ਚੰਡੀਗੜ੍ਹ, 14 ਮਈ 2019 - ਦੁਨੀਆ ਦੇ ਸਭ ਤੋਂ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਸਵਿਕਾਰ ਕੀਤਾ ਹੈ ਕਿ ਉਸ ਦੀ ਇੰਸਟੈਂਟ ਮੈਸੇਜਿੰਗ ਐਪ ਵਟਸਐਪ 'ਚ ਇਕ ਸੁਰੱਖਿਆ ਖਾਮੀ ਦੇ ਚੱਲਦੇ ਲੋਕਾਂ ਦੇ ਮੋਬਾਇਲ ਫੋਨ 'ਚ ਜਸੂਸੀ ਸਾਫਟਵੇਅਰ ਇੰਸਟਾਲ ਹੋ ਗਿਆ ਹੈ। ਬ੍ਰਿਟੇਨ ਦੀ ਅਖਬਾਰ ਫਾਈਨੈਂਸ਼ੀਅਲ ਟਾਈਮਸ ਦੀ ਇਕ ਰਿਪੋਰਟ ਮੁਤਾਬਕ, ਇਹ ਸਾਫਟਵੇਅਰ ਇਕ ਇਜ਼ਰਾਇਲੀ ਕੰਪਨੀ ਨੇ ਵਿਕਸਿਤ ਕੀਤਾ ਹੈ। ਇਸ ਜਸੂਸੀ ਸਾਫਟਵੇਅਰ ਨੂੰ ਵਟਸਐਪ ਕਾਲ ਰਾਹੀਂ ਲੋਕਾਂ ਦੇ ਫੋਨ 'ਚ ਇੰਸਟਾਲ ਕੀਤਾ ਗਿਆ ਹੈ।
ਰਿਪੋਰਟ ਮੁਤਾਬਕ, ਜੇਕਰ ਕੋਈ ਯੂਜ਼ਰ ਕਾਲ ਦਾ ਜਵਾਬ ਨਹੀਂ ਵੀ ਦਿੰਦਾ ਤਾਂ ਵੀ ਉਸ ਦੇ ਫੋਨ 'ਚ ਇਹ ਸਾਫਵੇਅਰ ਇੰਸਟਾਲ ਕੀਤਾ ਜਾ ਸਕਦਾ ਹੈ। ਕੈਨੇਡਾ ਦੇ ਖੋਜਕਾਰਾਂ ਮੁਤਾਬਕ, ਇਸ ਜਸੂਸੀ ਸਾਫਟਵੇਅਰ ਨਾਲ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਅਤੇ ਵਕੀਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਰਿਪੋਰਟ ਮੁਤਾਬਕ, ਫੇਸਬੁੱਕ ਦੇ ਇੰਜੀਨੀਅਰ ਇਸ ਸੁਰੱਖਿਆ ਖਾਮੀ ਨੂੰ ਠੀਕ ਕਰਨ 'ਚ ਐਤਵਾਰ ਤਕ ਜੁਟੇ ਸਨ। ਫੇਸਬੁੱਕ ਨੇ ਯੂਜ਼ਰਜ਼ ਨੂੰ ਕਿਹਾ ਹੈ ਕਿ ਉਹ ਨਵੇਂ ਵਰਜਨ ਨੂੰ ਅਪਡੇਟ ਕਰ ਲੈਣ, ਅਜੇ ਇਹ ਪਤਾ ਨਹੀਂ ਹੈ ਕਿ ਕਿੰਨੇ ਲੋਕਾਂ ਨੂੰ ਇਸ ਸਾਈਬਰ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਇਸ ਹਮਲੇ 'ਚ ਬੇਹੱਦ ਚੁਣੇ ਹੋਏ ਲੋਕਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ। ਦੁਨੀਆ ਭਰ 'ਚ ਡੇਢ ਸੌ ਕਰੋੜ ਤੋਂ ਜ਼ਿਆਦਾ ਲੋਕ ਵਟਸਐਪ ਇਸਤੇਮਾਲ ਕਰਦੇ ਹਨ।
ਜੇਕਰ ਕਿਸੇ ਵੀ ਯੂਸਰ ਦੇ ਫੋਨ 'ਚ ਜਸੂਸੀ ਵਾਲਾ ਸਾਫਟਵੇਅਰ ਇੰਸਟਾਲ ਹੋ ਗਿਆ ਹੈ ਤਾਂ ਸਭ ਤੋਂ ਪਹਿਲਾਂ ਵਟਸਐਪ ਐਪ ਨੂੰ ਫਟਾਫਟ ਅਪਡੇਟ ਕਰੋ। ਇਸ ਤੋਂ ਬਾਅਦ ਆਪਣੇ ਫੋਨ ਦੇ ਡਾਊਨਲੋਡ ਫੋਲਡਰ 'ਚ ਜਾਓ ਅਤੇ ਦੇਖੋ ਕਿ ਅਜਿਹੀ ਕੋਈ ਫਾਈਲ ਡਾਊਨਲੋਡ ਹੋਈ ਹੈ ਜਿਸ ਨੂੰ ਤੁਸੀਂ ਡਾਊਨਲੋਡ ਹੀ ਨਹੀਂ ਕੀਤਾ। ਜੇਕਰ ਅਜਿਹੀ ਕੋਈ ਫਾਈਲ ਮਿਲਦੀ ਹੈ ਤਾਂ ਉਸ ਨੂੰ ਤੁਰੰਤ ਡਿਲੀਟ ਕਰੋ ਅਤੇ ਸੰਭਵ ਹੋਵੇ ਤਾਂ ਫੋਨ ਨੂੰ ਇਕ ਵਾਰ ਫੈਕਟਰੀ ਰੀਸੈੱਟ ਕਰ ਦਿਓ।