ਫਾਈਲ ਫੋਟੋ
ਸਿੱਖ ਬੰਦੀ ਭਾਈ ਬਲਵੰਤ ਰਾਜੋਆਣਾ ਨੇ ਲੋਕ ਸਭਾ ਚੋਣਾਂ' ਚ ਅਕਾਲੀ -ਭਾਜਪਾ ਨੂੰ ਜਿਤਾਉਣ ਦਾ ਸੱਦਾ
ਪਟਿਆਲਾ , 5 ਮਈ , 2019 : ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ' ਚ ਫਾਂਸੀ ਦੀ ਸਜ਼ਾ ਜ਼ਾਬਤਾ ਸਿੱਖ ਖਾੜਕੂ ਆਗੂ ਸਿੱਖ ਬੰਦੀ ਬਲਵੰਤ ਰਾਜੋਆਣਾ ਨੇ ਲੋਕ ਸਭਾ ਚੋਣਾਂ ਵਿਚ ਅਕਾਲੀ-ਬੀ ਜੇ ਪੀ ਗੱਠਜੋੜ ਨੂੰ ਜਿਤਾਉਣ ਦਾ ਸੱਦਾ ਦਿੱਤਾ ਹੈ . ਉਨ੍ਹਾਂ ਸਮੁੱਚੇ ਖ਼ਾਲਸਾ ਪੰਥ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੀ ਤਰੱਕੀ ਲਈ, ਭਾਈਚਾਰਕ ਸਾਂਝ ਲਈ ਅਤੇ ਅਮਨ- ਸ਼ਾਂਤੀ ਲਈ ਆਪਣੀ ਇੱਕ-ਇੱਕ ਕੀਮਤੀ ਵੋਟ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਪਾਉਣ .
ਪਟਿਆਲਾ ਜੇਲ੍ਹ ਵਿਚੋਂ ਆਪਣੀ ਭੈਣ ਕਮਲਦੀਪ ਕੌਰ ਰਾਜੋਆਣਾ ਰਾਹੀਂ ਭੇਜੇ ਇੱਕ ਲੰਮੇ ਲਿਖਤੀ ਸੰਦੇਸ਼ ਵਿਚ ਭਾਈ ਰਾਜੋਆਨਾ ਨੇ ਕਿਹਾ ਹੈ,
"ਖ਼ਾਲਸਾ ਜੀ, ਮੇਰੀ ਸਮੁੱਚੇ ਖ਼ਾਲਸਾ ਪੰਥ ਨੂੰ ਅਤੇ ਇਸ ਧਰਤੀ ਤੇ ਵੱਸਦੇ ਸਭ ਧਰਮਾਂ ਵਰਗਾਂ ਦੇ ਲੋਕਾਂ ਨੂੰ ਇਹ ਅਪੀਲ ਹੈ ਕਿ ਪੰਜਾਬ ਦੀ ਤਰੱਕੀ ਲਈ, ਭਾਈਚਾਰਕ ਸਾਂਝ ਲਈ ਅਤੇ ਅਮਨ- ਸ਼ਾਂਤੀ ਲਈ ਆਪਣੀ ਇੱਕ-ਇੱਕ ਕੀਮਤੀ ਵੋਟ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਪਾ ਕੇ ਉਨ੍ਹਾਂ ਨੂੰ ਕਾਮਯਾਬ ਬਣਾਇਆ ਜਾਵੇ ।ਬੰਦ ਕਮਰੇ ਵਿੱਚ ਵੋਟ ਪਾਉਣ ਦੇ ਮਿਲੇ ਅਧਿਕਾਰ ਨੂੰ ਇੱਕ ਹਥਿਆਰ ਬਣਾ ਕੇ ਪੰਜਾਬ ਦੀ ਪਵਿੱਤਰ ਧਰਤੀ ਨੂੰ ਨਿਰਦੋਸ਼ ਲੋਕਾਂ ਦੇ ਖ਼ੂਨ ਨਾਲ ਰੰਗਣ ਵਾਲੀ ਅਤੇ ਝੂਠੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਵਾਲੀ ਕਾਂਗਰਸ ਪਾਰਟੀ ਨੂੰ ਸਬਕ ਸਿਖਾਇਆ ਜਾਵੇ ।ਆਪਣੀ ਇੱਕ-ਇੱਕ ਕੀਮਤੀ ਵੋਟ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਪਾਈ ਜਾਵੇ ।ਇਸ ਦੇ ਵਿੱਚ ਹੀ ਪੰਜਾਬ ਅਤੇ ਪੰਜਾਬੀਆਂ ਦਾ ਭਲਾ ਹੈ ।
