ਅੰਮ੍ਰਿਤਸਰ, 14 ਮਈ 2019 - ਅੰਮ੍ਰਿਤਸਰ ਬੱਸ ਅੱਡੇ 'ਚ ਅੱਜ ਦੋ ਧੜਿਆਂ ਵਿਚਕਾਰ ਝੜਪ ਹੋ ਗਈ ਜਿਸ ਤੋਂ ਬਾਅਦ ਦੋਹਾਂ ਵਿਚਕਾਰ ਗੋਲੀਆਂ ਚੱਲੀਆਂ। ਜਿਸ 'ਚ ਦੋ ਲੋਕ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਅੰਮ੍ਰਿਤਸਰ ਬੱਸ ਅੱਡਾ ਯੂਨੀਅਨ ਵੱਲੋਂ ਬੱਸਾਂ ਦੀ ਆਵਾਜਾਈ 'ਤੇ ਬ੍ਰੇਕ ਲਗਾ ਦਿੱਤੀ ਗਈ, ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸੂਚਨਾ ਮਿਲਦਿਆਂ ਹੀ ਏ. ਡੀ. ਸੀ. ਜਗਜੀਤ ਵਾਲੀਆ ਤੇ ਐੱਸ. ਪੀ. ਜਸਪ੍ਰੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਯਾਤਰੀਆਂ ਨੂੰ ਆ ਰਹੀ ਪ੍ਰੇਸ਼ਾਨੀ ਕਾਰਨ ਬੱਸਾਂ ਮੁੜ ਚਾਲੂ ਕਰਨ ਲਈ ਯੂਨੀਅਨ ਅੰਮ੍ਰਿਤਸਰ ਬੱਸ ਅੱਡੇ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਏਗੀ। ਕਰੀਬ ਡੇਢ ਘੰਟਾ ਅੱਡਾ ਬੰਦ ਰੱਖਣ ਤੋਂ ਬਾਅਦ ਦੁਬਾਰਾ ਚਾਲੂ ਹੋ ਗਿਆ ਹੈ। ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।