ਮੋਹਾਲੀ, 14 ਮਈ 2019 - ਲੰਘੀ 10 ਮਈ ਦੀ ਰਾਤ ਵਕਤ ਮਟੌਰ ਏਰੀਆ ਫੇਸ - 7 ਮੋਹਾਲੀ ਵਿਖੇ ਪੀ.ਸੀ.ਆਰ. ਪਾਰਟੀ ਨਾਲ ਇੱਕ ਵਕੀਲ ਵਿਚਕਾਰ ਸੜਕ 'ਤੇ ਗਲਤ ਸਾਈਡ ਨੂੰ ਲੈ ਕੇ ਤਕਰਾਰ ਹੋ ਗਈ ਤੇ ਜਿਸ ਕਾਰਨ ਪੁਲਿਸ ਵੱਲੋਂ ਵਕੀਲ ਨਾਲ ਧੱਕਾ ਕੀਤਾ ਗਿਆ ਸੀ। ਪੁਲਿਸ ਵੱਲੋਂ ਅੱਜ ਆਪਣੀ ਗਲਤੀ ਮੰਨਦਿਆਂ ਵਕੀਲ ਨਾਲ ਸਹਿਮਤੀ ਕਰ ਲਈ ਗਈ ਹੈ।
ਦਰਅਸਲ 10 ਮਈ ਦੀ ਦੇਰ ਰਾਤ ਪੈਟ੍ਰੋਲਿੰਗ ਪੁਲਿਸ ਕਰਮੀ ਜਿੰਨ੍ਹਾਂ 'ਚ ਹੌਲਦਾਰ ਜੋਗਾ ਸਿੰਘ ਤੇ ਸਿਪਾਹੀ ਰਮਨਦੀਪ ਸਿੰਘ ਆਪਣੀ ਡਿਊਟੀ ਸਮੇਂ ਸਰਕਾਰੀ ਜੀਪ 'ਚ ਬਗੈਰ ਸੀਟ ਬੈਲਟ ਲਾਇਆਂ ਰੌਂਗ ਸਾਈਡ ਆ ਰਹੇ ਸਨ ਤੇ ਸਾਹਮਣਿਉਂ ਐਡਵੋਕੇਟ ਸੁਰਿੰਦਰ ਸਿੰਘ ਦੀ ਕਾਰ ਨਾਲ ਟੱਕਰ ਹੁੰਦੇ ਹੁੰਦੇ ਬਚ ਗਏ। ਜਿਸ 'ਤੇ ਐਡਵੋਕੇਟ ਨੇ ਪੁਲਿਸ ਵਾਲਿਆਂ ਨੂੰ ਕਾਨੂੰਨ ਤੋੜਨ ਦੀ ਗੱਲ ਆਖੀ ਤਾਂ ਪੁਲਿਸ ਪਾਰਟੀ ਨੇ ਵਕੀਲ ਨਾਲ ਬਹਿਸਬਾਜ਼ੀ ਕੀਤੀ ਤੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ।
ਇਹ ਕੇਸ ਜਦੋਂ ਥਾਣੇ ਪੁੱਜਿਆ ਤਾਂ ਪੁਲਿਸ ਮੁਲਾਜ਼ਮਾਂ ਨੇ ਮੋਹਤਵਾਰ ਵਕੀਲਾਂ ਦੀ ਹਾਜ਼ਰੀ 'ਚ ਆਪਣੀ ਗਲਤੀ ਦਾ ਅਹਿਸਾਸ ਕੀਤੀ ਅਤੇ ਮਾਫੀ ਮੰਗੀ। ਉਨ੍ਹਾਂ ਵੱਲੋਂ ਐਡਵੋਕੇਟ ਸੁਰਿੰਦਰ ਸਿੰਘ ਨੂੰ ਭਰੋਸਾ ਦੁਆਇਆ ਕਿ ਉਹ ਭਵਿੱਖ 'ਚ ਕਦੇ ਵੀ ਇੱਦਾਂ ਨਹੀਂ ਕਰਨਗੇ।