ਰਾਜੋਆਣਾ ਦੇ ਸੰਦੇਸ਼ ਦਾ ਮੂਲ ਇਸ ਤਰ੍ਹਾਂ ਹੈ :
ਸਤਿਕਾਰਯੋਗ ਖ਼ਾਲਸਾ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ ॥
ਵਾਹਿਗੁਰੂ ਜੀ ਕੀ ਫ਼ਤਿਹ ॥
ਸਭ ਤੋਂ ਪਹਿਲਾਂ ਮੈਂ ਸਮੁੱਚੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਇਸ ਧਰਤੀ ਤੇ ਵੱਸਦੇ ਸਭ ਧਰਮਾਂ ਵਰਗਾਂ ਦੇ ਲੋਕਾਂ ਦੀ ਚੜ੍ਹਦੀ ਕਲਾ ਅਤੇ ਤੰਦਰੁਸਤੀ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ।ਖ਼ਾਲਸਾ ਜੀ, ਅੱਜ ਮੈਂ ਦੇਸ਼ ਵਿੱਚ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਆਪ ਜੀ ਨਾਲ ਆਪਣੇ ਵਿਚਾਰ ਸਾਂਝੇ ਕਰਨੇ ਚਾਹੁੰਦਾ ਹਾਂ ।ਇਨ੍ਹਾਂ ਲੋਕ ਸਭਾ ਚੋਣਾਂ ਤੋਂ ਬਾਅਦ ਦਿੱਲੀ ਵਿੱਚ ਬਣਨ ਵਾਲੀ ਸਰਕਾਰ ਦੇ ਲਈ ਸਮੁੱਚੇ ਦੇਸ਼ ਦੇ ਲੋਕ ਆਪਣੇ-2 ਨੁਮਾਇੰਦਿਆਂ ਨੂੰ ਚੁਣ ਕੇ ਭੇਜਣ ਦੇ ਲਈ ਵੱਡੀ ਪੱਧਰ ਤੇ ਮਤਦਾਨ ਕਰ ਰਹੇ ਹਨ ।ਅਜਿਹੇ ਵਿੱਚ ਪੰਜਾਬ ਦੇ ਹਿੱਸੇ ਆਈਆਂ 13 ਲੋਕ ਸਭਾ ਸੀਟਾਂ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ ।ਪੰਜਾਬ ਵਿੱਚ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਗੱਠਜੋੜ ਅਤੇ ਕਾਂਗਰਸ ਪਾਰਟੀ ਦੇ ਵਿਚਕਾਰ ਹੀ ਹੈ।
ਖ਼ਾਲਸਾ ਜੀ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਹਿੰਦੂ, ਸਿੱਖ ਏਕਤਾ ਦਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ।ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ ਦੇ ਲਈ ਅਤੇ ਪੰਜਾਬ ਦੇ ਹਿੱਤਾਂ ਲਈ ਹਮੇਸ਼ਾ ਹੀ ਵੱਡੇ ਸੰਘਰਸ਼ ਅਤੇ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ ।ਭਾਜਪਾ ਦੀ ਦਿੱਲੀ ਸਰਕਾਰ ਨੇ 34 ਸਾਲਾਂ ਤੋਂ ਦਨ-ਦਨਾਉਂਦੇ ਫਿਰਦੇ ਨਵੰਬਰ 1984 ਦੇ ਕਾਤਲਾਂ ਵਿੱਚੋਂ ਕੁਝ ਕਾਤਲਾਂ ਨੂੰ ਸੱਜਣ ਕੁਮਾਰ ਵਰਗੇ ਵੱਡੇ ਮਗਰ-ਮੱਛਾਂ ਨੂੰ ਗਿੱਚੀ ਤੋਂ ਫੜ੍ਹ ਕੇ ਜੇਲ੍ਹ ਭੇਜ ਕੇ ਜਿੱਥੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੇਣ ਦੀ ਮਗਰਮੱਛ ਕੀਤੀ ਹੈ ।ਉੱਥੇ ਇਸ ਕਤਲੇਆਮ ਨਾਲ ਜ਼ਖ਼ਮੀ ਹੋਈਆਂ ਸਿੱਖ ਭਾਵਨਾਵਾਂ ਤੇ ਮਲ੍ਹਮ ਲਗਾਉਣ ਦਾ ਕੀਤਾ ਹੈ ।ਇਸ ਤੋਂ ਇਲਾਵਾ ਪਾਕਿਸਤਾਨ ਨਾਲ ਤਲਖ਼ੀ ਭਰੇ ਸਬੰਧਾਂ ਦੇ ਬਾਵਜੂਦ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਦੀ ਕੋਸ਼ਿਸ਼ ਕਰਕੇ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ ਹੈ ।ਇਨ੍ਹਾਂ ਦੋਨਾਂ ਕੰਮਾਂ ਵਿੱਚ ਭਾਜਪਾ ਵੱਲੋਂ ਸਿੱਖ ਜਗਤ ਲਈ ਅਪਣਾਈ ਗਈ ਪਹੁੰਚ ਸਵਾਗਤ ਯੋਗ ਹੈ ।
ਖ਼ਾਲਸਾ ਜੀ, ਦੂਜੇ ਪਾਸੇ ਉਹ ਕਾਂਗਰਸ ਪਾਰਟੀ ਹੈ ਜਿਹੜੀ ਹਮੇਸ਼ਾ ਹੀ ਹਿੰਦੂਆਂ ਅਤੇ ਸਿੱਖਾਂ ਵਿੱਚ ਨਫ਼ਰਤ ਫੈਲਾ ਆਪਣੇ ਰਾਜਨੀਤਕ ਹਿੱਤਾਂ ਦੀ ਪੂਰਤੀ ਕਰਦੀ ਰਹੀ ਹੈ ।80ਦੇ ਦਹਾਕੇ ਵਿੱਚ ਇਸ ਕਾਂਗਰਸ ਪਾਰਟੀ ਨੇ ਇੰਦਰਾ ਗਾਂਧੀ ਦੀ ਅਗਵਾਈ ਦੇ ਵਿੱਚ ਸਿਰਫ਼ ਤੋਂ ਸਿਰਫ਼ ਦਿੱਲੀ ਦੀ ਸੱਤਾ ਤੇ ਕਾਬਜ਼ ਹੋਣ ਲਈ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸਦੀਆਂ ਤੋਂ ਭਰਾਵਾਂ ਵਾਂਗ ਵੱਸਦੇ ਹਿੰਦੂਆਂ ਅਤੇ ਸਿੱਖਾਂ ਵਿੱਚ ਪਹਿਲਾਂ ਨਫ਼ਰਤ ਫੈਲਾਈ ।ਇਸ ਨਫ਼ਰਤ ਦਾ ਰਾਜਸੀ ਲਾਹਾ ਲੈਣ ਦੇ ਲਈ ਪਹਿਲਾਂ ਸਿੱਖ ਧਰਮ ਤੇ ਟੈਂਕਾ ਅਤੇ ਤੋਪਾਂ ਨਾਲ ਹਮਲਾ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਢਹਿ ਢੇਰੀ ਕੀਤਾ ਹਜ਼ਾਰਾਂ ਨਿਰਦੋਸ਼ ਸ਼ਰਧਾਲੂਆਂ ਦਾ ਕਤਲੇਆਮ ਕਰਕੇ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਲਹੂ-ਲੁਹਾਨ ਕੀਤਾ ।