ਸਾਲ ਵਿਦੇਸ਼ੀ ਦੌਰਿਆਂ 'ਚ ਕੱਢ ਦਿੱਤੇ ਜਦੋਂਕਿ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਦਾਅ 'ਤੇ ਲੱਗੀ ਰਹੀ।
ਪਰਨੀਤ ਕੌਰ ਨੇ ਕਿਹਾ ਕਿ ਹੁਣ ਦੇਸ਼ ਦੀ ਸੁਰੱਖਿਆ ਕਰ ਰਹੀ ਫ਼ੌਜ ਦੇ ਨਾਅ ਦੀ ਦੁਰਵਰਤੋਂ ਕਰਕੇ ਨਰਿੰਦਰ ਮੋਦੀ ਮੁੜ ਵੋਟਾਂ ਮੰਗ ਰਹੇ ਹਨ ਪਰੰਤੂ ਮੋਦੀ ਦੇ ਝੂਠ ਤੋਂ ਦੇਸ਼ ਦੀ ਜਨਤਾ ਸਭ ਜਾਣ ਗਈ ਹੈ ਇਸ ਲਈ ਪੂਰੇ ਦੇਸ਼ ਵਿੱਚ ਬਦਲਾਅ ਦੀ ਲਹਿਰ ਚੱਲ ਰਹੀ ਹੈ ਅਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਬਣੇਗੀ, ਇਸ ਲਈ ਪੰਜਾਬ ਦੇ ਵਾਸੀ ਪਹਿਲਾਂ ਹੀ ਮਨ ਬਣਾਂ ਚੁਕੇ ਹਨ ਤੇ ਰਾਜ ਅੰਦਰ 13 ਦੀਆਂ 13 ਸੀਟਾਂ 'ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਇਤਿਹਾਸਕ ਜਿੱਤ ਦਰਜ ਕਰਨਗੇ।
ਇਸ ਦੌਰਾਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜ ਗਿਣਾਏ। ਉਹਨਾਂ ਕਿਹਾ ਕਿ ਪਟਿਆਲਾ ਹਲਕੇ ਤੋਂ ਕਾਂਗਰਸ ਉਮੀਦਵਾਰ ਪਰਨੀਤ ਕੌਰ ਨੂੰ ਨਾਭਾ ਹਲਕੇ ਤੋਂ ਰਿਕਾਰਡ ਤੋੜ ਵੋਟਾਂ ਨਾਲ ਜਿਤਾਇਆ ਜਾਵੇਗਾ ਅਤੇ ਪਰਨੀਤ ਕੌਰ ਦੇ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਸਰਬਪੱਖੀ ਵਿਕਾਸ ਦੇ ਕੰਮ ਕਰਕੇ ਸਮੁਚੇ ਹਲਕੇ ਦੀ ਨੁਹਾਰ ਬਦਲ ਦਿੱਤੀ ਜਾਵੇਗੀ। ਇਸ ਮੌਕੇ ਹਲਕਾ ਦੇ ਨੌਜਵਾਨਾਂ ਨੇ ਮੋਟਰ ਸਾਈਕਲਾਂ ਦੇ ਕਾਫਲਿਆਂ ਅਤੇ ਜਗ੍ਹਾ-ਜਗ੍ਹਾ ਭਾਰੀ ਇਕੱਠ ਕਰਕੇ ਪਰਨੀਤ ਕੌਰ ਦਾ ਭਰਵਾਂ ਸੁਵਾਗਤ ਕੀਤਾ।
ਇਨ੍ਹਾਂ ਚੋਣ ਮੀਟਿੰਗਾਂ ਦੌਰਾਨ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਮਹੰਤ ਹਰਵਿੰਦਰ ਸਿੰਘ ਖਨੌੜਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਰਾਜ ਕੁਮਾਰ ਮੈਂਬਰ ਬਲਾਕ ਸੰਮਤੀ, ਸੁਰਜੀਤ ਸਿੰਘ, ਹਰਪਾਲ ਸਿੰਘ, ਮੇਜਰ ਸਿੰਘ, ਜਸਵਿੰਦਰ ਕੌਰ, ਪਰਮਜੀਤ ਕੌਰ ਵੀ ਹਾਜਰ ਸਨ।