ਪਟਿਆਲਾ, 2 ਮਈ 2019 - ਜਲੰਧਰ ਦੇ ਪਾਦਰੀ ਮਾਮਲੇ ਵਿਚ 6 ਕਰੋੜ ਤੋਂ ਵਧ ਦੀ ਰਕਮ ਹੜੱਪਣ ਵਾਲੇ ਜਿਥੇ ਭਗੌੜੇ ਦੋ ਥਾਣੇਦਾਰਾਂ ਦੀ ਕੋਚੀ ਪੁਲਿਸ ਵਲੋਂ ਗ੍ਰਿਫਤਾਰੀ ਕਰ ਲਈ ਗਈ ਹੈ, ਉਥੇ ਹੀ ਅੱਜ ਐਸ ਆਈ ਦੀ ਟੀਮ ਅਤੇ ਪਟਿਆਲਾ ਪੁਲਿਸ ਨੇ ਅਪਰੇਸ਼ਨ ਕਰਕੇ ਅਰਬਨ ਅਸਟੇਟ ਫੇਸ1 ਦੀ ਬਲਬੀਰ ਸਿੰਘ ਕਾਲੋਨੀ ਵਿਖੇ ਰੇਡ ਕੀਤੀ। ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਅਧਿਕਾਰੀਆਂ ਪਾਸੋਂ ਕੁੱਲ 2.38 ਕਰੋੜ ਰੁਪਏ ਜ਼ਬਤ ਕੀਤੇ।ਜਿਸ 'ਚ ਇੱਕ ਕਰੋੜ ਰੁਪਏ ਮਾਨਸਾ ਦੇ ਨਰਿੰਦਰ ਸਿੰਘ ਤੋਂ ਜ਼ਬਤ ਕੀਤੇ ਗਏ ਹਨ, ਜੋ ਏਐੱਸਆਈ ਰਾਜਪੀਤ ਦਾ ਅੰਕਲ ਹੈ ਤੇ ਹੈੱਡ ਕਾਂਸਟੇਬਲ ਅਮਰੀਕ ਸਿੰਘ ਤੋਂ 40 ਲੱਖ ਰੁਪਏ ਫੜੇ ਗਏ।
ਐਸ.ਐਸ.ਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਤੜਾਂ ਦੇ ਸੁਰਿੰਦਰ ਸ਼ਰਮਾ ਤੋਂ 40 ਲੱਖ ਰੁਪਏ ਫੜੇ ਗਏ ਹਨ। ਏਐੱਸਆਈ ਜੋਗਿੰਦਰ ਸਿੰਘ ਦੇ ਸਾਥੀ ਸ਼ੌਕਤ ਅਲੀ ਖ਼ਾਨ ਤੋਂ 20 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਇਸ ਕੇਸ 'ਚ ਤਿੰਨ ਗ੍ਰਿਫਤਾਰੀਆਂ ਕੀਤੀਆਂ ਹਨ। ਪੁਲਿਸ ਮੁਤਾਬਕ ਗ੍ਰਿਫ਼ਤਾਰ ਵਿਅਕਤੀਆਂ ਤੋਂ ਹਾਲੇ ਹੋਰ ਵੀ ਨਕਦੀ ਫੜੇ ਜਾਣ ਦੀ ਸੰਭਾਵਨਾ ਬਣੀ ਹੋਈ ਹੈ।
ਐਸ ਐਸ ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੋਹੰਮਦ ਸ਼ਕੀਲ ਦੀ ਗ੍ਰਿਫਤਾਰੀ ਕੀਤੀ ਹੈ ਅਤੇ ਕੁਜ ਰਿਕਵਰੀ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਜਾਂਚ ਚਲ ਰਹੀ ਹੈ ਅਤੇ ਹੋਰ ਖੁਲਾਸਾ ਵੀ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਪਟਿਆਲਾ ਪੁਲਿਸ ਅਤੇ ਵਿਸ਼ੇਸ਼ ਪੁਲਿਸ ਟੀਮਾਂ ਵੱਲੋਂ ਦੇਰ ਰਾਤ ਤੋਂ ਪਟਿਆਲਾ ਸਮਾਣਾ ਤੇ ਬਠਿੰਡਾ ਵਿੱਚ ਛਾਪੇਮਾਰੀ ਕੀਤੀ ਸੀ। ਪੁਲਿਸ ਵੱਲੋਂ ਏਐੱਸਆਈ ਰਾਜਪ੍ਰੀਤ ਦੇ ਚਾਚਾ ਸਹੁਰਾ ਅਮਰਜੀਤ ਸਿੰਘ ਜੋ ਕਿ ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਹੈੱਡ ਕਾਂਸਟੇਬਲ ਵਜੋਂ ਤਾਇਨਾਤ ਹੈ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਹੈ । ਜਦੋਂਕਿ ਏਐਸਆਈ ਜੋਗਿੰਦਰ ਸਿੰਘ ਦੇ ਗੁਆਂਢੀ ਸ਼ੱਕੀ ਅਹਿਮਦ ਨੂੰ ਵੀ ਉਸ ਦੇ ਘਰੋਂ ਕਾਬੂ ਕੀਤਾ ਗਿਆ ਹੈ । ਪੁਲਿਸ ਨੇ ਘਰਾਂ ਵਿਚ ਕੀਤੀ ਛਾਪੇਮਾਰੀ ਦੌਰਾਨ ਇਨ੍ਹਾਂ ਦੋਵਾਂ ਦੇ ਘਰੋਂ ਲੱਖਾਂ ਵਿੱਚ ਰਾਸ਼ੀ ਵੀ ਬਰਾਮਦ ਕੀਤੀ ਹੈ। ਇਸ ਤੋਂ ਬਾਅਦ ਫਿਲਹਾਲ ਪੁਲਿਸ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਵਿਖੇ ਵੀ ਇਸੇ ਮਾਮਲੇ ਨੂੰ ਲੈ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ।
ਪੁਲਿਸ ਸੂਤਰਾਂ ਅਨੁਸਾਰ ਵਿਸ਼ੇਸ਼ ਟੀਮਾਂ ਵੱਲੋਂ ਬੀਤੇ ਦਿਨ ਅਤੇ ਰਾਤ ਬਠਿੰਡਾ ਅਤੇ ਮਾਨਸਾ ਵਿਖੇ ਵੀ ਛਾਪੇਮਾਰੀ ਕੀਤੀ ਗਈ ਇਸ ਦੌਰਾਨ ਮਾਨਸਾ ਵਿਖੇ ਰਾਜਪ੍ਰੀਤ ਦੇ ਰਿਸ਼ਤੇਦਾਰ ਦੇ ਘਰ ਵਿੱਚ ਤੂੜੀ ਵਾਲੇ ਕਮਰੇ ਚੋਂ ਵੀ ਕੁਝ ਰਾਸ਼ੀ ਬਰਾਮਦ ਹੋਈ ਹੈ ।