ਫਿਰ ਦਿੱਲੀ ਦੀਆਂ ਗਲੀਆਂ ਵਿੱਚ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ, ਸਿੱਖਾਂ ਦੀਆਂ ਧੀਆਂ-ਭੈਣਾਂ ਦੀ ਬੇਪਤੀ ਕਰਕੇ ਉਨ੍ਹਾਂ ਨੂੰ ਕੋਹ ਕੋਹ ਕੇ ਮਾਰਿਆ, ਅਜਿਹਾ ਜ਼ੁਲਮ ਕਰਨ ਵਾਲੇ ਸੱਜਣ ਕੁਮਾਰ ਵਰਗੇ ਜ਼ਾਲਮਾਂ ਨੂੰ ਦਰਿੰਦਿਆਂ ਨੂੰ ਉੱਚ ਅਹੁਦਿਆਂ ਨਾਲ ਨਿਵਾਜਿਆ ਅਤੇ ਆਪਣੇ ਸਿਰ ਦਾ ਤਾਜ ਬਣਾਇਆ ।ਪੰਜਾਬ ਦੀ ਪਵਿੱਤਰ ਧਰਤੀ ਨੂੰ ਹਜ਼ਾਰਾਂ ਨਿਰਦੋਸ਼ ਲੋਕਾਂ ਦੇ ਖ਼ੂਨ ਨਾਲ ਰੰਗਿਆ ।ਦੇਸ਼ ਭਗਤ ਕੌਮ ਨੂੰ ਦੇਸ਼-ਧ੍ਰੋਹੀ ਬਣਾਉਣ ਦੇ, ਸਾਬਿਤ ਕਰਨ ਦੇ ਨਾਪਾਕ ਯਤਨ ਕੀਤੇ । ਅਜਿਹੀ ਜ਼ਾਲਮ ਅਤੇ ਕਾਤਲ ਕਾਂਗਰਸ ਪਾਰਟੀ ਨੂੰ ਕਦੇ ਵੀ ਕੋਈ ਗ਼ੈਰਤਮੰਦ ਸਿੱਖ ਵੋਟ ਨਹੀਂ ਪਾ ਸਕਦਾ ।ਇਸ ਕਾਂਗਰਸ ਪਾਰਟੀ ਨੂੰ ਵੋਟ ਪਾਉਣਾ ਅਤੇ ਇਸ ਕਾਂਗਰਸ ਪਾਰਟੀ ਦਾ ਪੰਜਾਬ ਦੀ ਧਰਤੀ ਤੋਂ ਜਿੱਤਣਾ ਸੱਚਮੁੱਚ ਹੀ ਇਸ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਦਾ ਅਤੇ ਇਸ ਧਰਤੀ ਤੇ ਵੱਸਦੇ ਗ਼ੈਰਤਮੰਦ ਪੰਜਾਬੀਆਂ ਦਾ ਅਪਮਾਨ ਹੈ ।
ਖ਼ਾਲਸਾ ਜੀ, ਸਾਨੂੰ ਅਖੌਤੀ ਪੰਥਕ, ਸੰਘਰਸ਼ੀ ਅਤੇ ਖ਼ਾਲਿਸਤਾਨ ਮੁਖੌਟੇ ਵਿੱਚ ਇਨ੍ਹਾਂ ਕਾਂਗਰਸੀ ਹੁਕਮਰਾਨਾਂ ਦੇ ਪਾਲੇ ਹੋਏ ਕਰਿੰਦਿਆਂ ਤੋਂ ਵੀ ਸੁਚੇਤ ਰਹਿਣਾ ਚਾਹੀਦਾ ਹੈ ।ਇਹ ਲੋਕ ਵੀ ਹਮੇਸ਼ਾ ਹਿੰਦੂ ਸਿੱਖਾਂ ਵਿੱਚ ਨਫ਼ਰਤ ਫੈਲਾਉਣ ਅਤੇ ਸਿੱਖਾਂ ਦਾ ਦੂਸਰੇ ਧਰਮਾਂ ਵਰਗਾਂ ਦੇ ਲੋਕਾਂ ਨਾਲ ਟਕਰਾ ਕਰਵਾਉਣ ਲਈ ਯਤਨਸ਼ੀਲ ਰਹਿੰਦੇ ਹਨ ।ਅਜਿਹਾ ਕਰਕੇ ਇਹ ਲੋਕ ਇਸ ਕਾਤਲ ਕਾਂਗਰਸ ਪਾਰਟੀ ਲਈ ਮਾਹੌਲ ਤਿਆਰ ਕਰਦੇ ਹਨ ਅਤੇ ਕਾਂਗਰਸ ਪਾਰਟੀ ਦੀ ਜਿੱਤ ਲਈ ਰਾਹ ਪੱਧਰਾ ਕਰਦੇ ਹਨ ।ਇਨ੍ਹਾਂ ਲੋਕਾਂ ਦਾ ਸਾਰਾ ਸੰਘਰਸ਼ ਅਤੇ ਕੂੜ ਪ੍ਰਚਾਰ ਅਕਾਲੀ ਦਲ ਅਤੇ ਭਾਜਪਾ ਦੇ ਖ਼ਿਲਾਫ਼ ਹੀ ਹੁੰਦਾ ਹੈ ।