ਪਟਿਆਲਾ, 13 ਮਈ 2019 - ਮੈਂਬਰ ਪਾਰਲੀਮੈਂਟ ਅਤੇ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਡਾ ਧਰਮਵੀਰ ਗਾਂਧੀ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਜਿਲਾ ਪੱਧਰੀ ਮੀਟਿੰਗ ਵਿੱਚ ਆਈ.ਡੀ.ਪੀ. ਦੇ ਮੈਂਬਰਾਂ ਵੱਲੋਂ ਸਰਬ ਸੰਮਤੀ ਨਾਲ ਲੋਕ ਸਭਾ ਚੋਣਾਂ ਵਿੱਚ ਪਟਿਆਲੇ ਦੀ ਸੀਟ ਬਾਬਤ ਡਾ. ਧਰਮਵੀਰ ਗਾਂਧੀ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ। ਆਈ.ਡੀ.ਪੀ. ਦੇ ਜਿਲਾ ਪ੍ਰਧਾਨ ਖਿਆਲੀ ਰਾਮ ਪਾਤੜਾਂ ਨੇ ਕਿਹਾ ਕਿ ਜਿਸ ਪ੍ਰਕਾਰ ਨਾਲ ਪਹਿਲਾਂ ਕਾਂਗਰਸ ਤੋਂ ਅੱਕ ਕੇ ਮੋਦੀ ਨੂੰ ਵੋਟਾਂ ਪਾ ਕੇ ਲੋਕਾਂ ਨੇ ਵਿਸ਼ਵਾਸ਼ ਪਾਤਰ ਬਣਾਇਆ, ਹੁਣ ਮੋਦੀ ਤੋਂ ਦੁੱਖੀ ਲੋਕਾਂ ਨੂੰ ਕਾਂਗਰਸ ਨੇਤਾ ਆਪਣੇ ਆਪ ਨੂੰ ਲੋਕ ਹਿੱਤੂ ਦੱਸ ਰਹੇ ਹਨ। ਪਰ ਅਸਲ ਸਰਕਾਰ ਉੱਪਰ ਓਮਰਾਓ ਵਰਗ ਦਾ ਕਬਜ਼ਾ ਹੈ। ਜਿਸ ਵਿੱਚ ਬਹੁਗਿਣਤੀ ਆਬਾਦੀ ਲਈ ਸੰਵੇਦਨਾਂ ਦੀ ਭਾਰੀ ਕਮੀ ਜਾਪਦੀ ਹੈ। ਪਿਛਲੇ 15 ਸਾਲਾਂ ਵਿੱਚ ਕੁੱਝ ਵੱਡੇ ਘਰਾਣਿਆਂ ਦਾ 55 ਲੱਖ ਕਰੋੜ ਰੁਪਇਆ ਮੁਆਫ ਕੀਤਾ ਗਿਆ ਹੈ। ਜੋ ਕਿ ਲੋਕਾਂ ਦੀ ਜੇਬ ਵਿੱਚੋਂ ਹੀ ਗਿਆ ਹੈ।
ਉਹ ਉਮਰਾਓ ਵਰਗ ਦੇ ਲੋਕ ਵੱਖ-ਵੱਖ ਪਾਰਟੀਆਂ ਵਿੱਚ ਬੈਠੇ ਦੋਸਤਾਨਾ ਮੈਚ ਖੇਡਦੇ ਹਨ ਅਤੇ ਆਪਣੀਆਂ ਦੋਸਤੀਆਂ ਛੁਪਾਉਣ ਲਈ ਕੇਵਲ ਜੁਬਾਨੀ ਚਿੱਕੜ ਉਛਾਲਦੇ ਹਨ। ਪਰ ਸਰਕਾਰ ਵਿੱਚ ਆਉਂਦਿਆਂ ਹੀ ਪੁਰਾਣੇ ਪਾਪਾ ਤੋਂ ਅੱਖਾਂ ਫੇਰ ਲਈਆਂ ਜਾਂਦੀਆਂ ਹਨ ਅਤੇ ਬਹੁਤਿਆ 'ਚ ਕਲੀਨ ਚਿਟਾ ਵੰਡੀਆ ਜਾਂਦੀਆਂ ਕਾਨੂੰਨ ਤੋੜਨਾ, ਝੂਠ ਬੋਲਣਾ ਅਤੇ ਆਪਸੀ ਲੜਾਈ ਕਰਵਾਕੇ ਲੋਕਾਂ ਨੂੰ ਅਸਲ ਮੁੱਦਿਆਂ ਤੋਂ ਲਾਂਭੇ ਰੱਖਣ ਦਾ ਪੂਰਾ ਪ੍ਰਬੰਧ ਹੈ ਅਤੇ ਦੇਖਦੇ-ਦੇਖਦੇ ਦੇਸ਼ ਦੀ ਇੱਕ ਫੀਸਦ ਅਬਾਦੀ ਕੋਲ ਅੱਧੀ ਤੋਂ ਵੱਧ ਦੌਲਤ ਚਲੀ ਜਾਂਦੀ ਹੈ ਉੱਥੇ ਆਮ ਆਦਮੀ ਪਾਣੀ, ਹਵਾ, ਵਰਗੀਆਂ ਬੁਨਿਆਦੀ ਜਰੂਰਤਾਂ ਤੋਂ ਵੀ ਵਾਂਝਾ ਹੋ ਰਿਹਾ ਹੈ ਅਤੇ ਬਿਮਾਰੀਆਂ ਵਿੱਚ ਘਿਰ ਰਿਹਾ ਹੈ। ਉਨਾਂ ਕਿਹਾ ਕਿ ਕਿਸਾਨੀ ਜਾਂ ਛੋਟੇ ਵਪਾਰੀ ਦੇ ਮਾਮਲੇ ਅਤੇ ਵਾਤਾਵਰਣ ਦੇ ਮਸਲੇ ਇਸ ਖਾਸ ਜਮਾਤ ਨੂੰ ਖਾਸ ਨਹੀਂ ਲਗਦੇ ਕਿਉਂਕਿ ਇਨਾਂ ਨੇ ਆਪਣੀ ਸੁਰਖਿਆ ਸਹੂਲਤਾਂ ਦਾ ਦੇਸ਼ ਵਿਦੇਸ਼ ਵਿੱਚ ਪ੍ਰਬੰਧ ਕਰ ਰੱਖੇ ਹਨ।ਇਸ ਲਈ ਇਸ ਵਰਗ ਦਾ ਕਬਜਾ ਹਟਾਉਣ ਲਈ ਇੱਕ ਨਹੀਂ ਕਈ ਵਾਰ ਇਨਾਂ ਵੱਡੇ ਘਰਾਣਿਆਂ ਨੂੰ ਸਿਆਸਤ ਤੋਂ ਬਾਹਰ ਰੱਖਣਾ ਪਵੇਗਾ। ਜੋ ਆਮ ਲੋਕਾਂ ਦੀ ਗੱਲ ਸੰਸਦ ਵਿੱਚ ਚੁੱਕਣ ਦੀ ਜਰੂਰਤ ਨਹੀਂ ਸਮਝਦੇ।
ਆਈ.ਡੀ. ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਥੂਹੀ ਅਤੇ ਨੈਸ਼ਨਲ ਕਮੇਟੀ ਮੈਂਬਰ ਦਰਸ਼ਨ ਸਿੰਘ ਧਨੇਠਾ ਨੇ ਕਿਹਾ ਕਿ ਕਈ ਇਲਾਕਿਆਂ ਅੰਦਰ ਦੇਖਣ ਵਿੱਚ ਆਇਆ ਹੈ ਕਿ ਲੋਕ ਅੱਕ ਕੇ ਚੋਣਾਂ ਦਾ ਬਾਈਕਾਟ ਕਰ ਰਹੇ ਹਨ ਇਸ ਪ੍ਰਕਿਰਿਆ ਤੋਂ ਸਾਵਧਾਨ ਕਰਦਿਆਂ ਉਨਾਂ ਕਿਹਾ ਕਿ ਲੋਕਾਂ ਨੂੰ ਇਹ ਫੈਸਲਾ ਨਹੀਂ ਕਰਨਾ ਚਾਹੀਦਾ। ਉਹ ਖਾਸ ਜਮਾਤ ਇਹ ਚਾਹੁੰਦੀ ਹੈ ਕਿ ਉਨਾਂ ਦਾ ਕਾਡਰ ਹੀ ਵੋਟ ਕਰੇ ਅਤੇ ਘੱਟ ਗਿਣਤੀ ਵੋਟਾਂ ਨੂੰ ਅਸਾਨੀ ਨਾਲ ਆਪਣੇ ਹੱਕ ਵਿੱਚ ਰੱਖਕੇ ਸਿਆਸਤ ਤੇ ਕਬਜਾ ਬਣਿਆ ਰਹੇ। ਇਸ ਲਈ ਉਨਢਾਂ ਨੂੰ ਵੋਟ ਜਰੂਰ ਪਾਉਣੀ ਚਾਹੀਦੀ ਹੈ ਅਤੇ ਮੌਜੂਦਾ ਸਰਕਾਰਾਂ ਨੂੰ ਨਸੀਹਤ ਦੇਣੀ ਚਾਹੀਦੀ ਹੈ ਝੂਠੇ ਵਾਅਦੇ ਅਤੇ ਫਿਰਕਾਪ੍ਰਸਤੀ ਵਾਲੇ ਲੀਡਰਾਂ ਨੂੰ ਲੋਕ ਹੁਣ ਮੂੰਹ ਨਹੀਂ ਲਾਉਣਗੇ। ਉਨਾਂ ਕਿਹਾ ਕਿ ਤਾਕਤਾਂ ਦੇ ਵਿਕੇਂਦਰੀ ਕਰਨ, ਹੇਠਲੇ ਪੱਧਰ ਤੱਕ ਲੋਕਾਂ ਨੂੰ ਫੈਸਲੇ ਲੈਣ ਵਿੱਚ ਭਾਗੀਦਾਰ ਬਣਾਉਣ ਤੇ ਅਮਨ ਦੀ ਰਾਜਨੀਤੀ ਅਤੇ ਚੋਣ ਸੁਧਾਰਾਂ ਦੀ ਅਹਿਮ ਜਰੂਰਤ ਹੈ। ਇਸ ਮੌਕੇ ਕ੍ਰਿਸ਼ਨ ਸਿੰਘ ਲੁਬਾਣਾ, ਗੁਰਤੇਜ ਸਿੰਘ ਸਮਾਣਾ, ਭਗਵੰਤ ਸਿੰਘ ਨਲਾਸ, ਕਰਮ ਸਿੰਘ ਵਜੀਦਪੁਰ, ਜੋਗਿੰਦਰ ਮੋਜੀ, ਮੋਹਨ ਕੁਮਾਰ, ਨਿਸ਼ਾਨ ਸਿੰਘ ਪਾਤੜਾਂ ਆਦਿ ਹਾਜਰ ਸਨ।