ਪੰਜਾਬ ਅਤੇ ਦੇਸ਼ ਵਿੱਚ ਸਿੱਖ ਧਰਮ ਤੇ ਹਮਲਾ ਕਰਨ ਵਾਲੀ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਨਾਲ ਇਨ੍ਹਾਂ ਦਾ ਖ਼ਾਲਿਸਤਾਨ ਬਣ ਜਾਂਦਾ ਹੈ ।ਕਾਂਗਰਸ ਪਾਰਟੀ ਦੇ ਕੂੜ ਪ੍ਰਚਾਰ ਦਾ ਵਿਧਾਨ ਸਭਾ ਦਾ ਸੈਸ਼ਨ ਇਨ੍ਹਾਂ ਨੂੰ ਖ਼ਾਲਸਾ ਦਰਬਾਰ ਲੱਗਦਾ ਹੈ ।ਸਿੱਖੀ ਅਤੇ ਸੰਘਰਸ਼ੀ ਮੁਖੌਟੇ ਵਿੱਚ ਵਿਚਰਦੇ ਵੱਡੀਆਂ- ਵੱਡੀਆਂ ਪੱਗਾਂ ਬੰਨੀ ਫਿਰਦੇ ਇਨ੍ਹਾਂ ਅਕ੍ਰਿਤਘਣ ਲੋਕਾਂ ਤੋਂ ਅਤੇ ਇਨ੍ਹਾਂ ਦੇ ਕੂੜ ਪ੍ਰਚਾਰ ਤੋਂ ਸੁਚੇਤ ਹੋ ਕੇ ਸਾਨੂੰ ਸਾਰਿਆਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ।
ਖ਼ਾਲਸਾ ਜੀ, ਮੇਰੀ ਸਮੁੱਚੇ ਖ਼ਾਲਸਾ ਪੰਥ ਨੂੰ ਅਤੇ ਇਸ ਧਰਤੀ ਤੇ ਵੱਸਦੇ ਸਭ ਧਰਮਾਂ ਵਰਗਾਂ ਦੇ ਲੋਕਾਂ ਨੂੰ ਇਹ ਅਪੀਲ ਹੈ ਕਿ ਪੰਜਾਬ ਦੀ ਤਰੱਕੀ ਲਈ, ਭਾਈਚਾਰਕ ਸਾਂਝ ਲਈ ਅਤੇ ਅਮਨ- ਸ਼ਾਂਤੀ ਲਈ ਆਪਣੀ ਇੱਕ-ਇੱਕ ਕੀਮਤੀ ਵੋਟ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਪਾ ਕੇ ਉਨ੍ਹਾਂ ਨੂੰ ਕਾਮਯਾਬ ਬਣਾਇਆ ਜਾਵੇ ।ਬੰਦ ਕਮਰੇ ਵਿੱਚ ਵੋਟ ਪਾਉਣ ਦੇ ਮਿਲੇ ਅਧਿਕਾਰ ਨੂੰ ਇੱਕ ਹਥਿਆਰ ਬਣਾ ਕੇ ਪੰਜਾਬ ਦੀ ਪਵਿੱਤਰ ਧਰਤੀ ਨੂੰ ਨਿਰਦੋਸ਼ ਲੋਕਾਂ ਦੇ ਖ਼ੂਨ ਨਾਲ ਰੰਗਣ ਵਾਲੀ ਅਤੇ ਝੂਠੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਵਾਲੀ ਕਾਂਗਰਸ ਪਾਰਟੀ ਨੂੰ ਸਬਕ ਸਿਖਾਇਆ ਜਾਵੇ ।ਆਪਣੀ ਇੱਕ-ਇੱਕ ਕੀਮਤੀ ਵੋਟ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਪਾਈ ਜਾਵੇ ।ਇਸ ਦੇ ਵਿੱਚ ਹੀ ਪੰਜਾਬ ਅਤੇ ਪੰਜਾਬੀਆਂ ਦਾ ਭਲਾ ਹੈ ।
ਬਲਵੰਤ ਸਿੰਘ ਰਾਜੋਆਣਾ
ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ
ਮਿਤੀ 4-5-2019